ਸ਼ਹਿਰ ਦੇ ਵਿਕਾਸ ਵਿੱਚ ਆ ਰਹੀ ਖੜੌਂਤ ਦੀ ਜਿੰਮੇਵਾਰੀ ਸਰਕਾਰ ਉੱਪਰ ਸੁੱਟਣ ਵਿੱਚ ਕਾਮਯਾਬ ਰਹੇ ਮੇਅਰ

ਸ਼ਹਿਰ ਦੇ ਵਿਕਾਸ ਵਿੱਚ ਆ ਰਹੀ ਖੜੌਂਤ ਦੀ ਜਿੰਮੇਵਾਰੀ ਸਰਕਾਰ ਉੱਪਰ ਸੁੱਟਣ ਵਿੱਚ ਕਾਮਯਾਬ ਰਹੇ ਮੇਅਰ
ਮੀਟਿੰਗ ਵਿੱਚ ਹਾਜਿਰ ਕੌਂਸਲਰਾਂ ਨੂੰ ਆਪਣੇ ਢੰਗ ਨਾਲ ਸਹਿਮਤ ਕਰਕੇ ਮੇਅਰ ਨੇ ਵਿਖਾਈ ਸਿਆਸੀ ਕਾਬਲੀਅਤ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 28 ਨਵੰਬਰ

ਨਗਰ ਨਿਗਮ ਦੀ ਬੀਤੇ ਕੱਲ ਹੋਈ ਮੀਟਿੰਗ ਦੌਰਾਨ ਜਿਸ ਤਰੀਕੇ ਨਾਲ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਅਤੇ ਦਰਖਤਾਂ ਦੀ ਕਟਾਈ ਛਟਾਈ ਲਈ ਜਰਮਨ ਤੋਂ ਖਰੀਦੀ ਗਈ ਪਰੂਮਿੰਗ ਮਸ਼ੀਨ ਦੇ ਸੌਦੇ ਦੀ ਸਥਾਨਕ ਸਰਕਾਰ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਦੇ ਮੁੱਦੇ ਲਈ ਸਿੱਧੇ ਤੌਰ ਤੇ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ ਉਸ ਨਾਲ ਜਿੱਥੇ ਉਹਨਾਂ ਨੇ ਆਪਣੀ ਸਿਆਸੀ ਕਾਬਲੀਅਤ ਜਾਹਿਰ ਕਰਦਿਆਂ ਕੌਂਸਲਰਾਂ ਵਲੋਂ ਚੁੱਕੇ ਜਾਂਦੇ ਵਿਰੋਧ ਦੇ ਸੁਰਾਂ ਨੂੰ ਵੀ ਕਾਫੀ ਹੱਦ ਤਕ ਸ਼ਾਂਤ ਕਰ ਲਿਆ| ਇਹ ਵੀ ਕਿਹਾ ਜਾ ਸਕਦਾ ਹੈ ਕਿ ਬੀਤੇ ਕੱਲ ਹੋਈ ਮੀਟਿੰਗ ਵਾਸਤੇ ਮੇਅਰ ਵਲੋਂ ਪਹਿਲਾਂ ਹੀ ਅਗਾਊਂ ਤਿਆਰੀ ਕੀਤੀ ਗਈ ਸੀ ਅਤੇ ਇਹੀ ਕਾਰਨ ਹੈ ਕਿ ਮੀਟਿੰਗ ਵਿੱਚ ਰੌਲੇ ਗੌਲੇ ਦੇ ਬਾਵਜੂਦ ਉਹ (ਲਗਭਗ) ਸਾਰੇ ਹੀ ਮਤੇ ਪਾਸ ਕਰਵਾਉਣ ਵਿੱਚ ਕਾਮਯਾਬ ਰਹੇ ਹਨ|
