ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਰੱਖ ਰਖਾਉ ਦਾ ਪੂਰਾ ਕੰਮ ਨਗਰ ਨਿਗਮ ਦੇ ਅਧੀਨ ਹੋਵੇ

ਸਾਡੇ ਸ਼ਹਿਰ ਨੂੰ ਹੋਂਦ ਵਿੱਚ ਆਏ ਚਾਰ ਦਹਾਕੇ ਬੀਤ ਚੁੱਕੇ ਹਨ ਅਤੇ ਸਰਕਾਰ ਦੇ ਦਾਅਵਿਆਂ ਵਿੱਚ ਇਸਨੂੰ ਅੰਤਰਰਾਸ਼ਟਰੀ ਪੱਧਰ ਦੇ ਇੱਕ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਵੀ ਹਾਸਿਲ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਸ਼ਹਿਰ ਵਾਸੀਆਂ ਨੂੰ ਹੁਣੇ ਵੀ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਹਾਸਿਲ ਨਹੀਂ ਹਨ ਅਤੇ ਸ਼ਹਿਰ ਵਾਸੀ ਆਮ ਗੱਲਬਾਤ ਦੌਰਾਨ ਇਸਦੀ ਸ਼ਿਕਾਇਤ ਵੀ ਕਰਦੇ ਦਿਖਦੇ ਹਨ| ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਰੱਖ ਰਖਾਓ ਦਾ ਕੰਮ ਵੱਖ ਵੱਖ ਵਿਭਾਗਾਂ ਕੋਲ ਹੋਣ ਕਾਰਨ ਇਸਦੀ ਜਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੈ|
ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਅਜਿਹਾ ਹੀ ਚਲਦਾ ਆ ਰਿਹਾ ਹੈ ਅਤੇ ਉਸ ਸਮੇਂ ਤੋਂ ਹੀ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਇਸਦੇ ਰੱਖ ਰਖਾਉ ਨਾਲ ਜੁੜੇ ਕਾਰਜਾਂ ਦੀ ਜਿੰਮੇਵਾਰੀ ਵੱਖ ਵੱਖ ਮਹਿਕਮਿਆਂ ਦੇ ਅਧੀਨ ਰਹੀ ਹੈ| ਸਾਡੇ ਸ਼ਹਿਰ ਦੀ ਉਸਾਰੀ ਦਾ ਕੰਮ 1975 ਵਿੱਚ ਆਰੰਭ ਹੋਇਆ ਸੀ ਅਤੇ ਉਸ ਵੇਲੇ ਇਸਦੀ ਯੋਜਨਾਬੰਦੀ ਅਤੇ ਮੁੱਢਲੇ ਵਿਕਾਸ ਦਾ ਕੰਮ ਪੰਜਾਬ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਵਲੋਂ ਆਰੰਭਿਆ ਗਿਆ ਸੀ ਜਿਹੜਾ ਬਾਅਦ ਵਿੱਚ ਪੂਡਾ ਅਤੇ ਫਿਰ ਗਮਾਡਾ ਦੇ ਅਧੀਨ ਆ ਗਿਆ| ਗਮਾਡਾ ਵਲੋਂ ਹੁਣੇ ਵੀ ਇੱਥੇ ਰਿਹਾਇਸ਼ੀ ਅਤੇ ਵਪਾਰਕ ਪਲਾਟ ਕੱਟ ਕੇ ਉਹਨਾਂ ਨੂੰ ਅਲਾਟ ਜਾਂ ਨਿਲਾਮੀ ਕਰਨ, ਸੜਕਾਂ ਦੀ ਉਸਾਰੀ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਨਾਲ ਜੁੜੇ ਹੋਰਨਾਂ ਕੰਮ ਦੀ ਜਿੰਮੇਵਾਰੀ ਸੰਭਾਲੀ ਜਾਂਦੀ ਹੈ ਜਦੋਂਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਜਨਸਿਹਤ ਵਿਭਾਗ ਦੇ ਹਵਾਲੇ ਹੈ| ਇਸਦੇ ਨਾਲ ਨਾਲ ਸ਼ਹਿਰ ਵਿੱਚ ਸਥਿਤ ਉਦਯੋਗਿਕ ਖੇਤਰ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਉਸਦੇ ਵਿਕਾਸ ਦੇ ਕੰਮ ਦੀ ਜਿੰਮੇਵਾਰੀ ਉਦਯੋਗ ਵਿਭਾਗ ਵਲੋਂ ਆਪਣੇ ਪੱਧਰ ਤੇ ਸੰਭਾਲੀ ਜਾਂਦੀ ਹੈ|
ਇਹਨਾਂ ਵੱਖ ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਹੋਣ ਕਾਰਨ ਸ਼ਹਿਰ ਦੇ ਵਿਕਾਸ ਨਾਲ ਜੁੜੇ ਕੰਮ ਸਾਲਾਂ ਬੱਧੀ ਲਮਕਦੇ ਰਹਿੰਦੇ ਹਨ ਅਤੇ ਇਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਸ਼ਹਿਰ ਵਾਸੀ ਆਮ ਤੌਰ ਤੇ ਆਪਣੀਆਂ ਰੋਜਾਨਾ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਤਕ ਹੀ ਪਹੁੰਚ ਕਰਦੇ ਹਨ| ਜਿੱਥੋਂ ਬਾਅਦ ਵਿੱਚ ਉਹਨਾਂ ਨੂੰ ਕੋਰਾ ਜਵਾਬ ਮਿਲ ਜਾਂਦਾ ਹੈ| ਹਾਲਾਤ ਇਹ ਹਨ ਕਿ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਇੱਕ ਦੂਜੇ ਤੇ ਜਿੰਮੇਵਾਰੀ ਸੁੱਟ ਕੇ ਆਪਣੇ ਹੱਥ ਝਾੜਦੇ ਰਹਿੰਦੇ ਹਨ ਅਤੇ ਉਹਨਾਂ ਦੇ ਜਵਾਬਦੇਹ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈਂਦਾ ਹੈ|
ਗਮਾਡਾ ਵਲੋਂ ਪਿਛਲੇ ਸਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰੱਖ ਰਖਾਓ ਨਾਲ ਜੁੜੀ ਤਮਾਮ ਜਿੰਮੇਵਾਰੀ (ਜਿਸ ਵਿੱਚ ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਸ਼ਹਿਰ ਵਿਚਲੇ ਕਮਿਊਨਿਟੀ ਸੈਟਰਾਂ ਦੇ ਰੱਖ ਰਖਾਓ, ਸਟ੍ਰੀਟ ਲਾਈਟਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ, ਸੜਕਾਂ ਅਤੇ ਗਲੀਆਂ ਦੀ ਮੁੰਰਮਤ ਅਤੇ ਹੋਰ ਬਾਕੀ ਰੱਖਰਖਾਓ ਦੇ ਕੰਮਾਂ ਦੀ ਜਿੰਮੇਵਾਰੀ ਸ਼ਾਮਿਲ ਹੈ) ਨਗਰ ਨਿਗਮ ਦੇ ਹਵਾਲੇ ਕਰ ਦਿੱਤੀ ਗਈ ਸੀ ਅਤੇ ਇਸ ਕੰਮ ਵਾਸਤੇ ਗਮਾਡਾ ਵਲੋਂ ਨਗਰ ਨਿਗਮ ਨੂੰ ਹਰ ਸਾਲ 50 ਕਰੋੜ ਰੁਪਏ ਦੀ ਰਕਮ ਦੀ ਅਦਾਇਗੀ ਵੀ ਕੀਤੀ ਜਾਂਦੀ ਹੈ| ਅਜਿਹਾ ਹੋਣ ਨਾਲ ਹੁਣ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰੱਖ ਰਖਾਓ ਦੇ ਕੰਮਾਂ ਲਈ ਸ਼ਹਿਰ ਵਾਸੀਆਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਸਹੂਲੀਅਤ ਹੋ ਗਈ ਹੈ ਅਤੇ ਉਹ ਆਪਣੇ ਵਾਰਡ ਦੇ ਕੌਂਸਲਰ ਰਾਂਹੀ ਆਪਣੀ ਮੁਸ਼ਕਲਾਂ ਹੱਲ ਕਰਵਾਉਣ ਦੇ ਸਮਰਥ ਵੀ ਹੋ ਗਏ ਹਨ| ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰੱਖ ਰਖਾਓ ਦੀ ਜਿੰਮੇਵਾਰੀ ਤਾਂ ਨਗਰ ਨਿਗਮ ਦੇ ਅਧੀਨ ਆ ਗਈ ਹੈ ਪਰੰਤੂ ਹੁਣ ਵੀ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ ਉਸਾਰੀ ਕਰਨ ਦਾ ਕੰਮ ਨਿਗਮ ਕੋਲ ਨਹੀਂ ਹੈ ਅਤੇ ਇਹ ਕੰਮ ਹੁਣੇ ਵੀ ਗਮਾਡਾ ਵਲੋਂ ਹੀ ਕੀਤਾ ਜਾਂਦਾ ਹੈ|
ਜਦੋਂ ਤਕ ਵੱਖ ਵੱਖ ਵਿਭਾਗਾਂ ਵਿੱਚ ਵੰਡੀਆਂ ਗਈਆਂ ਜਿੰਮੇਵਾਰੀਆਂ ਨੂੰ ਮੁਕੰਮਲ ਤੌਰ ਤੇ ਨਗਰ ਨਿਗਮ ਦੇ ਅਧੀਨ ਨਹੀਂ ਲਿਆਂਦਾ ਜਾਵੇਗਾ, ਸ਼ਹਿਰ ਵਿੱਚ ਆਮ ਲੋਕਾਂ ਦੇ ਹਿੱਤਾਂ ਨਾਲ ਜੁੜੇ ਕੰਮ ਠੀਕ ਢੰਗ ਨਾਲ ਮੁਕੰਮਲ ਨਹੀਂ ਹੋ ਸਕਦੇ| ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਦੇ ਵਿਕਾਸ ਨਾਲ ਜੁੜੇ ਸ਼ਹਿਰ ਹਰ ਛੋਟੇ ਵੱਡੇ ਕੰਮ (ਜਿਸ ਵਿੱਚ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ, ਉਸਾਰੀ ਅਤੇ ਸਾਂਭਸੰਭਾਲ ਦੀ ਜਿੰਮੇਵਾਰੀ ਸ਼ਾਮਿਲ ਹੈ) ਸ਼ਹਿਰ ਦੇ ਮਿਲਖ ਦਫਤਰ ਨੂੰ ਨਗਰ ਨਿਗਮ ਦੇ ਅਧੀਨ ਲਿਆਂਦਾ ਜਾਵੇ ਤਾਂ ਜੋ ਨਿਗਮ ਦੀ ਆਮਦਨ ਵੀ ਵਧੇ ਅਤੇ ਉਹ ਸ਼ਹਿਰ ਦਾ ਬਿਹਤਰ ਢੰਗ ਨਾਲ ਵਿਕਾਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦਾ ਸਮਰਥ ਹੋਵੇ|

Leave a Reply

Your email address will not be published. Required fields are marked *