ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਵੇ : ਅਤੁਲ ਸ਼ਰਮਾ

ਐਸ ਏ ਐਸ ਨਗਰ, 16 ਮਾਰਚ (ਸ.ਬ.) ਕਾਂਗਰਸੀ ਆਗੂ ਸ੍ਰੀ ਅਤੁਲ ਸ਼ਰਮਾ ਨੇ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿੱਚ ਸਫਾਈ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਉਪਰਾਲੇ ਕੀਤੇ ਜਾਣ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਤੁਲ ਸ਼ਰਮਾ ਨੇ ਕਿਹਾ ਕਿ ਮੁਹਾਲੀ ਵਿੱਚ ਸਫਾਈ ਕਰਨ ਵਾਲੀ ਜਿਸ ਕੰਪਨੀ ਨੂੰ ਸਫਾਈ ਦਾ ਠੇਕਾ ਦਿੱਤਾ ਗਿਆ ਹੈ, ਉਸ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ, ਪਰ ਇਸ ਕੰਪਨੀ ਵਲੋਂ ਕੀਤਾ ਜਾਂਦਾ ਸਫਾਈ ਦਾ ਕੰਮ ਤਸੱਲੀਬਖਸ ਨਹੀਂ ਹੈ| ਉਹਨਾਂ ਕਿਹਾ ਕਿ ਇਸ ਕੰਪਨੀ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਰਾਤ ਸਮੇਂ ਇਸ ਕੰਪਨੀ ਵਲੋਂ ਫੁੱਟਪਾਥਾਂ ਦੀ ਵੀ ਸਫਾਈ ਕੀਤੀ ਜਾਂਦੀ ਹੈ ਪਰ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਸੜਕਾਂ ਕਿਨਾਰੇ ਬਣੇ ਕਰਵ ਚੈਨਲਾਂ ਉਪਰ ਦਰੱਖਤਾਂ ਦੇ ਸੁੱਕੇ ਹੋਏ ਪੱਤੇ ਪਏ ਸਨ, ਜਿਸ ਕਾਰਨ ਇਹ ਕਰਵ ਚੈਨਲ ਬੰਦ ਹੋ ਸਕਦੇ ਹਨ|
ਉਹਨਾਂ ਕਿਹਾ ਕਿ ਜਦੋਂ ਸ਼ਹਿਰ ਵਾਸੀ ਵੱਖ ਵੱਖ ਤਰੀਕਿਆਂ ਨਾਲ ਸਫਾਈ ਟੈਕਸ ਦੇ ਰਹੇ ਹਨ ਅਤੇ ਸਰਕਾਰ ਵੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਬਿਆਨਬਾਜੀ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਅਤੇ ਠੀਕ ਕੰਮ ਨਾ ਕਰਨ ਵਾਲੀ ਕੰਪਨੀ ਦਾ ਠੇਕਾ ਰੱਦ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਪੱਤਰ ਲਿਖੇ ਹਨ|

Leave a Reply

Your email address will not be published. Required fields are marked *