ਸ਼ਹਿਰ ਦੇ ਲੋਕਾਂ ਦੇ ਪੈਸੇ ਬਰਬਾਦ ਨਹੀਂ ਹੋਣ ਦਿਆਂਗੇ : ਬਲਬੀਰ ਸਿੰਘ ਸਿੱਧੂ

ਸ਼ਹਿਰ ਦੇ ਲੋਕਾਂ ਦੇ ਪੈਸੇ ਬਰਬਾਦ ਨਹੀਂ ਹੋਣ ਦਿਆਂਗੇ : ਬਲਬੀਰ ਸਿੰਘ ਸਿੱਧੂ
ਨਗਰ ਨਿਗਮ ਦੀ ਚੋਣ ਇਸੇ ਸਾਲ ਦੇ ਅਖੀਰ ਵਿੱਚ ਕਰਵਾਉਣ ਦਾ ਐਲਾਨ
ਐਸ ਏ ਐਸ ਨਗਰ, 17 ਜਨਵਰੀ (ਸ.ਬ.) ਮੁਹਾਲੀ ਸ਼ਹਿਰ ਦੇ ਵਸਨੀਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਤਰ ਕੀਤੇ ਜਾਂਦੇ ਪੈਸੇ ਦੀ ਬਰਬਾਦੀ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੀ ਸ਼ਹਿਰ ਦੇ ਵਿਕਾਸ ਲਈ ਫੰਡਾਂ ਵਿੰਚ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ| ਇਹ ਗੱਲ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦਰਖਤਾਂ ਦੀ ਛੰਗਾਈ ਲਈ ਤਿਆਰ ਕਰਵਾਈਆਂ ਦੋ ਮਸ਼ੀਨਾਂ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਮਸ਼ੀਨਾਂ ਨੂੰ ਤਿਆਰ ਕਰਵਾ ਕੇ ਸ਼ਹਿਰ ਵਾਸੀਆਂ ਦੇ ਪੌਣੇ ਦੋ ਕਰੋੜ ਰੁਪਏ ਬਚਾਏ ਗਏ ਹਨ ਅਤੇ ਲੋਕਾਂ ਤੋਂ ਟੈਕਸਾਂ ਰਾਂਹੀ ਇਕੱਤਰ ਕੀਤੀ ਜਾਣ ਵਾਲੀ ਰਕਮ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ|
ਨਗਰ ਨਿਗਮ ਦੇ ਮੇਅਰ ਦਾ ਨਾਮ ਲਏ ਬਿਨਾ ਵਿਅੰਗ ਕਰਦਿਆਂ ਉਹਨਾਂ ਕਿਹਾ ਕਿ ਜਿਹੜੇ ਲੋਕ ਇਹਨਾਂ ਮਸ਼ੀਨਾਂ ਨੂੰ ਜੁਗਾੜ ਦੱਸਦੇ ਹਨ ਉਹ ਵੇਖ ਲੈਣ ਕਿ ਇਹ ਮਸ਼ੀਨਾਂ ਪੂਰੇ ਦੇਸ਼ ਵਿੱਚ ਸਫਲਤਾ ਪੂਰਵਕ ਕੰਮ ਕਰ ਰਹੀਆਂ ਹਨ| ਉਹਨਾਂ ਕਿਹਾ ਕਿ ਰਾਸ਼ਟਰਪਤੀ ਭਵਨ, ਦਿੱਲੀ, ਗੁੜਗਾਵਾਂ, ਕਰਨਾਲ, ਨੋਇਡਾ, ਚੰਡੀਗੜ੍ਹ ਅਤੇ ਹੋਰਨਾਂ ਕਈ ਸ਼ਹਿਰਾਂ ਵਿੱਚ ਇਹ ਮਸ਼ੀਨਾਂ ਚਲ ਰਹੀਆਂ ਹਨ ਅਤੇ ਇਹਨਾਂ ਨੂੰ ਤਿਆਰ ਕਰਨ ਵਾਲੀ ਕੰਪਨੀ ਵਲੋਂ ਗਾਰੰਟੀ ਵੀ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਨਿਗਮ ਵਲੋਂ ਜਿਹੜੀ ਵਿਦੇਸ਼ੀ ਮਸ਼ੀਨ ਮੰਗਵਾਈ ਜਾ ਰਹੀ ਸੀ ਜੇਕਰ ਉਹ ਕਿਤੇ ਖਰਾਬ ਹੋ ਜਾਂਦੀ ਤਾਂ ਉਸਨੂੰ ਮੁਰੰਮਤ ਵਾਸਤੇ ਵਾਪਸ ਵਿਦੇਸ਼ ਭੇਜਣਾ ਪੈਣਾ ਸੀ ਅਤੇ ਉਸਨੇ ਚਿੱਟਾ ਹਾਥੀ ਸਾਬਿਤ ਹੋਣਾ ਸੀ|
ਮੇਅਰ ਤੇ ਇਸ਼ਾਰਾ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਕੁਰਸੀ ਮਿਲ ਜਾਵੇ ਤਾਂ ਖੁਦ ਨੂੰ ਮਾਲਕ ਨਹੀਂ ਸਮਝਣਾ ਚਾਹੀਦਾ ਬਲਕਿ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਨੇ ਚਾਹੀਦੇ ਹਨ| ਉਹਨਾਂ ਕਿਸੇ ਦਾ ਨਾਮ ਲਏ ਬਿਨਾ ਦੋਸ਼ ਲਗਾਇਆ ਕਿ ਕੁੱਝ ਅਮੀਰਾਂ ਨੇ ਸ਼ਹਿਰ ਦਾ ਪੈਸਾ ਲੁੱਟਣ ਦੀ ਤਿਆਰੀ ਕਰ ਲਈ ਸੀ ਪਰੰਤੂ ਇਹ ਪੈਸਾ ਬਚਾ ਲਿਆ ਗਿਆ ਹੈ| ਉਹਨਾਂ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਵੀ ਨਿੱਜੀ ਵਿਰੋਧ ਨਹੀਂ ਹੈ ਬਲਕਿ ਉਹ ਤਾਂ ਸ਼ਹਿਰ ਦੇ ਵਿਕਾਸ ਦੇ ਚਾਹਵਾਨ ਹਨ|
ਮੇਅਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਿਛਲੀ ਵਾਰ ਹੋਈਆਂ ਚੋਣਾ ਮੌਕੇ ਉਹਨਾਂ ਨੇ ਪਿਛਲੇ ਵਿਰੋਧ ਭੁਲਾ ਕੇ ਜੱਫੀ ਪਾਈ ਸੀ ਅਤੇ ਇਸ ਸੰਬੰਧੀ ਗੁਰਦੁਆਰੇ ਵਿੱਚ ਜਾ ਕੇ ਸੰਹੁ ਵੀ ਖਾਧੀ ਗਈ ਸੀ ਜਿਸਤੇ ਉਹ ਅੱਜ ਵੀ ਕਾਇਮ ਹਨ ਜਦੋਂਕਿ ਦੂਜੀ ਧਿਰ ਪਲਟੀ ਮਾਰ ਗਈ ਹੈ| ਉਹਨਾਂ ਕਿਹਾ ਕਿ ਨਗਰ ਨਿਗਮ ਐਸ ਏ ਐਸ ਨਗਰ ਦੀ ਮਿਆਦ ਭਾਵੇਂ 2020 ਤਕ ਹੈ ਪਰੰਤੂ ਇਸਦੀ ਚੋਣ ਇਸੇ ਸਾਲ (31 ਦਸੰਬਰ ਤਕ) ਕਰਵਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *