ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਚੌੜਾਈ ਵਧਾਏ ਪ੍ਰਸ਼ਾਸ਼ਨ

ਸਾਡੇ ਸ਼ਹਿਰ ਦੀ ਉਸਾਰੀ ਵੇਲੇ ਸ਼ਹਿਰ ਦੇ ਯੋਜਨਾਕਾਰਾਂ ਵਲੋਂ ਸ਼ਹਿਰ ਦੀ ਕੀਤੀ ਗਈ ਯੋਜਨਾਬੰਦੀ ਦੌਰਾਨ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਭਵਿੱਖ ਵਿੱਚ ਸ਼ਹਿਰ ਦੇ ਵਿਕਾਸ ਦੇ ਪੜਾਆਂ ਦੌਰਾਨ ਜਦੋਂ ਸ਼ਹਿਰ ਦੀ ਆਬਾਦੀ ਵੱਧ ਜਾਵੇਗੀ ਅਤੇ ਲੋਕਾਂ ਕੋਲ ਆਵਾਜਾਈ ਲਈ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਵੇਗਾ ਤਾਂ ਉਹਨਾਂ ਵਾਹਨਾਂ ਦੀ ਆਵਾਜਾਈ ਲਈ ਚੌੜੀਆਂ ਸੜਕਾਂ ਦੀ ਲੋੜ ਪਵੇਗੀ ਅਤੇ ਸ਼ਹਿਰ ਵਿੱਚ ਬਣਾਈਆਂ ਜਾ ਰਹੀਆਂ ਤੰਗ ਗਲੀਆਂ ਲੋਕਾਂ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਦੀ ਸਮਰਥ ਨਹੀਂ ਹੋਣਗੀਆਂ| ਉਹਨਾਂ ਵਲੋਂ ਇਸ ਗੱਲ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਗਿਆ ਕਿ ਲੋਕਾਂ ਦੇ ਵਾਹਨ ਕਿੱਥੇ ਖੜ੍ਹੇ ਹੋਣਗੇ ਅਤੇ ਜਦੋਂ ਇਹ ਵਾਹਨ ਪਹਿਲਾਂ ਹੀ ਤੰਗ ਬਣਾਈਆਂ ਗਈਆਂ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਜਾਣਗੇ ਤਾਂ ਵਾਹਨਾਂ ਦੀ ਅਵਾਜਾਈ ਲਈ ਥਾਂ ਕਿੱਥੇ ਬਚੇਗੀ|
ਸ਼ਹਿਰ ਦੀ ਉਸਾਰੀ ਵੇਲੇ ਭਾਵੇਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਲਈ 35 ਤੋਂ 45 ਫੁੱਟ ਤਕ ਚੌੜੀ ਥਾਂ ਛੱਡੀ ਗਈ ਸੀ ਪਰੰਤੂ ਇਸ ਥਾਂ ਵਿੱਚੋਂ ਆਮ ਲੋਕਾਂ ਦੀ ਆਵਾਜਾਈ ਲਈ ਸਿਰਫ 12 ਤੋਂ 14 ਫੁੱਟ ਚੌੜੀ ਸੜਕ ਦੀ ਹੀ ਉਸਾਰੀ ਕੀਤੀ ਗਈ ਅਤੇ ਬਾਕੀ ਦੀ ਥਾਂ ਲੋਕਾਂ ਦੇ ਮਕਾਨਾਂ ਦੇ ਸਾਮ੍ਹਣੇ ਖਾਲੀ ਛੱਡ ਦਿੱਤੀ ਗਈ| ਇਸ ਖਾਲੀ ਥਾਂ ਤੇ ਲੋਕਾਂ ਵਲੋਂ ਕਬਜਾ ਕਰਕੇ ਇਸ ਥਾਂ ਤੇ ਆਪਣੀਆਂ ਬਗੀਚੀਆਂ ਆਦਿ ਬਣਾ ਲਈਆਂ ਗਈਆਂ ਅਤੇ ਇਹ ਥਾਂ ਉਹਨਾਂ ਦੀ ਨਿੱਜੀ ਵਰਤੋਂ ਹੇਠ ਆ ਗਈ ਅਤੇ ਇਹਲਾਂ ਗਲੀਆਂ ਦੀ ਚੌੜਾਈ ਵਧਾਉਣ ਵਾਸਤੇ ਥਾਂ ਖਤਮ ਹੋ ਗਈ|
ਪਹਿਲਾਂ ਜਦੋਂ ਲੋਕਾਂ ਕੋਲ ਇੱਕਾ ਦੁੱਕਾ ਵਾਹਨ ਹੁੰਦੇ ਸਨ ਉਸ ਵੇਲੇ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਪਰੰਤੂ ਸਮੇਂ ਦੇ ਨਾਂਲ ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰਾਂ ਦੀਆਂ ਤੰਗ ਸੜਕਾਂ (ਗਲੀਆਂ) ਵਸਨੀਕਾਂ ਲਈ ਵੱਡੀ ਪਰੇਸ਼ਾਨੀ ਬਣ ਚੁੱਕੀਆਂ ਹਨ| ਇੱਕ ਤਾਂ ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਦੀ ਚੌੜਾਈ ਪਹਿਲਾਂ ਹੀ ਘੱਟ ਹੈ ਉੱਪਰੋਂ ਇਹਨਾਂ ਵਿੱਚ ਆਮ ਲੋਕਾਂ ਵਲੋਂ ਆਪਣੇ ਵਾਹਨ ਵੀ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਇਹਨਾਂ ਵਿਚਲੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਹਾਲਾਤ ਇਹ ਹਨ ਕਿ ਰਿਹਾਇਸ਼ੀ ਖੇਤਰਾਂ ਦੀਆਂ ਗਲੀਆਂ ਵਿੱਚ ਦੋਵੇਂ ਪਾਸੇ ਲੋਕ ਆਪਣੇ ਮਕਾਨ ਦੇ ਸਾਮ੍ਹਣੇ ਸੜਕ ਤੇ ਹੀ ਆਪਣਾ ਵਾਹਨ ਖੜ੍ਹਾ ਦਿੰਦੇ ਹਨ ਅਤੇ ਇਸ ਕਾਰਨ ਕਿਸੇ ਹੋਰ ਵਾਹਨ ਦਾ ਲਾਂਘਾ ਤਕ ਔਖਾ ਹੋ ਜਾਂਦਾ ਹੈ|
ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਲੋਕਾਂ ਵਲੋਂ ਥਾਂ ਥਾਂ ਤੇ ਆਪਣੇ ਵਾਹਨ ਖੜ੍ਹਾਉਣ ਕਾਰਨ ਇਹਨਾਂ ਗਲੀਆਂ ਵਿੱਚ ਆਵਾਜਾਈ ਤਾਂ ਪ੍ਰਭਾਵਿਤ ਹੁੰਦੀ ਹੀ ਹੈ, ਇਸ ਕਾਰਨ ਸ਼ਹਿਰੀਆਂ ਵਿੱਚ ਆਪਸੀ ਨੋਕ ਝੋਂਕ ਅਤੇ ਝਗੜੇ ਵੀ ਹੁੰਦੇ ਹਨ| ਪ੍ਰਸ਼ਾਸ਼ਨ ਵਲੋਂ ਹੁਣ ਤਕ ਆਮ ਲੋਕਾਂ ਦੀ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਟਾਲਾ ਹੀ ਵੱਟਿਆ ਜਾਂਦਾ ਰਿਹਾ ਹੈ ਅਤੇ ਸ਼ਹਿਰ ਦੀਆਂ ਇਹਨਾਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ| ਪਿਛਲੇ ਕੁੱਝ ਸਾਲਾਂ ਤੋਂ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸੜਕਾਂ ਕਿਨਾਰੇ ਬਣਾਏ ਗਏ ਫੁਟਪਾਥਾਂ ਨੂੰ ਥੋੜ੍ਹਾ ਟੇਪਰ ਕਰਕੇ ਕੰਮ ਜਰੂਰ ਚਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਇਹਨਾਂ ਫੁਟਪਾਥਾਂ ਤੇ ਆਪਣੇ ਵਾਹਨ ਖੜ੍ਹੇ ਕਰ ਸਕਣ| ਪਰੰਤੂ ਇਸ ਨਾਲ ਇਸ ਸਮੱਸਿਆ ਦਾ ਹਲ ਨਹੀਂ ਹੁੰਦਾ ਅਤੇ ਫੁਟਪਾਥ ਟੇਪਰ ਕੀਤੇ ਜਾਣ ਕਾਰਨ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੇ ਤੁਰਨ ਦੇ ਕੰਮ ਵੀ ਨਹੀਂ ਆਉਂਦੇ| ਜੇਕਰ ਇਹਨਾਂ ਫੁਟਪਾਥਾਂ ਦੀ ਉਸਾਰੀ ਗੱਡੀਆਂ ਦੀ ਪਾਰਕਿੰਗ ਲਈ ਹੀ ਕੀਤੀ ਜਾਣੀ ਹੈ ਤਾਂ ਫਿਰ ਪ੍ਰਸ਼ਾਸ਼ਨ ਵਲੋਂ ਇਹਨਾਂ ਗਲੀਆਂ ਨੂੰ ਚੌੜਾ ਕਿਉਂ ਨਹੀਂ ਕਰ ਦਿੱਤਾ ਜਾਂਦਾ ਅਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੇ ਇਹਨਾਂ ਫੁਟਪਾਥਾਂ ਦੀ ਉਸਾਰੀ ਕਰਵਾਉਣ ਦੀ ਭਲਾ ਕੀ ਤੁਕ ਬਣਦੀ ਹੈ|
ਨਗਰ ਨਿਗਮ ਦੇ ਅਧਿਕਾਰੀ ਕਹਿੰਦੇ ਹਨ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਮੁੱਢਲੀ ਪਲਾਨਿੰਗ ਵਿੱਚ ਕੋਈ ਬਦਲਾਅ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ ਅਤੇ ਪਲਾਨਿਗ ਵਿੱਚ ਤਬਦੀਲੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ| ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਗਮਾਡਾ ਵਲੋਂ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦੀ ਤਬਦੀਲੀ ਕਿਉਂ ਨਹੀਂ ਕੀਤੀ ਗਈ ਹੈ| ਨਗਮ ਨਿਗਮ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਕਾਰਵਾਈ ਕਰੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਗਮਾਡਾ ਦੇ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦਾ ਫੇਰਬਦਲ ਕਰਵਾਉਣ ਅਤੇ ਅੰਦਰੂਨੀ ਸੜਕਾਂ ਦੀ ਚੌੜਾਈ ਵਿੱਚ ਵਾਧਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *