ਸ਼ਹਿਰ ਦੇ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਈ ਨਗਰ ਨਿਗਮ ਵੱਲੋਂ ਜੰਗੀ ਪੱਧਰ ਤੇ ਕੰਮ ਸ਼ੁਰੂ

ਸ਼ਹਿਰ ਦੇ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਈ ਨਗਰ ਨਿਗਮ ਵੱਲੋਂ ਜੰਗੀ ਪੱਧਰ ਤੇ ਕੰਮ ਸ਼ੁਰੂ
ਗਮਾਡਾ ਤੋਂ ਮਿਲੀ 5 ਕਰੋੜ ਦੀ ਕਿਸ਼ਤ ਤੋਂ ਬਾਅਦ ਆਈ ਕੰਮ ਵਿੱਚ ਤੇਜੀ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 29 ਜੂਨ

ਪਿਛਲੇ ਦਿਨੀਂ ਗਮਾਡਾ ਵਲੋਂ ਸ਼ਹਿਰ ਦੇ ਸਮੂਹ ਪਾਰਕਾਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਤੋਂ ਬਾਅਦ ਹੁਣ ਇਹਨਾਂ ਪਾਰਕਾਂ ਦੀ ਨੁਹਾਰ ਬਦਲਣ, ਇੱਥੇ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਕਰਨ ਅਤੇ ਪਾਰਕਾਂ ਦੇ  ਰੱਖ ਰਖਾਉ ਲਈ ਜੰਗੀ ਪੱਧਰ ਤੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ| ਜਿਕਰਯੋਗ ਹੈ ਕਿ ਸ਼ਹਿਰ ਦੇ ਪਾਰਕਾਂ ਵਿੱਚ ਸਾਫ ਸਫਾਈ ਅਤੇ ਰੱਖ ਰਖਾਉ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇਹਨਾਂ ਪਾਰਕਾਂ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਕੁਝ ਦਿਨ ਪਹਿਲਾਂ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਿਆ ਸੀ|
ਨਗਰ ਨਿਗਮ  ਵਲੋਂ ਪਾਰਕਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਸ਼ਹਿਰ ਦੇ ਅੰਦਰੂਨੀ ਪਾਰਕਾਂ ਨੂੰ ਸੱਤ ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਦੇ ਆਕਾਰ ਦੇ ਹਿਸਾਬ ਨਾਲ ਇਹਨਾਂ ਪਾਰਕਾਂ ਦਾ ਰਖ ਰਖਾਉ ਕਰਨ ਵਾਲੀ ਕੰਪਨੀ ਕਾਰਡਿਕ ਨੇ ਇਹਨਾਂ ਪਾਰਕਾਂ ਦੇ ਲੋੜੀਂਦੇ ਕਰਮਚਾਰੀ ਤੈਨਾਤ ਕਰਨ ਦੀ ਹਿਦਾਇਤ ਕੀਤੀ ਗਈ ਹੈ| ਇਸ ਦੌਰਾਨ ਸੰਬੰਧਿਤ ਐਸ. ਡੀ. ਉ. ਅਤੇ ਜੇ. ਈ. ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਆਪਣੀ ਦੇਖ ਰੇਖ ਵਿੱਚ ਪਾਰਕਾਂ ਵਿੱਚ ਲੋੜੀਂਦੇ ਕਰਮਚਾਰੀ ਤੈਨਾਤ ਕਰਵਾਉਣ ਅਤੇ ਪਾਰਕਾਂ ਵਿੱਚ ਲੋੜੀਂਦਾ ਕੰਮ ਕਰਵਾਉਣ| ਇਸ ਕਾਰਵਾਈ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਬਣੇ ਸਾਰੇ ਛੋਟੇ ਵੱਡੇ ਪਾਰਕਾਂ ਵਿੱਚ ਕਰਮਚਾਰੀ ਤੈਨਾਤ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ|
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਪਾਰਕਾਂ ਤੇ ਕੁਲ ਸੱਤ ਜੋਨਾਂ ਵਿੱਚ ਵੰਡਿਆਂ ਗਿਆ ਹੈ ਜਿਸਦੇ ਤਹਿਤ ਸੈਕਟਰ 70-71 ਦੇ ਪਾਰਕਾਂ ਵਿੱਚ 17, ਫੇਜ਼-3 ਬੀ-1 , ਫੇਜ਼-4 , ਫੇਜ਼-5 , ਫੇਜ਼ 3 ਬੀ-2 ਅਤੇ ਫੇਜ਼ – 7 ਵਿੱਚ 23, ਫੇਜ਼ 3-ਏ, ਫੇਜ਼-2, ਫੇਜ਼-1, ਫੇਜ਼ – 6 ਅਤੇ ਸੈਕਟਰ 57 ਵਿੱਚ 23, ਫੇਜ਼-11 ਅਤੇ ਸੈਕਟਰ 48 ਵਿੱਚ 11, ਫੇਜ਼-10 ਵਿੱਚ 10, ਸੈਕਟਰ 66 ਤੋਂ 69 ਵਿੱਚ 12 ਅਤੇ ਫੇਜ਼ -9 ਵਿੱਚ 10 ਕਰਮਚਾਰੀ ਤੈਨਾਤ ਕੀਤੇ ਗਏ ਹਨ| ਇਸ ਤੋਂ ਇਲਾਵਾ ਇਹਨਾਂ ਜੋਨਾਂ ਵਿੱਚ 11 ਵਾਧੂ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ|
