ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਵਿਰੁੱਧ ਨਵੇਂ ਸਿਰੇ ਤੋਂ ਕਾਰਵਾਈ ਹੋਵੇ

ਸ਼ਹਿਰ ਦੀ ਮੁੱਖ ਸੜਕ (ਜਿਹੜੀ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਮਾਰਕੀਟਾਂ ਦੇ ਸਾਮ੍ਹਣੇ ਤੋਂ ਲੰਘਦੀ ਹੈ) ਦੇ ਕਿਨਾਰੇ ਆਮ ਲੋਕਾਂ ਵਲੋਂ ਆਪਣੇ ਵਾਹਨ ਖੜ੍ਹਾਉਣ ਦੀ ਕਾਰਵਾਈ ਆਮ ਹੈ ਅਤੇ ਅਕਸਰ ਵਾਹਨ ਚਾਲਕ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜ੍ਹਾਉਣ ਦੀ ਥਾਂ ਮੁੱਖ ਸੜਕ ਤੇ ਹੀ ਆਪਣਾ ਵਾਹਨ ਖੜ੍ਹਾ ਕੇ ਮਾਰਕੀਟ ਵਿੱਚ ਚਲੇ ਜਾਂਦੇ ਹਨ| ਕੁੱਝ ਥਾਵਾਂ ਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜ੍ਹਾਉਣ ਜੋਗੀ ਥਾਂ ਨਾ ਮਿਲਣ ਤੇ ਵੀ ਲੋਕ ਮੁੱਖ ਸੜਕ ਕਿਨਾਰੇ ਹੀ ਗੱਡੀ ਖੜ੍ਹਾ ਦਿੰਦੇ ਹਨ| ਹਾਲਾਂਕਿ ਇਹਨਾਂ ਸਾਰੀਆਂ ਹੀ ਮਾਰਕੀਟਾਂ ਵਿੱਚ ਸ਼ੋ ਰੂਮਾਂ ਦੇ ਪਿਛਲੇ ਪਾਸੇ ਵੀ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਹੈ ਪਰੰਤੂ ਆਮ ਵਾਹਨ ਚਾਲਕ ਪਿਛਲੇ ਪਾਸੇ ਜਾਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਹੀ ਵਾਹਨ ਚਖੜ੍ਹਾਉਣ ਨੂੰ ਤਰਜੀਹ ਦਿੰਦੇ ਹਨ|
ਮੁੱਖ ਸੜਕ ਦੇ ਕਿਨਾਰੇ ਖੜ੍ਹਣ ਵਾਲੇ ਇਹਨਾਂ ਵਾਹਨਾਂ ਕਾਰਨ ਜਿੱਥੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਉੱਥੇ ਕੁੱਝ ਥਾਂਵਾਂ ਤੇ ਤਾਂ ਜਾਮ ਵਰਗੀ ਨੌਬਤ ਵੀ ਜਾਂਦੀ ਹੈ| ਫੇਜ਼ 1 ਵਿੱਚ ਪੁਰਾਣੇ ਬੈਰੀਅਰ ਤੋਂ ਲੈ ਕੇ ਫਰੈਂਕੋ ਹੋਟਲ ਤਕ ਦੀ ਸੜਕ, ਫੇਜ਼ 5 ਵਿੱਚ 3-5 ਦੀਆਂ ਲਾਈਟਾਂ ਦੇ ਨਾਲ, ਫੇਜ਼ 7 ਵਿੱਚ ਬੈਂਕ ਮਾਰਕੀਟ ਦੇ ਸਾਮ੍ਹਣੇ ਅਤੇ ਫੇਜ਼ 7 ਵਿੱਚ ਹੀ ਐਚ ਐਮ ਕੁਆਟਰਾਂ ਦੇ ਸਾਮ੍ਹਣੇ ਵਾਲੀ ਸੜਕ, ਫੇਜ਼ 10 ਵਿੱਚ ਸਿਲਵੀ ਪਾਰਕ ਦੇ ਨੇੜੇ, ਫੇਜ਼ 11 ਵਿੱਚ ਗੁਰਦੁਆਰਾ ਸਾਹਿਬ ਦੇ ਸਾਮ੍ਹਣੇ ਪੈਂਦੀ ਸੜਕ ਅਤੇ ਅਜਿਹੀਆਂ ਹੋਰਨਾਂ ਥਾਵਾਂ ਤੇ ਆਮ ਲੋਕਾਂ ਵਲੋਂ ਅਕਸਰ ਆਪਣੀਆਂ ਗੱਡੀਆਂ ਖੜ੍ਹਾ ਦਿੱਤੀਆਂ ਜਾਂਦੀਆਂ ਹਨ| ਇਹ ਵਾਹਨ ਚਾਲਕ ਮਾਰਕੀਟਾਂ ਦੀਆਂ ਪਾਰਕਿਗਾਂ ਵਿੱਚ ਜਾ ਕੇ ਵਾਹਨ ਖੜ੍ਹਾ ਕਰਨ ਦੀ ਥਾਂ ਮੁੱਖ ਸੜਕ ਤੇ ਹੀ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ|
ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਖੜ੍ਹਦੀਆਂ ਗੱਡੀਆਂ ਦੀ ਇਹ ਸਮੱਸਿਆ ਬਹੁਤ ਪੁਰਾਣੀ ਹੈ| ਪਿਛਲੇ ਸਮੇਂ ਦੌਰਾਨ ਪੁਲੀਸ ਵਲੋਂ ਵਾਹਨ ਚਾਲਕਾਂ ਦੀ ਇਸ ਕਾਰਵਾਈ ਨੂੰ ਅਣਦੇਖਿਆ ਕੀਤੇ ਜਾਣ ਕਾਰਨ ਇਸ ਸਮੱਸਿਆ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਦਰਜ ਕੀਤਾ ਜਾ ਰਿਹਾ ਹੈ| ਦੋ ਕੁ ਸਾਲ ਪਹਿਲਾਂ ਵੀ ਉਸ ਵੇਲੇ ਦੇ ਜਿਲ੍ਹਾ ਪੁਲੀਸ ਮੁਖੀ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਖੜ੍ਹੇ ਕੀਤੇ ਜਾਣ ਵਾਲੇ ਵਾਹਨਾਂ ਦੇ ਚਾਲਕਾਂ ਦੇ ਖਿਲਾਫ ਕਾਰਵਾਈ ਆਰੰਭੀ ਗਈ ਸੀ ਅਤੇ ਟ੍ਰੈਫਿਕ ਪੁਲੀਸ ਵਲੋਂ ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਦੇ ਚਾਲਾਨ ਕਰਨ ਦੀ ਮੁਹਿੰਮ ਵੀ ਸ਼ੁਰੂ ਹੋਈ ਸੀ ਜਿਹੜੀ ਦੋ ਤਿੰਨ ਮਹੀਨੇ ਤਕ ਜਾਰੀ ਰਹੀ ਸੀ| ਉਸ ਵੇਲੇ ਪੁਲੀਸ ਦੀ ਇਸ ਕਾਰਵਾਈ ਦਾ ਹਾਂ ਪੱਖੀ ਅਸਰ ਵੀ ਸਾਮ੍ਹਣੇ ਆਇਆ ਸੀ ਅਤੇ ਲੋਕਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਵੀ ਕਾਫੀ ਹੱਦ ਤਕ ਰੋਕ ਲੱਗੀ ਸੀ| ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਢਿੱਲੀ ਪੈਂਦੀ ਗਈ, ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਵੀ ਜੋਰ ਫੜਦੀ ਗਈ ਅਤੇ ਹੁਣ ਹਾਲਤ ਇਹ ਹੋ ਗਈ ਹੈ ਕਿ ਇਹ ਸਮੱਸਿਆ ਫਿਰ ਬਹੁਤ ਜਿਆਦਾ ਵੱਧ ਗਈ ਹੈ|
ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਤੇ ਕਾਬੂ ਕਰਨ ਲਈ ਟ੍ਰੈਫਿਕ ਪੁਲੀਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਸ ਸੰਬੰਧੀ ਟ੍ਰੈਫਿਕ ਪੁਲੀਸ ਵਲੋਂ ਲਗਾਤਾਰ ਕਾਰਵਾਈ ਕੀਤੀ ਜਾਵੇ| ਇਸਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਜਰੂਰੀ ਹੈ ਕਿ ਪੁਲੀਸ ਦੀ ਇਸ ਕਾਰਵਾਈ ਦੌਰਾਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਬਿਨਾ ਵਜ੍ਹਾ ਕਾਰਵਾਈ ਨਾ ਹੋਵੇ| ਪਿਛਲੀ ਵਾਰ ਇਸ ਗੱਲ ਦੀਆਂ ਵੀ ਸ਼ਿਕਾਇਤਾਂ ਮਿਲੀਆਂ ਸਨ ਕਿ ਟ੍ਰੈਫਿਕ ਪੁਲੀਸ ਵਲੋਂ ਉਹਨਾਂ ਲੋਕਾਂ ਦੇ ਵੀ ਚਾਲਾਨ ਕੱਟ ਦਿੱਤੇ ਜਾਂਦੇ ਸਨ ਜਿਹਨਾਂ ਵਲੋਂ ਅਚਾਨਕ ਕਿਸੇ ਕਾਰਨ (ਕੋਈ ਜਰੂਰੀ ਫੋਨ ਸੁਣਨ ਲਈ ਜਾਂ ਵਾਹਨ ਵਿੱਚ ਅਚਾਨਕ ਆਈ ਕਿਸੇ ਖਰਾਬੀ ਕਾਰਨ) ਸੜਕ ਦੇ ਕਿਨਾਰੇ ਆਪਣਾ ਵਾਹਨ ਸਿਰਫ ਰੋਕਿਆ ਗਿਆ ਹੁੰਦਾ ਸੀ ਅਤੇ ਉਹਨਾਂ ਦਾ ਉੱਥੇ ਆਪਣਾ ਵਾਹਨ ਖੜ੍ਹਾਉਣ ਦਾ ਕੋਈ ਇਰਾਦਾ ਨਾ ਹੋਣ ਦੇ ਬਾਵਜੂਦ ਪੁਲੀਸ ਵਲੋਂ ਉਹਨਾਂ ਦਾ ਵੀ ਚਾਲਾਨ ਕੱਟ ਦਿੱਤਾ ਜਾਂਦਾ ਸੀ| ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿੱਚ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਨਵੇਂ ਸਿਰੇ ਤੋਂ ਮੁਹਿੰਮ ਆਰੰਭਣ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਇਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਆਉਣ ਵਾਲੀ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *