ਸ਼ਹਿਰ ਦੇ ਪਾਰਕਾਂ ਵਿੱਚ ਲੱਗਣ ਲੱਗੇ ਕੂੜੇ ਦੇ ਢੇਰ, ਬਿਮਾਰੀ ਫੈਲਣ ਦਾ ਖਤਰਾ

ਸ਼ਹਿਰ ਦੇ ਪਾਰਕਾਂ ਵਿੱਚ ਲੱਗਣ ਲੱਗੇ ਕੂੜੇ ਦੇ ਢੇਰ, ਬਿਮਾਰੀ ਫੈਲਣ ਦਾ ਖਤਰਾ
ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਤੁਰੰਤ  ਸ਼ੁਰੂ ਹੋਵੇਗਾ : ਮੇਅਰ
ਐਸ. ਏ. ਐਸ. ਨਗਰ, 22 ਜੂਨ (ਸ.ਬ.)  ਗਮਾਡਾ ਵਲੋਂ ਬੀਤੀ 1 ਜੂਨ ਤੋਂ ਸ਼ਹਿਰ ਦੇ ਸਾਰੇ ਪਾਰਕਾਂ ਦੀ ਸਫਾਈ ਅਤੇ ਸਾਂਭ ਸੰਭਾਲ ਦਾ ਕੰਮ ਨਗਰ ਨਿਗਮ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ ਅਤੇ ਨਗਰ ਨਿਗਮ ਵਲੋਂ ਵੀ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਅਤੇ ਸਫਾਈ ਦਾ ਕੰਮ ਠੇਕੇ ਤੇ ਦੇਣ ਦੀ ਕਾਰਵਾਈ ਮੁਕੰਮਲ ਕਰਕੇ ਇਸ ਸਬੰਧੀ ਠੇਕੇਦਾਰਾਂ ਨੂੰ}ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰੰਤੂ ਇਹਨਾਂ ਠੇਕੇਦਾਰਾਂ ਵਲੋਂ ਸ਼ਹਿਰ ਦੇ ਵੱਖ ਵੱਖ ਫੇਜਾਂ ਵਿੱਚ ਬਣੇ ਪਾਰਕਾਂ ਦੀ ਸਾਂਭ ਸੰਭਾਲ ਅਤੇ ਸਫਾਈ ਦਾ ਕੰਮ ਸ਼ੁਰੂ ਨਾ ਕੀਤੇ ਜਾਣ ਕਾਰਨ ਜਿਥੇ ਪਾਰਕਾਂ ਦੀ ਹਾਲਤ ਬਦਹਾਲ ਹੋ ਰਹੀ ਹੈ ਉਥੇ ਇਹਨਾਂ ਵਿੱਚ ਗੰਦਗੀ ਦੇ  ਢੇਰ ਲੱਗ ਗਏ ਹਨ| ਬਰਸਾਤਾਂ ਦਾ ਮੌਸਮ ਸਿਰ ਤੇ ਹੋਣ ਅਤੇ ਪਿਛਲੇ ਦਿਨੀਂ ਪਈ ਤੇਜ ਬਰਸਾਤ ਕਾਰਣ ਪਾਰਕਾਂ ਵਿੱਚ ਇੱਕਠੇ ਹੋਏ ਕੂੜੇ ਦੇ ਇਹਨਾਂ ਢੇਰਾਂ ਵਿੱਚ ਸੀਲਨ ਭਰੀ ਬਦਬੂ ਪੈਦਾ ਹੋ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਬਿਮਾਰੀ ਦਾ ਖਤਰਾ ਬਣ ਰਿਹਾ ਹੈ|