ਉਹਨਾਂ ਦੱਸਿਆ ਕਿ ਸ਼ਹਿਰ ਦੇ ਵੱਡੇ ਪਾਰਕਾਂ ਵਿੱਚ ਨੇਬਰ ਹੁਡ ਪਾਰਕ ਫੇਜ਼-11 ਵਿੱਚ 8, ਸਿਲਵੀ ਪਾਰਕ  ਫੇਜ਼-10 ਵਿੱਚ 6, ਐਨ. ਐਚ. ਪਾਰਕ ਸੈਕਟਰ 69 ਵਿੱਚ 5, ਸਿਟੀ ਪਾਰਕ ਸੈਕਟਰ 68 ਵਿੱਚ-9, ਬੋਗਨ ਵਿਲੀਆ ਪਾਰਕ ਫੇਜ਼-4 ਵਿੱਚ 6,  ਰੋਜ ਗਾਰਡਨ ਫੇਜ਼ 3 ਬੀ-1 ਵਿੱਚ 7, ਲਾਈਬ੍ਰੇਰੀ ਪਾਰਕ ਫੇਜ਼-7 ਵਿੱਚ -2, ਸੈਕਟਰ 71 ਦੇ ਪਾਰਕ ਵਿੱਚ 6, ਸੈਕਟਰ 70 ਦੇ ਪਾਰਕ ਵਿੱਚ -6, ਸੈਕਟਰ 70 ਦੇ ਪਾਰਕ ਨੰ. 32 ਵਿੱਚ -2,  ਫੇਜ਼-6 ਦੇ ਪਾਰਕ ਵਿੱਚ 7, ਲਈਅਰ ਵੈਲੀ ਫੇਜ਼-9 ਵਿੱਚ 8 ਤੈਨਾਤ ਕੀਤੇ ਗਏ ਹਨ ਅਤੇ 8 ਕਰਮਚਾਰੀ ਵਾਧੂ ਚਾਰਜ ਵਾਲੇ ਹਨ| ਇਸ ਤੋਂ ਇਲਾਵਾ ਨੇਚਰ ਪਾਰਕ ਫੇਜ਼-8 ਦੇ ਰੱਖ ਰਖਾਉ ਦੇ ਕੰਮ ਲਈ 34 ਕਰਮਚਾਰੀ ਤੈਨਾਤ ਕੀਤੇ ਗਏ ਹਨ|
ਉਹਨਾਂ ਦੱਸਿਆ ਕਿ ਠੇਕੇਦਾਰ ਨੂੰ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਜਵਾਬਦੇਹ ਬਣਾਇਆ ਗਿਆ ਹੈ ਅਤੇ ਕਰਮਚਾਰੀਆਂ ਦੇ ਸੁਪਰਵਾਈਜਰ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨਾਲ ਤਾਲਮੇਲ ਰੱਖ ਕੇ ਉਹਨਾਂ ਦੇ ਸੁਝਾਆਂ ਅਨੁਸਾਰ ਕੰਮ ਕਰਨਗੇ|
ਫੇਜ਼-3ਬੀ2 ਵਿੱਚ ਪਾਰਕਾਂ ਦੇ ਸਾਂਭ ਸੰਭਾਲ ਦੀ ਨਿਗਰਾਨੀ ਕਰ ਰਹੇ ਨਗਰ ਨਿਗਮ ਦੇ ਐਸ ਡੀ ਓ ਸ੍ਰ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਦੇ ਕਰਮਚਾਰੀ ਪਾਰਕਾਂ ਦੀ ਸਫਾਈ, ਬੂਟਿਆਂ ਦੀ ਛੰਗਾਈ, ਘਾਹ ਦੀ ਕਟਾਈ, ਬੂਟਿਆਂ ਨੂੰ ਪਾਣੀ ਲਾਉਣ, ਲੋਕਾਂ ਦੀ ਸੈਰ ਲਈ ਬਣੇ ਟ੍ਰੈਕ ਦੇ ਰੱਖ ਰਖਾਉ ਸਮੇਤ ਪਾਰਕਾਂ ਵਿੱਚ ਲੱਗੇ ਝੂਲਿਆਂ ਅਤੇ ਬੈਂਚਾਂ ਦੀ ਮੁਰੰਮਤ ਦਾ ਕੰਮ ਵੀ ਸੰਭਾਲਣਗੇ| ਉਹਨਾਂ ਦੱਸਿਆ  ਕਿ ਨਗਰ ਨਿਗਮ ਦੇ ਐਕਸੀਅਨ ਸ੍ਰੀ ਮੁਕੇਸ਼ ਗਰਗ ਅਤੇ ਸ੍ਰ. ਹਰਪਾਲ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਸਟਾਫ ਵੱਲੋਂ ਠੇਕੇਦਾਰ ਦੇ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਅਤੇ ਵੱਖ ਵੱਖ ਵਾਰਡਾਂ ਵਿੱਚ ਸੰਬੰਧਿਤ ਕੌਂਸਲਰਾਂ ਦੀ ਸਲਾਹ ਨਾਲ ਕੰਮ ਕਰਵਾਏ ਜਾਣਗੇ|

ਲੋਕਾਂ ਨੂੰ ਬਿਹਤਰ ਸੁਵਿਧਾਵਾਂ ਯਕੀਨੀ ਕਰਾਂਗੇ : ਕੁਲਵੰਤ ਸਿੰਘ

 

ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਪਾਰਕਾਂ ਦੇ ਰੱਖ ਰਖਾਉ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਪਾਰਕਾਂ ਦੀ ਹਾਲਤ ਵਿੱਚ ਮੁਕੰਮਲ ਸੁਧਾਰ ਕਰ ਲਿਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਪਾਰਕਾਂ ਵਿੱਚ ਲੋੜੀਂਦੀਆਂ ਸੁਵਿਧਾਵਾਂ  ਝੂਲੇ, ਬੈਂਚ, ਸੈਰ ਕਰਨ ਦਾ ਟ੍ਰੈਕ ਬਿਹਤਰ ਢੰਗ ਨਾਲ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *