ਸ਼ਹਿਰ ਦੀ ਥਾਂ ਆਪਣਾ ਵਿਕਾਸ ਕਰਨ ਵਾਲੇ ਵਿਅਕਤੀਆਂ ਨੂੰ ਮੂੰਹ ਨਹੀਂ ਲਗਾਉਣਗੇ ਮੁਹਾਲੀ ਦੇ ਲੋਕ : ਬਲਬੀਰ ਸਿੱਧੂ

ਐਸ.ਏ.ਐਸ.ਨਗਰ, 10 ਫਰਵਰੀ (ਸ.ਬ.) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸz. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਦੇ ਵਸਨੀਕ ਸ਼ਹਿਰ ਦੀ ਥਾਂ ਆਪਣਾ ਵਿਕਾਸ ਕਰਨ ਵਾਲੇ ਵਿਅਕਤੀਆਂ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਸਮਾਜ ਸੇਵਾ ਦੇ ਪਿਛੋਕੜ ਵਾਲੇ ਅਜਿਹੇ ਸੂਝਵਾਨ, ਪੜ੍ਹੇ ਲਿਖੇ ਅਤੇ ਲੋਕ ਸੇਵਾ ਨੂੰ ਪ੍ਰਣਾਏ ਹੋਏ ਵਿਅਕਤੀ ਹਨ ਜਿਨ੍ਹਾਂ ਕੋਲ ਆਪਣੇ ਆਪਣੇ ਵਾਰਡ ਦੀ ਤਰੱਕੀ ਅਤੇ ਵਿਕਾਸ ਦੀ ਦ੍ਰਿਸ਼ਟੀ ਹੈ।

ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਬਣੇ ਆਜਾਦ ਗਰੁੱਪ ਬਾਰੇ ਉਹਨਾਂ ਕਿਹਾ ਕਿ ਅਸਲ ਵਿੱਚ ਇਹ ਕੁਲਵੰਤ ਸਿੰਘ ਦੀ ਅਗਵਾਈ ਵਿਚ ਇਕੱਠੇ ਹੋਏ ਮੌਕਾਪਰਸਤ ਅਤੇ ਖ਼ੁਦਗਰਜ਼ ਵਿਅਕਤੀਆਂ ਦਾ ਗਰੁੱਪ ਹੈ ਜਿਹੜਾ ਹਰੇਕ ਚੋਣਾਂ ਵਿੱਚ ਨਵਾਂ ਮਖੌਟਾ ਪਾ ਕੇ ਲੋਕਾਂ ਨੂੰ ਭਰਮਾ ਕੇ ਮਿਉਂਸਪਲ ਕਾਰਪੋਰੇਸ਼ਨ ਤੇ ਕਾਬਜ਼ ਹੁੰਦਾ ਰਿਹਾ ਹੈ ਪਰ ਇਸ ਵਾਰੀ ਲੋਕਾਂ ਨੇ ਇਹਨਾਂ ਦਾ ਅਸਲ ਰੁਖ ਪਛਾਣ ਲਿਆ ਹੈ ਜਿਸ ਕਾਰਨ ਇਸ ਧੜੇ ਦੇ ਉਮੀਦਵਾਰਾਂ ਨੂੰ ਕੋਈ ਵੀ ਮੂੰਹ ਨਹੀਂ ਲਗਾ ਰਿਹਾ।

ਸਿਹਤ ਮੰਤਰੀ ਨੇ ਕਿਹਾ ਕਿ ਕੁਲਵੰਤ ਸਿੰਘ ਅਤੇ ਉਸ ਦੇ ਸਾਥੀਆਂ ਕੋਲ ਲੋਕਾਂ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ੱਕੀ ਭੂਮਿਕਾ ਅਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਪਾਸ ਕਰਵਾ ਕੇ ਇਸ ਦੀ ਵਕਾਲਤ ਕਰਨ ਸਮੇਂ ਤਾਂ ਇਹ ਅਕਾਲੀ ਦਲ ਦੇ ਅਹੁਦੇਦਾਰ ਬਣੇ ਰਹੇ ਅਤੇ ਚੋਣਾਂ ਸਮੇਂ ਹੁਣ ਅਕਾਲੀ ਦਲ ਦੇ ਅਹੁਦੇ ਛੱਡ ਕੇ ਆਜ਼ਾਦ ਗਰੁੱਪ ਦਾ ਮਖੌਟਾ ਪਾ ਲਿਆ। ਉਹਨਾਂ ਕਿਹਾ ਕਿ ਇਹਨਾਂ ਨੇ ਚੋਣਾਂ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਦਾ ਹੀ ਹੱਥ ਫੜਣਾ ਹੈ।

ਉਹਨਾਂ ਆਮ ਆਦਮੀ ਪਾਰਟੀ ਤੇ ਤੰਜ਼ ਕਸਦਿਆਂ ਕਿਹਾ ਕਿ ਕੁਲਵੰਤ ਸਿੰਘ ਵਰਗੇ ਅਰਬਪਤੀ ਕਈ ਕੰਪਨੀਆਂ ਦੇ ਮਾਲਕ ਅਤੇ ਧਨਾਢ ਵਿਅਕਤੀ ਦੀ ਹਿਮਾਇਤ ਕਰ ਕੇ ਆਪਣਾ ਹੀ ਮਜ਼ਾਕ ਬਣਾ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਨੂੰ ਪਾਰਟੀ ਦਾ ਇਹ ਬੇਅਸੂਲਾ ਫੈਸਲਾ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਕਾਂਗਰਸ ਪਾਰਟੀ ਦੀ ਹਿਮਾਇਤ ਕਰ ਰਹੇ ਹਨ।

Leave a Reply

Your email address will not be published. Required fields are marked *