ਸ਼ਹਿਰ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਲਈ 5 ਕਰੋੜ ਖਰਚ ਕਰਨ ਦੀ ਤਜਵੀਜ ਵਿਚਾਰ ਅਧੀਨ : ਕੁਲਵੰਤ ਸਿੰਘ

ਸ਼ਹਿਰ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਲਈ 5 ਕਰੋੜ ਖਰਚ ਕਰਨ ਦੀ ਤਜਵੀਜ ਵਿਚਾਰ ਅਧੀਨ : ਕੁਲਵੰਤ ਸਿੰਘ
ਮੇਅਰ ਨੇ ਵਪਾਰ ਮੰਡਲ ਮੁਹਾਲੀ ਦੇ ਵਫਦ ਨੂੰ ਮਾਰਕੀਟਾਂ ਦਾ ਵਿਕਾਸ ਕਰਨ ਅਤੇ ਵਪਾਰੀਆਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ
ਐਸ ਏ ਐਸ ਨਗਰ, 24 ਅਗਸਤ (ਸ.ਬ.) ਵਪਾਰੀਆਂ ਦਾ ਸ਼ਹਿਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਅਤੇ ਉਹ ਵਪਾਰੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਹਨ ਅਤੇ ਇਸ ਸਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ| ਇਹ ਗੱਲ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਅੱਜ ਉਹਨਾਂ ਨੂੰ ਮਿਲਣ ਆਏ ਵਪਾਰ ਮੰਡਲ ਦੇ ਵਫਦ ਨਾਲ ਮੁਲਾਕਾਤ ਦੌਰਾਨ ਆਖੀ| ਉਨਾਂ ਕਿਹਾ ਕਿ ਜਲਦੀ ਹੀ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਦੇ ਸੁੰਦਰੀਕਰਨ ਲਈ ਪੰਜ ਕਰੋੜ ਦਾ ਮਤਾ ਲਿਆਂਦਾ ਜਾਵੇਗਾ|
ਉਹਨਾਂ ਕਿਹਾ ਕਿ ਜਲਦੀ ਹੀ ਫੇਜ਼ ਇਕ ਤੋਂ ਗਿਆਰਾਂ ਫੇਜ਼ ਤਕ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਪੁਰਾਣੀਆਂ ਲੱਗੀਆਂ ਹੋਈਆਂ ਟਾਈਲਾਂ ਨੂੰ ਬਦਲ ਕੇ ਨਵਾਂ ਲਾਲ ਪੱਥਰ ਲਗਾਇਆ ਜਾਵੇਗਾ| ਇਹਨਾਂ ਮਾਰਕੀਟਾਂ ਦੀਆਂ ਪੁਰਾਣੀਆਂ ਗਰਿਲਾਂ ਬਦਲ ਕੇ ਸਟੀਲ ਦੀਆਂ ਵਧੀਆ ਗਰਿੱਲਾਂ ਲਗਾਈਆਂ ਜਾਣਗੀਆਂ, ਇਹਨਾਂ ਮਾਰਕੀਟਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ, ਸਾਰੀਆਂ ਮਾਰਕੀਟਾਂ ਸਾਹਮਣੇ ਪੈਂਦੀਆਂ ਗਰੀਨ ਬੈਲਟਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ| ਮਾਰਕੀਟਾਂ ਦੇ ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ ਤਾਂ ਕਿ ਸ਼ੋਅਰੂਮਾਂ ਦੀਆਂ ਬੇਸਮਂੈਟਾਂ ਵਿੱਚ ਸੀਵਰੇਜ ਦੀ ਲੀਕੇਜ ਨਾ ਹੋ ਸਕੇ ਅਤੇ ਮਾਰਕੀਟਾਂ ਵਿੱਚ ਬਜੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਜਾਣਗੇ ਤਾਂ ਕਿ ਵਪਾਰੀਆਂ ਦੇ ਕਾਰੋਬਾਰ ਨੂੰ ਬੜਾਵਾ ਦਿੱਤਾ ਜਾ ਸਕੇ| ਉਹਨਾਂ ਕਿਹਾ ਕਿ ਬੂਥਾਂ ਵਿੱਚ ਵੀ ਨਵੇਂ ਪੇਵਰ ਲਗਾਏ ਜਾਣਗੇ ਅਤੇ ਇਹਨਾਂ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ|
ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਵਪਾਰ ਮੰਡਲ ਦਾ ਇੱਕ ਵਫਦ ਅੱਜ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਕੌਂਸਲਰ ਸ੍ਰ. ਫੂਲਰਾਜ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਮੇਅਰ ਸ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਦੱਸਿਆ ਕਿ ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸਬੰਧਿਤ ਅਧਿਕਾਰੀਆ ਨੂੰ ਵੀ ਮੀਟਿੰਗ ਵਿੱਚ ਬੁਲਾ ਲਿਆ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ| ਉਹਨਾਂ ਦੱਸਿਆ ਕਿ ਇਸ ਮੌਕੇ ਮੇਅਰ ਸ ਕੁਲਵੰਤ ਸਿੰਘ ਨੇ ਸੰਬਧਿਤ ਅਧਿਕਾਰੀਆਂ ਤੋਂ ਵਪਾਰੀਆਂ ਦੀਆਂ ਕਈ ਸਮੱਸਿਆਵਾਂ ਦਾ ਮੌਕੇ ਉਪਰ ਹੀ ਹੱਲ ਕਰਵਾਇਆ ਅਤੇ ਰਹਿੰਦੀਆਂ ਸਮੱਸਿਆਵਾਂ ਨੂੰ ਜਲਦੀ ਹੀ ਹਲ ਕਰਵਾਉਣ ਦਾ ਭਰੋਸਾ ਦਿਤਾ| ਇਸ ਮੌਕੇ ਸਬੰਧਿਤ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਵਪਾਰ ਮੰਡਲ ਨਾਲ ਮਿਲ ਕੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹਲ ਸਮੇਂ ਸਿਰ ਕੀਤਾ ਜਾਵੇਗਾ|
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਕੁਲਵੰਤ ਸਿੰਘ ਚੌਧਰੀ ਚੀਫ ਪੈਟਰਨ, ਸ੍ਰ. ਸ਼ੀਤਲ ਸਿੰਘ ਚੇਅਰਮੈਨ, ਸ੍ਰ. ਅਕਵਿੰਦਰ ਸਿੰਘ ਗੋਸਲ, ਪਰਮਜੀਤ ਸਿੰਘ ਜੌੜਾ, ਸ੍ਰ. ਫੌਜਾ ਸਿੰਘ ਅਤੇ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਵੀ ਮੌਜੂਦ ਸਨ|

Leave a Reply

Your email address will not be published. Required fields are marked *