ਮਿਉਂਸਪਲ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿਚਲੇ ਸਾਰੇ ਹੀ ਪਾਰਕਾਂ ਵਿੱਚ ਪਿਛਲੇ ਇੱਕ ਮਹੀਨੇ ਤੋਂ ਸਫਾਈ ਨਹੀਂ ਕਰਵਾਈ ਗਈ ਜਿਸ ਕਾਰਨ ਇੱਥੇ ਕੂੜਾ ਸੜਣ ਲੱਗ ਗਿਆ ਹੈ| ਉਹਨਾਂ ਕਿਹਾ ਕਿ ਜਦੋਂ ਨਗਰ ਨਿਗਮ ਵਲੋਂ ਪਾਰਕਾਂ ਦੀ ਸਾਂਭ ਸੰਭਾਲ ਅਤੇ ਸਫਾਈ ਲਈ ਠੇਕੇਦਾਰ ਨੂੰ ਵਰਕ ਆਰਡਰ ਜਾਰੀ ਹੋ ਗਿਆ ਹੈ ਤਾਂ ਫਿਰ ਇਹ ਕੰਮ ਕਿਉਂ ਬੰਦ ਹੈ ਅਤੇ ਇਸ ਸਬੰਧੀ ਠੇਕੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|
ਫੇਜ਼-6 ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿਚਲੇ ਪਾਰਕ ਵੀ ਮੰਦਹਾਲੀ ਦਾ ਸ਼ਿਕਾਰ ਹਨ ਅਤੇ ਠੇਕੇਦਾਰ ਵੱਲੋਂ ਸਾਫ ਸਫਾਈ ਨਾ ਕਰਵਾਏ ਜਾਣ ਕਾਰਨ ਉਹਨਾਂ ਵਿੱਚ ਕੂੜੇ ਦੇ ਢੇਰ ਲੱਗੇ ਪਏ ਹਨ| ਇਸਤੋਂ ਇਲਾਵਾ ਪਾਰਕਾਂ ਵਿੱਚ ਘਾਹ ਅਤੇ ਜੰਗਲ ਬੂਟੀ ਵੀ ਵੱਧ ਗਈ ਹੈ| ਜਿਸ ਵਿੱਚ ਸੱਪ ਜਾਂ ਹੋਰ ਵਿਸ਼ੈਲੇ ਜੰਤੂਆਂ ਦਾ ਖਤਰਾ ਹੁੰਦਾ ਹੈ| ਉਹਨਾਂ ਕਿਹਾ ਕਿ ਗਮਾਡਾ ਵੱਲੋਂ ਸ਼ਹਿਰ ਦੇ ਪਾਰਕਾਂ ਨੂੰ ਤਾਂ ਨਗਰ ਨਿਗਮ ਦੇ ਅਧੀਨ ਲਿਆ ਦਿੱਤਾ ਗਿਆ ਪਰੰਤੂ ਗਮਾਡਾ ਵੱਲੋਂ ਇਸ ਸਬੰਧੀ ਨਿਗਮ ਨੂੰ ਦਿੱਤੀ ਜਾਣ ਵਾਲੀ ਰਕਮ (50 ਕਰੋੜ ਰੁਪਏ) ਜਾਰੀ ਨਹੀਂ ਕੀਤੇ ਗਏ ਸਨ| ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਸ ਸੰਬੰਧੀ ਗਮਾਡਾ ਨੂੰ ਪੱਤਰ ਲਿਖਿਆ ਗਿਆ ਸੀ ਕਿ ਗਮਾਡਾ ਵੱਲੋਂ ਪਾਰਕਾਂ ਨੂੰ ਨਿਗਮ ਦੇ ਹਵਾਲੇ ਨਾ ਕੀਤਾ ਜਾਵੇ ਅਤੇ ਉਸਤੋਂ ਬਾਅਦ ਗਮਾਡਾ ਵੱਲੋਂ ਨਿਗਮ ਨੂੰ ਕੀਤੀ ਜਾਣ ਵਾਲੀ ਰਕਮ ਦੀ ਅਦਾਇਗੀ ਰੋਕ ਲਈ ਗਈ ਹੈ| ਜਿਸ ਕਾਰਨ ਪਾਰਕਾਂ ਦਾ ਕੰਮ ਰੁਕਿਆ ਹੋਇਆ ਹੈ|
ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਕਹਿੰਦੇ ਹਨ ਕਿ ਨਗਰ ਨਿਗਮ ਵੱਲੋਂ ਠੇਕੇਦਾਰ ਨੂੰ ਵਰਕ ਆਰਡਰ ਜਾਰੀ ਕੀਤੇ ਜਾਣ ਦੇ ਬਾਵਜੂਦ ਠੇਕੇਦਾਰ ਵਲੋਂ ਕੰਮ ਚਾਲੂ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਆ ਰਹੀ ਹੈ|
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਗਮਾਡਾ ਵਲੋਂ ਪਾਰਕਾਂ ਨੂੰ ਨਗਰ ਨਿਗਮ ਦੇ ਅਧੀਨ ਕੀਤੇ ਜਾਣ ਤੋਂ ਬਾਅਦ ਨਿਗਮ ਵੱਲੋਂ ਇਹ ਕੰਮ ਸੰਭਾਲਣ ਵਾਲੇ  ਠੇਕੇਦਾਰਾਂ ਨੂੰ ਕੁਝ ਦਿਨ ਪਹਿਲਾਂ ਹੀ ਵਰਕ ਆਰਡਰ ਜਾਰੀ ਕੀਤਾ ਗਿਆ ਹੈ ਅਤੇ ਠੇਕੇਦਾਰ ਨੂੰ ਪਹਿਲਾਂ ਵੱਡੇ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਕਰਨ ਲਈ ਕਿਹਾ ਗਿਆ ਹੈ| ਉਹਨਾਂ ਕਿਹਾ ਕਿ ਹੁਣੇ ਵਰਕ ਆਰਡਰ ਜਾਰੀ ਹੋਏ ਨੂੰ ਤਿੰਨ-ਚਾਰ ਦਿਨ ਹੀ ਹੋਏ ਹਨ ਅਤੇ  ਛੇਤੀ ਹੀ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਆਰੰਭ ਹੋ ਜਾਵੇਗਾ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਕਰ ਰਿਹਾ ਹੈ ਅਤੇ ਇਸ ਸਬੰਧੀ ਠੇਕੇਦਾਰਾਂ ਨੂੰ ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ| ਉਹਨਾਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਤੁਰੰਤ ਸ਼ੁਰੂ ਹੋਵੇ ਅਤੇ ਇਸ ਸੰਬੰਧੀ ਕਿਸੇ ਕਿਸਮ ਦੀ ਕੁਤਾਹੀ ਨਾ ਹੋਵੇ| ਉਹਨਾਂ ਕਿਹਾ ਕਿ ਪਾਰਕਾਂ ਦੇ ਠੇਕੇ ਵਿੱਚ ਇਹ ਸ਼ਰਤ ਵੀ ਸ਼ਾਮਿਲ ਕੀਤੀ ਗਈ ਹੈ ਕਿ ਪਾਰਕ ਦੇ ਸਾਮ੍ਹਣੇ ਪੈਂਦੇ ਘਰਾਂ ਦੇ 2 ਮਹੋਤਬਰ ਵਿਅਕਤੀਆਂ ਅਤੇ ਵਾਰਡ ਦੇ ਐਮ. ਸੀ. ਤੋਂ ਕੰਮ ਦੇ ਤਸੱਲੀਬਖਸ਼ ਹੋਣ ਦੀ ਰਿਪੋਰਟ ਮਿਲਣ ਤੋਂ ਬਅਦ ਹੀ ਉਸਨੂੰ ਅਦਾਇਗੀ ਕੀਤੀ ਜਾਵੇਗੀ ਅਤੇ ਪਾਰਕਾਂ ਦੀ ਸਾਂਭ ਸੰਭਾਲ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਹੋਵੇ|

Leave a Reply

Your email address will not be published. Required fields are marked *