ਸ਼ਹਿਰ ਦੇ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਹੋਵੇ

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਸੈਟੇਲਾਈਟ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਮਗਜੇ ਵੀ ਮਾਰੇ ਜਾਂਦੇ ਹਨ ਪਰੰਤੂ ਹਕੀਕਤ ਇਹੀ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਤਕ ਮੁਹਈਆ ਨਹੀਂ ਹਨ| ਸਰਕਾਰ ਦੇ ਦਾਅਵੇ ਭਾਵੇਂ ਕੁੱਝ ਵੀ ਹੋਣ ਪਰੰਤੂ ਜਮੀਨੀ ਪੱਧਰ ਤੇਹਾਲਾਤ ਇਹ ਹਨ ਕਿ ਸ਼ਹਿਰਵਾਸੀਆਂ ਨੂੰ ਜਿਹੜੀਆਂ (ਥੋੜ੍ਹੀ ਬਹੁਤ) ਸੁਵਿਧਾਵਾਂ ਮਿਲਦੀਆਂ ਵੀ ਹਨ ਉਹ ਵੀ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਜਿੰਮੇਵਾਰ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਾਕਸ ਕਾਰਗੁਜਾਰੀ ਕਾਰਨ ਉਲਟਾ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ ਹਨ| ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਇਸਦੀ ਸਭਤੋਂ ਵੱਡੀ ਮਿਸਾਲ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ|
ਸਾਡੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚਲੇ ਰਿਹਾਇਸ਼ੀ ਇਲਾਕਿਆਂ ਵਿੱਚ ਛੋਟੇ ਵੱਡੇ ਪਾਰਕ ਬਣੇ ਹੋਏ ਹਨ, ਜਿੱਥੇ ਆਸ-ਪਾਸ ਬਣੇ ਮਕਾਨਾਂ ਦੇ ਬੱਚੇ ਖੇਡਦੇ ਹਨ ਅਤੇ ਸਵੇਰੇ ਸ਼ਾਮ ਲੋਕ ਸੈਰ ਵੀ ਕਰਦੇ ਹਨ| ਇਹਨਾਂ ਪਾਰਕਾਂ ਵਿੱਚ ਆ ਕੇ ਜਿੱਥੇ ਸ਼ਹਿਰਵਾਸੀਆਂ ਨੂੰ ਤਾਜੀ ਹਵਾ ਹਾਸਿਲ ਹੁੰਦੀ ਹੈ ਉੱਥੇ ਉਹਨਾਂ ਨੂੰ ਪਾਰਕਾਂ ਵਿੱਚ ਪਹੁੰਚ ਕੇ ਸ਼ਹਿਰ ਦੀ ਭੱਜ ਦੌੜ ਦੀ ਜਿੰਦਗੀ ਤੋਂ ਥੋੜ੍ਹੀ ਰਾਹਤ ਵੀ ਮਿਲਦੀ ਹੈ| ਪਰੰਤੂ ਇਹਨਾਂ ਪਾਰਕਾਂ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਪਾਰਕ ਸ਼ਹਿਰਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੇ ਹਨ| ਇਨ੍ਹਾਂ ਪਾਰਕਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਪਹਿਲਾਂ ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਅਧੀਨ ਹੁੰਦੀ ਸੀ ਪਰੰਤੂ ਗਮਾਡਾ ਵਲੋਂ ਕੁੱਝ ਸਮਾਂਪਹਿਲਾਂ ਨਗਰ ਨਿਗਮ ਦੇ ਨਾਲ ਹੋਏ ਇੱਕ ਸਮਝੌਤੇ ਦੇ ਤਹਿਤ ਇਹਨਾਂ ਸਾਰੇ ਪਾਰਕਾਂ ਨੂੰ ਨਗਰ ਨਿਗਮ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਕਰਨਾ ਨਗਰ ਨਿਗਮ ਦੀ ਜਿੰਮੇਵਾਰੀ ਹੈ ਪਰੰਤੂ ਇਸਦੇ ਬਾਵਜੂਦ ਇਹਨਾਂ ਪਾਰਕਾਂ ਦੀ ਹਾਲਤ ਵਿੱਚ ਕੋਈ ਫਰਕ ਨਹੀਂ ਪਿਆ ਹੈ|
ਹਾਲਾਤ ਇਹ ਹਨ ਕਿ ਸ਼ਹਿਰ ਵਿਚਲੇ ਇਹਨਾਂ ਪਾਰਕਾਂ ਦੀ ਨਾ ਤਾਂ ਠੀਕ ਢੰਗ ਨਾਲ ਸਾਫ ਸਫਾਈ ਕਰਵਾਈ ਜਾਂਦੀ ਹੈ ਅਤੇ ਨਾ ਹੀ ਇਹਨਾਂ ਪਾਰਕਾਂ ਵਿੱਚ ਲਗਾਏ ਗਏ ਝੂਲੇ ਠੀਕ ਢੰਗ ਨਾਲ ਕੰਮ ਕਰਦੇ ਹਨ| ਅੱਜ ਕੱਲ ਸਰਦੀਆਂ ਦੇ ਇਸ ਮੌਸਮ ਵਿੱਚ ਜਦੋਂ ਸ਼ਹਿਰਵਾਸੀ ਧੁੱਪ ਦਾ ਆਨੰਦ ਲੈਣ ਲਈ ਇਹਨਾਂ ਪਾਰਕਾਂ ਵਿੱਚ ਪਹੁੰਚਦੇ ਹਨ ਤਾਂ ਪਾਰਕਾਂ ਵਿੱਚ ਫੈਲੀ ਗੰਦਗੀ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ| ਸ਼ਹਿਰ ਵਿਚਲੇ ਇਹਨਾਂ ਪਾਰਕਾਂ ਵਿੱਚ ਇਕੱਤਰ ਹੋਣ ਵਾਲੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੇ ਪਾਰਕਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ| ਇਹਨਾਂ ਪਾਰਕਾਂ ਵਿੱਚ ਲਗਾਏ ਗਏ ਬੈਂਚ ਵੀ ਟੁੱਟੀ ਹਾਲਤ ਵਿੱਚ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਅਸੁਵਿਧਾ ਹੁੰਦੀ ਹੈ|
ਇਹਨਾਂ ਪਾਰਕਾਂ ਦੀ ਹਾਲਤ ਸੁਧਾਰਨ ਲਈ ਲਈ ਇਹ ਜ਼ਰੂਰੀ ਹੈ ਕਿ ਪਾਰਕਾਂ ਵਿੱਚ ਭਰਤ ਪਾਕੇ ਇਸਦੀ ਨਵੇਂ ਸਿਰੇ ਤੋਂ ਲੈਵਲਿੰਗ ਕੀਤੀ ਜਾਵੇ ਅਤੇ ਇਹਨਾਂ ਵਿੱਚ ਖੜ੍ਹਨ ਵਾਲੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ| ਇਸਦੇ ਨਾਲ ਨਾਲ ਪਾਰਕਾਂ ਵਿੱਚ ਨਵੇਂ ਸਿਰੇ ਤੋਂ ਝੂਲੇ ਅਤੇ ਬੈਂਚ ਲਗਵਾਏ ਜਾਣ|  ਪਿਛਲੇ ਸਵਾ – ਡੇਢ ਮਹੀਨੇ ਤੋਂ ਚਲ ਰਹੀਆ ਵਿਧਾਨਸਭਾ ਚੋਣਾਂ ਦੀਆਂ ਸਰਗਰਮੀਆਂ ਅਤੇ ਸੂਬੇ ਵਿੱਚ ਚੋਣ ਜਾਬਤਾ ਲਾਗੂ ਹੋਣ ਕਾਰਨ ਵਿਕਾਸ ਦੇ ਹੋਰਨਾਂ ਕਾਰਜਾਂ ਵਾਂਗ ਇਲਾਂ ਪਾਰਕਾਂ ਦੇ ਰੱਖ ਰਖਾਓ ਦਾ ਕੰਮ ਵੀ ਲਗਭਗ ਰੁਕਿਆ ਹੋਇਆ ਸੀ ਪਰੰਤੂ ਹੁਣ ਜਦੋਂ ਚੋਣਾਂ ਦਾ ਰੌਲਾ ਗੌਲਾ ਮੁੱਕ ਚੁੱਕਿਆ ਹੈ ਅਤੇ ਚੋਣਾਂ ਦੇ ਕੰਮ ਤੇ ਤੈਨਾਤ ਕੀਤਾ ਗਿਆ ਪ੍ਰਸ਼ਾਸ਼ਨ ਦਾ ਅਮਲਾ ਫੈਲਾ ਵੀ ਆਪਣੇ ਕੰਮ ਤੇ ਪਰਤ ਆਇਆ ਹੈ, ਇਹਨਾਂ ਪਾਰਕਾਂ ਦੇ ਰੱਖ ਰਖਾਓ ਅਤੇ ਇਹਨਾਂ ਦੀ ਬਦਹਾਲੀ ਵਿੱਚ ਸੁਧਾਰ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਹੈ|
ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿਚਲੇ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਈ ਤੁਰੰਤ ਲੋੜੀਂਦੀ ਕਾਰਵਾਈ ਕਰੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਦੇ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਈ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰਵਾਸੀਆਂ ਨੂੰ ਇਹਨਾਂ ਪਾਰਕਾਂ ਦਾ ਪੂਰਾ ਫਾਇਦਾ ਹਾਸਿਲ ਹੋਵੇ ਅਤੇ ਉਹਨਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *