ਸ਼ਹਿਰ ਦੇ ਪਾਰਕਾਂ ਅਤੇ ਜਨਤਕ ਥਾਵਾਂ ਵਿੱਚ ਅਸ਼ਲੀਲ ਹਰਕਤਾਂ ਕਰਨ ਵਾਲੇ ਜੋੜਿਆਂ ਤੇ ਸ਼ਿਕੰਜਾ ਕਸੇ ਪੁਲੀਸ

ਬਰਸਾਤਾਂ ਦਾ ਮੌਸਮ ਖਤਮ ਹੋਣ ਵਾਲਾ ਹੈ ਅਤੇ ਅੱਜ ਕੱਲ ਮੌਸਮ ਸੁਹਾਵਨਾ ਹੋਣ ਲੱਗ ਗਿਆ ਹੈ| ਇਸਦੇ ਨਾਲ ਹੀ ਸ਼ਹਿਰ ਦੀਆਂ ਮਾਰਕੀਟਾਂ ਅਤੇ ਵੱਡੇ ਪਾਰਕਾਂ ਵਿੱਚ ਲੋਕਾਂ ਦੀ ਭੀੜ ਵੀ ਵਧਣ ਲੱਗ ਗਈ ਹੈ| ਗਰਮੀ ਤੋਂ ਰਾਹਤ ਲੈਣ ਲਈ ਸ਼ਹਿਰ ਵਾਸੀ ਪਰਿਵਾਰ ਸਮੇਤ ਪਾਰਕਾਂ ਅਤੇ ਮਾਰਕੀਟਾਂ ਵਿੱਚ ਘੁੰਮਣ ਲਈ ਨਿਕਲਦੇ ਹਨ ਪਰੰਤੂ ਜਦੋਂ ਉਹ ਮਾਰਕੀਟਾਂ ਦੀਆਂ ਪਾਰਕਿੰਗਾਂ ਜਾਂ ਪਾਰਕਾਂ ਵਿੱਚ ਕਿਸੇ ਪ੍ਰੇਮੀ ਜੋੜੇ ਨੂੰਜਨਤਕ ਤੌਰ ਤੇ ਅਸ਼ਲੀਲਤਾ ਤੇ ਉਤਾਰੂ ਹੋਇਆ ਵੇਖਦੇ ਹਨ ਤਾਂ ਉਸ ਵੇਲੇ ਉਹਨਾਂ ਲਈ ਹਾਲਾਤ ਕਾਫੀ ਨਮੋਸ਼ੀ ਵਾਲੇ ਹੋ ਜਾਂਦੇ ਹਨ|
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੇ ਵੱਡੇ ਪਾਰਕਾਂ ਵਿੱਚ ਅਜਿਹੇ ਪ੍ਰੇਮੀ ਜੋੜੇ ਅਕਸਰ ਨਜਰ ਆ ਜਾਂਦੇ ਹਨ ਜਿਹੜੇ ਪਾਰਕਾਂ ਦੇ ਕੋਨਿਆਂ ਵਿੱਚ ਇੱਕ ਦੂਜੇ ਨਾਲ ਮੁਲਾਕਾਤ ਦਾ ਆਨੰਦ ਮਾਣ ਰਹੇ ਹੁੰਦੇ ਹਨ| ਦੀਨ ਦੁਨੀਆ ਤੋਂ ਬੇਖਬਰ ਹੋ ਕੇ ਆਪਣੀ ਵੱਖਰੀ ਹੀ ਦੁਨੀਆ ਵਿੱਚ ਗਵਾਚੇ ਇਹ ਪ੍ਰੇਮੀ ਜੋੜੇ ਆਪਸੀ ਮੁਲਾਕਾਤ ਦੌਰਾਨ ਜਦੋਂ ਮਸਤੀ ਦੀ ਹਾਲਤ ਵਿੱਚ ਪਹੁੰਚ ਜਾਂਦੇ ਹਨ ਤਾਂ ਅਕਸਰ ਆਸ ਪਾਸ ਦੇ ਮਾਹੌਲ ਤੋਂ ਪੂਰੀ ਤਰ੍ਹਾਂ ਅਵੇਸਲੇ ਹੋ ਜਾਂਦੇ ਹਨ| ਇਸ ਦੌਰਾਨ ਇਹਨਾਂ ਜੋੜਿਆਂ ਵਲੋਂ ਨਾ ਸਿਰਫ ਵੱਧ ਤੋਂ ਵੱਧ ਸ਼ਰੀਰਿਕ ਨਜਦੀਕੀਆਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਲਕਿ ਇੱਕ ਦੂਜੇ ਦੇ ਵਿੱਚ ਮਗਨ ਇਹਨਾਂ ਜੋੜਿਆਂ ਦੀਆਂ ਇਹ ਸਰਗੋਸ਼ੀਆਂ ਅਸ਼ਲੀਲਤਾ ਦੀ ਹੱਦ ਨੂੰ ਵੀ ਟੱਪ ਜਾਂਦੀਆਂ ਹਨ| ਇਹੀ ਹਾਲ ਮਾਰਕੀਟਾਂ ਦਾ ਵੀ ਹੈ ਜਿੱਥੇ ਪਾਰਕਿੰਗ ਵਿੱਚ ਖੜ੍ਹੇ ਕਿਸੇ ਵਾਹਨ ਜਾਂ ਖੁੱਲੇ ਵਿੱਚ ਅਜਿਹੇ ਪ੍ਰੇਮੀ ਜੋੜੇ ਆਮ ਦਿਖ ਜਾਂਦੇ ਹਨ ਜਿਹੜੇ ਦੀਨ ਦੁਨੀਆ ਤੋਂ ਬੇਖਬਰ ਹੋ ਕੇ ਆਪਣੇ ਆਪ ਵਿੱਚ ਮਸਤ ਹੁੰਦੇ ਹਨ|
