ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਸਕੂਲੀ ਬਸਾਂ     ਦੀ ਆਵਾਜਾਈ ਤੇ ਸਖਤੀ ਨਾਲ ਕਾਬੂ ਕਰੇ ਪ੍ਰਸ਼ਾਸ਼ਨ

ਪਿਛਲੇ ਕਈ ਸਾਲਾਂ ਤੋਂ ਸਾਡੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸਥਿਤ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਵਾਪਸ ਉਹਨਾਂ ਦੇ ਘਰ ਤਕ ਛੱਡਣ ਵਾਸਤੇ ਸਕੂਲ ਬਸਾਂ ਚਲਾਈਆਂ ਜਾਂਦੀਆਂ ਹਨ| ਸ਼ਹਿਰ ਦੀਆਂ ਅੰਦਰੂਨੀ ਸੜਕਾਂ ਉੱਪਰ ਚਲਣ ਵਾਲੀਆਂ ਵੱਖ ਵੱਖ ਸਕੂਲਾਂ ਦੀਆਂ ਛੋਟੀਆਂ ਬਸਾਂ ਸ਼ਹਿਰ ਦੀਆਂ ਗਲੀਆਂ ਵਿੱਚ ਲੋਕਾਂ ਦੇ ਘਰ ਦੇ ਦਰਵਾਜੇ ਤਕ ਜਾ ਕੇ ਸਕੂਲੀ ਬੱਚਿਆਂ ਨੂੰ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਂਦੀਆਂ ਹਨ ਪਰੰਤੂ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਂਪਿਆਂ ਨੂੰ ਮਿਲਣ ਵਾਲੀ ਇਹ ਸਹੂਲੀਅਤ ਹੋਰਨਾਂ ਲੋਕਾਂ ਵਾਸਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ| ਇਸਦਾ ਕਾਰਨ ਇਹ ਹੈ ਕਿ ਸਾਡੇ ਸ਼ਹਿਰ ਦੇ ਲਗਭਗ ਸਾਰੇ ਹੀ  ਫੇਜ਼ਾਂ ਦੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਪਹਿਲਾਂ ਹੀ ਕਾਫੀ ਤੰਗ ਹਨ ਅਤੇ ਰਹਿੰਦੀ ਕਸਰ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੇ ਵਾਹਨਾਂ ਨਾਲ ਪੂਰੀ ਹੋ ਜਾਂਦੀ ਹੈ ਜਿਹਨਾਂ ਕਾਰਨ ਆਮ ਵਾਹਨ ਚਾਲਕਾਂ ਨੂੰ ਆਪਣੇ ਘਰ ਤੋਂ ਆਉਣ ਜਾਣ ਵੇਲੇ ਹੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ| ਉੱਪਰੋਂ ਜਦੋਂ ਇਹ ਸਕੂਲ ਬਸਾਂ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਦੀਆਂ ਇਹਨਾਂ ਗਲੀਆਂ ਵਿੱਚ ਦਾਖਿਲ ਹੁੰਦੀਆਂ ਹਨ ਤਾਂ ਆਮ ਲੋਕਾਂ ਦੀ ਮੁਸ਼ਕਿਲ ਹੋਰ ਵੀ ਵੱਧ ਜਾਦੀ ਹੈ|
ਸ਼ਹਿਰ ਵਿੱਚ ਚਲਣ ਵਾਲੀਆਂ ਵੱਖ ਵੱਖ ਸਕੂਲਾਂ ਦੀਆਂ ਇਹਨਾਂ ਬਸਾਂ ਦੇ ਚਾਲਕਾਂ ਤੋਂ ਸ਼ਹਿਰ ਵਾਸੀਆਂ ਨੂੰ ਉਂਝ ਵੀ ਢੇਰਾਂ ਸ਼ਿਕਾਇਤਾਂ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖਿਆ ਜਾ ਸਕਦਾ ਹੈ| ਪੂਰੀ ਗਲੀ ਨੂੰ            ਘੇਰ ਕੇ ਚਲਣ ਵਾਲੀ ਅਜਿਹੀ ਕਿਸੇ ਬਸ ਬਾਰੇ ਉਸਦੇ ਪਿੱਛੇ ਆਉਣ ਵਾਲੇ ਵਾਹਨ ਚਾਲਕ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜਾ ਨਹੀਂ ਹੁੰਦਾ ਕਿ ਉਹ ਅਚਾਨਕ ਕਿੱਥੇ ਰੁਕ ਕੇ ਬੱਚੇ ਚੜ੍ਹਾਉਣ ਜਾਂ ਲਾਹੁਣ ਲੱਗ ਜਾਵੇਗੀ ਅਤੇ ਪਿੱਛੋਂ ਆਊਣ ਵਾਲੇ ਵਾਹਨ ਵੀ ਮਜਬੂਰੀ ਵਿੱਚ ਉੰਨੀ ਦੇਰ ਤਕ ਰੁਕਣ ਵਾਸਤੇ ਮਜਬੂਰ ਹੋ ਜਾਂਦੇ ਹਨ ਜਦੋਂ ਤਕ ਇਹ ਬਸ ਨਹੀਂ ਤੁਰਦੀ| ਹਾਲਾਤ ਇਹ ਹਨ ਕਿ ਇਹਨਾਂ ਸਕੂਲ ਬਸਾਂ ਵਿੱਚੋਂ ਜਿਆਦਾਤਰ ਦੇ ਡ੍ਰਾਈਵਰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਥੋੜ੍ਹੀ ਜਿਹੀ ਵੀ ਅਣਗਹਿਲੀ ਬਸ ਵਿੱਚ ਬੈਠੇ ਸਕੂਲੀ ਬੱਚਿਆਂ ਲਈ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ| ਇਹਨਾਂ ਸਕੂਲੀ ਬਸਾਂ ਦੇ ਜਿਆਦਾਤਰ ਚਾਲਕ ਬਹੁਤ ਜਿਆਦਾ ਤੇਜ ਰਫਤਾਰ ਨਾਲ ਬੱਸਾਂ ਚਲਾਉਂਦੇ ਹਨ ਅਤੇ ਸ਼ਹਿਰ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਅਤੇ ਤੰਗ ਗਲੀਆਂ ਤਕ ਵਿੱਚ ਵੀ ਇਹਨਾਂ ਨੂੰ ਇੱਕ ਦੂਜੇ ਨਾਲ ਰੇਸ ਲਗਾਉਂਦਿਆਂ ਵੇਖਿਆ ਜਾ ਸਕਦਾ ਹੈ|
ਇਸ ਸੰਬੰਧੀ ਸਥਾਨਕ ਪ੍ਰਸ਼ਾਸ਼ਨ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਆਮ ਲੋਕਾਂ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ| ਪਰੰਤੂ ਪ੍ਰਸ਼ਾਸ਼ਨ ਵਲੋਂ ਨਾ ਤਾਂ ਇਹਨਾਂ ਸਕੂਲ ਬਸਾਂ ਦੇ ਅੰਦਰੂਨੀ ਸੜਕਾਂ ਤੇ ਦਾਖਲੇ ਤੇ ਰੋਕ ਲਗਾਉਣ ਲਈ ਕੋਈ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਇਹਨਾਂ ਸਕੂਲ ਬਸਾਂ ਦੇ ਡ੍ਰਾਈਵਰਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ| ਇਹਨਾਂ ਸਕੂਲਾਂ ਦੇ ਪ੍ਰਬੰਧਕ ਵੀ ਇਸ ਸੰਬੰਧੀ ਕੋਈ ਜਿੰਮੇਵਾਰੀ ਨਹੀਂ ਲੈਂਦੇ| ਜਿਆਦਾਤਰ ਸਕੂਲ ਪ੍ਰਬੰਧਕਾਂ ਵਲੋਂ ਸਕੂਲੀ ਬੱਚਿਆਂ ਨੂੰ ਲਿਆਉਣ ਲਿਜਾਣ ਵਾਲੀਆਂ ਬਸਾਂ ਦੀ ਆਵਾਜਾਈ ਲਈ ਕਿਸੇ ਨਾ ਕਿਸੇ ਵਿਅਕਤੀ ਨੂੰ ਠੇਕਾ ਦਿੱਤਾ ਹੁੰਦਾ ਹੈ ਅਤੇ ਉਹ ਇਹਨਾਂ ਬਸਾਂ ਦੇ ਡ੍ਰਾਈਵਰਾਂ ਉੱਪਰ ਕੋਈ ਸਿੱਧਾ ਕਾਬੂ ਨਾ ਹੋਣ ਦੀ ਗੱਲ ਕਹਿ ਕੇ ਹੱਥ ਝਾੜ ਲੈਂਦੇ ਹਨ|
ਪ੍ਰਸ਼ਾਸ਼ਨ ਵਲੋਂ ਕਦੇ ਕਦਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਅੰਦਰੂਨੀ ਸੜਕਾਂ ਤੇ ਦਾਖਿਲ ਹੋਣ ਵਾਲੀਆਂ ਇਹਨਾਂ ਸਕੂਲੀ ਬਸਾਂ ਵਿਰੁੱਧ ਕਾਰਵਾਈ ਦੀ ਚਿਤਾਵਨੀ ਜਰੂਰ ਦਿੱਤੀ ਜਾਂਦੀ ਹੈ ਪਰੰਤੂ ਇਹ ਕਾਰਵਾਈ ਅਸਰਦਾਰ ਤਰੀਕੇ ਨਾਲ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਚਲਦੀ ਰਹਿੰਦੀ ਹੈ| ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਵਿੱਚ ਇਹਨਾਂ ਸਕੂਲ ਬਸਾਂ ਦੇ ਦਾਖਲੇ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਹਨਾਂ ਸਕੂਲ ਬਸਾਂ ਦੇ ਚਾਲਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਆਪਹੁਦਰੀਆਂ ਲਈ ਸਕੂਲਾਂ ਦੇ ਪ੍ਰਬੁੰਧਕਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਅਜਿਹੇ ਤਮਾਮ ਸਕੂਲਾਂ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਪੱਤਰ ਜਾਰੀ ਕਰੇ ਜਿਹਨਾਂ ਵਲੋਂ ਬਸਾਂ ਚਲਾਉਣ ਵਾਲੇ ਠੇਕੇਦਾਰਾਂ ਦੇ ਸਿਰ ਜਿੰਮੇਵਾਰੀ ਪਾ ਕੇ ਆਪਣੇ ਹੱਥ ਝਾੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਇਸਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਸ ਚਾਲਕਾਂ ਵਿਰੁੱਧ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *