ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਹੋਵੇ

ਕਾਗਜਾਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਇੱਕ ਵਿਸ਼ਵ ਪੱਧਰੀ ਅਤੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਜਮੀਨੀ ਹਾਲਤ ਇਸਦੇ ਬਿਲਕੁਲ ਉਲਟ ਹਨ ਅਤੇ ਸ਼ਹਿਰਵਾਸੀਆਂ ਨੂੰ ਮਿਲਣ ਵਾਲੀਆਂ ਕਮਜੋਰ ਬੁਨਿਆਦੀ ਸੁਵਿਧਾਵਾਂ ਆਪਣੀ ਬਦਹਾਲੀ ਦੀ ਕਹਾਣੀ ਖੁਦ ਬਿਆਨ ਕਰਦੀਆਂ ਹਨ| ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੇ ਰਿਹਾਇਸ਼ੀ ਖੇਤਰਾਂ ਵਿੱਚ ਬਣੇ ਪਾਰਕਾਂ ਦੀ ਮਾੜੀ ਹਾਲਤ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਦਾਅਵਿਆਂ ਦੀ ਹਕੀਕਤ ਤਾਂ ਸਾਮ੍ਹਣੇ ਲਿਆਉਂਦੀ ਹੀ ਹੈ ਸਥਾਨਕ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ|
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੇ ਰਿਹਾਇਸ਼ੀ ਇਲਾਕਿਆਂ ਵਿੱਚ ਅਜਿਹੇ ਵੱਡੀ ਗਿਣਤੀ ਛੋਟੇ ਵੱਡੇ ਪਾਰਕ ਮੌਜੂਦ ਹਨ, ਜਿੱਥੇ ਆਸ-ਪਾਸ ਬਣੇ ਮਕਾਨਾਂ ਦੇ ਬੱਚੇ ਖੇਡਦੇ ਹਨ ਅਤੇ ਸਵੇਰੇ ਸ਼ਾਮ ਲੋਕ ਸੈਰ ਵੀ ਕਰਦੇ ਹਨ| ਇਹਨਾਂ ਪਾਰਕਾਂ ਵਿੱਚ ਆ ਕੇ ਜਿੱਥੇ ਸ਼ਹਿਰਵਾਸੀਆਂ ਨੂੰ ਤਾਜੀ ਹਵਾ ਹਾਸਿਲ ਹੁੰਦੀ ਹੈ ਉਹਨਾਂ ਨੂੰ ਇੱਥੇ ਪਹੁੰਚ ਕੇ ਸ਼ਹਿਰ ਦੀ ਭੱਜ ਦੌੜ ਦੀ ਜਿੰਦਗੀ ਤੋਂ ਥੋੜ੍ਹੀ ਰਾਹਤ ਵੀ ਮਿਲਦੀ ਹੈ ਪਰੰਤੂ ਇਹਨਾਂ ਪਾਰਕਾਂ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਪਾਰਕ ਸ਼ਹਿਰਵਾਸੀਆਂ ਲਈ ਉਲਟਾ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ| ਰਿਹਾਇਸ਼ੀ ਖੇਤਰਾਂ ਵਿੱਚ ਬਣੇ ਇਹਨਾਂ ਪਾਰਕਾਂ ਵਿੱਚ ਲੱਗੇ ਝੂਲੇ ਅਤੇ ਬੈਂਚ ਮਾੜੀ ਹਾਲਤ ਵਿੱਚ ਹੋਣ ਕਾਰਨ ਨਾ ਤਾਂ ਇੱਥੇ ਛੋਟੇ ਬੱਚਿਆਂ ਨੂੰ ਕੋਈ ਸੁਵਿਧਾ ਹਾਸਿਲ ਹੁੰਦੀ ਅਤੇ ਨਾ ਹੀ ਬਜੁਰਗ ਇੱਥੇ ਆਰਾਮ ਨਾਲ ਬੈਠ ਸਕਦੇ ਹਨ| ਇਹਨਾਂ ਪਾਰਕਾਂ ਵਿੱਚ ਸਾਫ ਸਫਾਈ ਦੇ ਪ੍ਰਬੰਧਾਂ ਦੀ ਘਾਟ ਕਾਰਨ ਇਹਨਾਂ ਵਿੱਚ ਖਿੱਲਰੀ ਗੰਦਗੀ ਵੀ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਹੈ| ਇਸਦੇ ਨਾਲ ਨਾਲ ਇਹਨਾਂ ਪਾਰਕਾਂ ਵਿੱਚ ਆਮ ਲੋਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹਾ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਸ਼ਹਿਰ ਵਿਚਲੇ ਜਿਆਦਾਤਰ ਪਾਰਕ ਤਾਂ ਜਿਵੇਂ ਪਾਰਕਿੰਗਾਂ ਵਿੱ ਚ ਹੀ ਤਬਦੀਲ ਹੋ ਗਏ ਹਨ|