ਸ਼ਹਿਰ ਦੀਆਂ ਮਾਰਕੀਟਾਂ ਅਤੇ ਪਾਰਕਾਂ ਵਿੱਚ ਇੱਕ ਦੂਜੇ ਵਿੱਚ ਮਗਨ ਹੋ ਕੇ ਅਸ਼ਲੀਲਤਾ ਦੀ ਹੱਦ ਨੂੰ ਪਾਰ ਕਰਨ ਵਾਲੇ ਇਹਨਾਂ ਮੁੰਡੇ ਕੁੜੀਆਂ ਵਿੱਚੋਂ ਜਿਆਦਾਤਰ ਪੀ ਜੀ ਹੁੰਦੇ ਹਨ ਜਿਹੜੇ ਵੱਖ ਵੱਖ ਥਾਵਾਂ ਤੋਂ ਨੌਕਰੀ ਜਾਂ ਪੜ੍ਹਾਈ ਲਈ ਸਾਡੇ ਸ਼ਹਿਰ ਵਿੱਚ ਆ ਕੇ ਇੱਥੇ ਰਹਿ ਰਹੇ ਹੁੰਦੇ ਹਨ ਅਤੇ ਉਹਨਾਂ ਨੂੰ ਰੋਕਣ ਜਾਂ ਟੋਕਣ ਵਾਲਾ ਕੋਈ ਨਹੀਂ ਹੁੰਦਾ| ਇਹ ਭਾਵੇਂ ਖੁਦ ਨੂੰ ਆਧੁਨਿਕ ਅਤੇ ਖੁੱਲੇ ਦਿਮਾਗ ਵਾਲਾ ਦੱਸਦੇ ਹਨ ਪਰੰਤੂ ਉਹਨਾਂ ਨੂੰ ਇਹ ਗੱਲ ਕੌਣ ਸਮਝਾਏ ਕਿ ਆਧੁਨਿਕਤਾ ਦਾ ਅਰਥ ਸਿਰਫ ਅਸ਼ਲੀਲਤਾ ਦਾ ਖੁੱਲਾ ਪ੍ਰਗਟਾਵਾ ਹੀ ਨਹੀਂ ਹੁੰਦਾ| ਜਨਤਕ ਥਾਵਾਂ ਤੇ ਇੱਕ ਦੂਜੇ ਨਾਲ ਜੁੜ ਕੇ ਅਸ਼ਲੀਲਤਾ ਦੀਆਂ ਹੱਦਾਂ ਟੱਪਣ ਵਾਲੇ ਇਹ ਨੌਜਵਾਨ ਆਪਣੇ ਆਪ ਨੂੰ ਭਾਵੇਂ ਕਿੰਨਾ ਵੀ ਆਧੁਨਿਕ ਸਮਝਣ ਪਰੰਤੂ ਅਸਲ ਵਿੱਚ ਵਾਸਨਾ ਵਿੱਚ ਅੰਨੇ ਹੋਏ ਇਹਨਾਂ ਜੋੜਿਆਂ ਲਈ ਪਿਆਰ ਦਾ ਅਰਥ ਸਿਰਫ ਸਰੀਰਕ ਵਾਸਨਾ ਤਕ ਹੀ ਸੀਮਿਤ ਹੈ|
ਸ਼ਹਿਰ ਵਾਸੀਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਜਨਤਕ ਤੌਰ ਤੇ ਕੀਤੀਆਂ ਜਾਂਦੀਆਂ ਇਹਨਾਂ ਅਸ਼ਲੀਲ ਕਾਰਵਾਈਆਂ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਸਥਾਨਕ ਪੁਲੀਸ ਵਲੋਂ ਤਿੰਨ ਕੁ ਸਾਲ ਪਹਿਲਾਂ ਇਸ ਸੰਬੰਧੀ ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਸ਼ਹਿਰ ਦੇ ਪਾਰਕਾਂ ਵਿੱਚ ਇੱਕ ਦੂਜੇ ਦੇ ਨਾਲ ਮੁਲਾਕਾਤ ਦੇ ਨਾਮ ਤੇ ਅਸ਼ਲੀਲਤਾ ਫੈਲਾਉਣ ਵਾਲੇ ਪ੍ਰੇਮੀ ਜੋੜਿਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਕੇ ਇਸ ਤੇ ਰੋਕ ਲਗਾਈ ਜਾਵੇਗੀ| ਜਿਲ੍ਹਾ ਪੁਲੀਸ ਵਲੋਂ ਇਸ ਸੰਬੰਧੀ ਵਿਸ਼ੇਸ਼ ਟੀਮਾਂ ਤੈਨਾਤ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਜਿਹਨਾਂ ਵਿੱਚ ਖਾਸ ਤੌਰ ਤੇ ਮਹਿਲਾ ਕਾਂਸਟੇਬਲ ਕਰਮਚਾਰੀ ਤੈਨਾਤ ਕੀਤੀਆਂ ਗਈਆਂ ਸਨ ਅਤੇ ਇਹਨਾਂ ਟੀਮਾਂ ਨੂੰ ਜਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਸ਼ਹਿਰ ਵਿੱਚ ਘੁੰਮ ਕੇ ਅਜਿਹੇ ਜੋੜਿਆਂ ਨੂੰ ਕਾਬੂ ਕਰਨ ਜਿਹੜੇ ਆਪਣੀਆਂ ਕਾਰਵਾਈਆਂ ਕਾਰਨ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ| ਪਰੰਤੂ ਪੁਲੀਸ ਦੀ ਇਹ ਪ੍ਰਸਤਾਵਿਤ ਕਾਰਵਾਈ ਸਿਰਫ ਕਾਗਜਾਂ ਤਕ ਹੀ ਸੀਮਿਤ ਹੋ ਕੇ ਰਹਿ ਗਈ ਅਤੇ ਇਸ ਸੰਬੰਧੀ ਪੁਲੀਸ ਵਲੋਂ ਅਮਲੀ ਰੂਪ ਨਾਲ ਕਾਰਵਾਈ ਨਾ ਕੀਤੇ ਜਾਣ ਕਾਰਨ ਸ਼ਹਿਰ ਵਾਸੀਆਂ ਦੀ ਇਹ ਸਮੱਸਿਆ ਪਹਿਲਾਂ ਵਾਗ ਹੀ ਬਣੀ ਹੋਈ ਹੈ|
ਜਿਲ੍ਹਾ ਪੁਲੀਸ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਪਾਰਕਾਂ ਵਿੱਚ ਅਸ਼ਲੀਲ ਹਰਕਤਾਂ ਕਰਨ ਵਾਲੇ ਇਹਨਾਂ ਜੋੜਿਆਂ ਦੇ ਖਿਲਾਫ ਪ੍ਰਸਤਾਵਿਤ ਕਾਰਵਾਈ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ| ਆਸ ਕੀਤੀ ਜਾਣੀ ਚਾਹੀਦੀ ਹੈ ਕਿ ਐਸ ਐਸ ਪੀ ਵਲੋਂ ਇਸ ਸੰਬੰਧੀ ਛੇਤੀ ਹੀ ਵਿਸ਼ੇਸ਼ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ ਅਤੇ ਪਾਰਕਾਂ ਵਿੱਚ ਫੈਲਾਈ ਜਾ ਰਹੀ ਅਸ਼ਲੀਲਤਾ ਦੀ ਇਸ ਕਾਰਵਾਈ ਤੇ ਰੋਕ ਲਗਾਈ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ|
ਅਖਿਲੇਸ਼ ਸ਼ਰਮਾ

Leave a Reply

Your email address will not be published. Required fields are marked *