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚ ਬਣੇ ਇਹਨਾਂ ਪਾਰਕਾਂ ਵਿੱਚੋਂ ਜਿਆਦਾਤਰ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਪਹਿਲਾਂ ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਲੋਂ ਸੰਭਾਲੀ ਜਾਂਦੀ ਸੀ ਜਿਸ ਵਲੋਂ ਅੱਗੇ ਠੇਕੇਦਾਰਾਂ ਤੋਂ ਇਹ ਕੰਮ ਕਰਵਾਇਆ ਜਾਂਦਾ ਸੀ ਪਰੰਤੂ ਠੇਕੇਦਾਰਾਂ ਦੀ ਕਾਰਗੁਜਾਰੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਹੇਠ ਰਹਿੰਦੀ ਆਈ ਹੈ| ਇਸ ਦੌਰਾਨ ਨਾ ਤਾਂ ਪਾਰਕਾਂ ਦੀ ਢੰਗ ਨਾਲ ਸਾਫ ਸਫਾਈ ਕਰਵਾਈ ਜਾਂਦੀ ਸੀ ਅਤੇ ਨਾ ਹੀ ਇਹਨਾਂ ਪਾਰਕਾਂ ਵਿੱਚ ਆਮ ਲੋਕਾਂ ਦੀ ਸਹੂਲੀਅਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਸਨ| ਪਰੰਤੂ ਇਸ ਮਹੀਨੇ ਦੀ ਸ਼ੁਰੁਆਤ ਦੇ ਨਾਲ ਹੀ ਗਮਾਡਾ ਵਲੋਂ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਨਗਰ ਨਿਗਮ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਹੁਣ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਨਗਰ ਨਿਗਮ ਦੀ ਜਿੰਮੇਵਾਰੀ ਬਣ ਗਿਆ ਹੈ| ਇਸਦੇ ਬਾਵਜੂਦ ਇਹਨਾਂ ਪਾਰਕਾਂ ਦੀ ਹਾਲਤ ਵਿੱਚ ਕੋਈ ਜਿਕਰਯੋਗ ਸੁਧਾਰ ਨਜਰ ਨਹੀਂ ਆ ਰਿਹਾ ਹੈ ਅਤੇ ਹਾਲਾਤ ਪਹਿਲਾਂ ਵਰਗੇ ਹੀ ਹਨ| ਸ਼ਾਇਦ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਨਗਰ ਨਿਗਮ ਵਲੋਂ ਵੀ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਵੀ ਨਿੱਜੀ ਠੇਕੇਦਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ|
ਸ਼ਹਿਰ ਵਿਚਲੇ ਇਹਨਾਂ ਪਾਰਕਾਂ ਦੀ ਇੱਕ ਮੁੱਖ ਸਮੱਸਿਆ ਪਾਣੀ ਦੀ ਨਿਕਾਸੀ ਦੇ ਠੀਕ ਪ੍ਰਬੰਧ ਨਾ ਹੋਣਾ ਵੀ ਹੈ ਅਤੇ ਪਾਰਕਾਂ ਵਿੱਚ ਖੜ੍ਹਦੇ ਪਾਣੀ ਕਾਰਨ ਇਹਨਾਂ ਪਾਰਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਹਨਾਂ ਪਾਰਕਾਂ ਵਿੱਚ ਖੜ੍ਹੇ ਹੁੰਦੇ ਪਾਣੀ ਦੀ ਨਿਕਾਸੀ ਦੇ ਹਲ ਲਈ ਇਹ ਜਰੂਰੀ ਹੈ ਕਿ ਇਹਨਾਂ ਪਾਰਕਾਂ ਵਿੱਚ ਭਰਤ ਪਾ ਕੇ ਇਹਨਾਂ ਦੀ ਨਵੇਂ ਸਿਰੇ ਤੋਂ ਲੈਵਲਿੰਗ ਕੀਤੀ ਜਾਵੇ ਅਤੇ ਇਹਨਾਂ ਵਿੱਚ ਖੜ੍ਹਨ ਵਾਲੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ| ਇਸਦੇ ਨਾਲ ਨਾਲ ਇਹਨਾਂ ਪਾਰਕਾਂ ਦੀ ਸਾਫ ਸਫਾਈ ਕਰਵਾ ਕੇ ਇਹਨਾਂ ਵਿੱਚ ਲੱਗੇ ਝੂਲਿਆਂ ਅਤੇ ਬੈਂਚਾਂ ਦੀ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ| ਨਿਗਮ ਅਧਿਕਾਰੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿਚਲੇ ਇਹਨਾਂ ਪਾਰਕਾਂ ਦੀ ਹਾਲਤ ਸੁਧਾਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਤਾਂ ਜੋ ਸ਼ਹਿਰਵਾਸੀ ਨੂੰ ਇਹਨਾਂ ਪਾਰਕਾਂ ਦਾ ਪੂਰਾ ਫਾਇਦਾ ਹਾਸਿਲ ਹੋਵੇ ਅਤੇ ਉਹਨਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਰਾਹਤ ਹਾਸਿਲ ਹੋਵੇ|

Leave a Reply

Your email address will not be published. Required fields are marked *