ਮੀਟਿੰਗ ਤੋਂ ਪਹਿਲਾਂ ਹੀ ਇਹ ਆਸਾਰ ਬਣ ਗਏ ਸਨ ਕਿ ਇਹ ਮੀਟਿੰਗ ਕਾਫੀ ਹੰਗਾਮਾਖੇਜ ਰਹੇਗੀ| ਇਸ ਸੰਬੰਧੀ ਤਿੰਨ ਮੁੱਦੇ ਪ੍ਰਮੁਖ ਤੌਰ ਤੇ ਉਠਣ ਦੀ ਸੰਭਾਵਨਾ ਸੀ ਜਿਹਨਾਂ ਵਿੱਚੋਂ ਇੱਕ ਵਿਦੇਸ਼ੀ ਮਸ਼ੀਨ ਸੌਦੇ ਦਾ ਹੀ ਸੀ, ਜਿਸ ਦੀ ਖਰੀਦ ਵਾਸਤੇ ਨਿਗਮ ਵਲੋਂ ਮਸ਼ੀਨ ਸਪਲਾਈ ਕਰਨ ਵਾਲੀ ਕੰਪਨੀ ਨੂੰ 90 ਲੱਖ ਰੁਪਏ ਅਡਵਾਂਸ ਵੀ ਦਿੱਤੇ ਜਾ ਚੁੱਕੇ ਹਨ ਅਤੇ ਮੀਟਿੰਗ ਦੀ ਸ਼ੁਰੂਆਤ ਵੇਲੇ ਇਹ ਮੁੱਦਾ ਉਠਿਆ ਵੀ ਪਰੰਤੂ ਮੇਅਰ ਵਲੋਂ ਇਸ ਮੁੱਦੇ ਦੇ ਜਵਾਬ ਵਿੱਚ ਜਿੱਥੇ ਇਸਨੂੰ ਹਾਊਸ ਦੀ ਇੱਜਤ ਨਾਲ ਜੋੜ ਦਿੱਤਾ ਉੱਥੇ ਇਸ ਸਾਰੇ ਮਾਮਲੇ ਲਈ ਸਥਾਨਕ ਸਰਕਾਰ ਵਿਭਾਗ ਦੇ ਉੱਚ ਅਧਿਕਾਰੀਆਂ (ਜਿਹਨਾਂ ਵਲੋਂ ਇਸ ਮਸ਼ੀਨ ਦੀ ਕੀਮਤ ਨੂੰ ਵੱਧ ਦੱਸਦਿਆਂ ਇਸ ਸੌਦੇ ਦੀ ਜਾਂਚ ਦੀ ਕਾਰਵਾਈ ਆਰੰਭੀ ਗਈ ਹੈ) ਦੀ ਕਾਬਲੀਅਤ ਤੇ ਹੀ ਸਵਾਲ ਚੁੱਕਦਿਆਂ ਇਸਨੂੰ ਹਾਊਸ ਦੇ ਅਧਿਕਾਰਾਂ ਵਿੱਚ ਦਖਅੰਦਾਜੀ ਦਾ ਦਰਜਾ ਦੇ ਦਿੱਤਾ| ਇਸਦੇ ਨਾਲ ਹੀ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਅਤੇ ਸਾਫ ਸਫਾਈ ਦੇ ਪ੍ਰਬੰਧਾਂ ਸੰਬੰਧੀ ਕੌਂਸਲਰਾਂ ਦੀਆਂ ਸ਼ਿਕਾਇਤਾਂ ਦੇ ਪ੍ਰਮੁਖ ਮੁੱਦੇ ਤੇ ਜਵਾਬ ਦਿੰਦਿਆਂ ਮੇਅਰ ਵਲੋਂ ਇਸ ਸੰਬੰਧੀ ਠੇਕੇਦਾਰ ਨਾਲ ਹੋਏ ਕਰਾਰ ਬਾਰੇ ਸਥਾਨਕ ਸਰਕਾਰ ਵਿਭਾਗ ਵਲੋਂ ਚੁੱਕੇ ਇਤਰਾਜਾਂ ਦੀ ਗੱਲ ਕਰਦਿਆਂ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਇੰਝ ਲੱਗਣ ਲੱਗ ਗਿਆ ਕਿ ਇਹ ਸਾਰਾ ਕੁੱਝ ਸਰਕਾਰ ਵਲੋਂ ਸਿਆਸੀ ਬਦਲਾਖੋਬਰੀ ਦੇ ਤਹਿਤ ਹੀ ਕੀਤਾ ਜਾ ਰਿਹਾ ਹੈ| ਰਹਿੰਦੀ ਕਸਰ ਸਵੱਛ ਭਾਰਤ ਅਭਿਆਨ ਲਈ ਬਣਾਏ ਜਾਣ ਵਾਲੇ 20 ਟਾਇਲਟਾਂ ਦੇ ਮਤੇ (ਜਿਸਨੂੰ ਹਾਉਸ ਵਲੋਂ ਤਿੰਨ ਮਹੀਨੇ ਪਹਿਲਾਂ ਪਾਸ ਕਰਕੇ ਭੇਜਣ ਦੇ ਬਾਵਜੂਦ ਸਥਾਨਕ ਸਰਕਾਰ ਵਿਭਾਗ ਵਲੋਂ ਮੰਜੂਰੀ ਨਹੀਂ ਦਿੱਤੀ ਗਈ ਅਤੇ ਜਿਸਦਾ ਅਸਰ ਜਨਵਰੀ ਵਿੱਚ ਹੋਣ ਵਾਲੇ ਸਵੱਛ ਭਾਰਤ ਸਰਵੇ ਦੌਰਾਨ ਸ਼ਹਿਰ ਦੀ ਰੈਂਕਿਗ ਤੇ ਨਾਂਹ ਪੱਖੀ ਅਸਰ ਪੈਣਾ ਹੈ) ਨਾਲ ਪੂਰੀ ਹੋ ਗਈ ਅਤੇ ਇਸ ਮੌਕੇ ਰੋਹ ਵਿੱਚ ਆਏ ਹਾਉਸ ਦੇ ਇੱਕ ਮੈਂਬਰ ਵਲੋਂ ਤਾਂ ਇਹ ਤਕ ਕਹਿ ਦਿੱਤਾ ਗਿਆ ਕਿ ਜੇਕਰ ਸਰਕਾਰ ਸਾਨੂੰ ਕੋਈ ਸਹੂਲੀਅਤ ਨਹੀਂ ਦੇ ਸਕਦੀ ਤਾਂ ਫਿਰ ਉਹ ਸਾਨੂੰ ਕੰਮ ਕਰਨ ਤੋਂ ਤਾਂ ਨਾ ਰੋਕੇ|
ਹਾਲਾਂਕਿ ਇਸ ਮੌਕੇ ਮੇਅਰ ਵਲੋਂ ਇਹ ਸਾਵਧਾਨੀ ਵੀ ਵਰਤੀ ਗਈ ਕਿ ਉਹਨਾਂ ਵਲੋਂ ਸਰਕਾਰ ਦੇ ਖਿਲਾਫ ਕੀਤੀਆਂ ਜਾ ਰਹੀਆਂ ਟਿਪਣੀਆਂ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਨਾਲ ਨਾ ਜੋੜਿਆ ਜਾਵੇ ਅਤੇ ਉਹ ਵਾਰ ਵਾਰ ਇਸ ਗੱਲ ਨੂੰ ਦੁਹਰਾਉਂਦੇ ਵੀ ਰਹੇ ਕਿ ਇਹ ਸਾਰਾ ਕੁੱਝ ਅਫਸਰਸ਼ਾਹੀ ਵਲੋਂ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਸਿਆਸੀ ਬਦਲਾਖੋਰੀ ਵਾਲੀ ਕੋਈ ਗੱਲ ਨਹੀਂ ਹੈ ਪਰੰਤੂ ਇਸ ਸਾਰੇ ਕੁੱਝ ਦਾ ਸੰਦੇਸ਼ ਸਰਕਾਰ ਵਿਰੋਧੀ ਜਾਂਦਾ ਵੇਖ ਕੇ ਅਖੀਰਕਾਰ ਇੱਕ ਕਾਂਗਰਸੀ ਕੌਂਸਲਰ ਨੂੰ ਸਰਕਾਰ ਦੇ ਖਿਲਾਫ ਚਲ ਰਹੀ ਇਲਜਾਮਬਾਜੀ ਦਾ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ| ਇਸ ਰੌਲੇ ਗੌਲੇ ਦੌਰਾਨ ਹੀ ਸ਼ਹਿਰ ਦੇ ਸਫਾਈ ਠੇਕੇਦਾਰਾਂ ਦੀਆਂ ਬੀਟਾਂ ਵਧਾ ਕੇ ਉਸਨੂੰ ਕੀਤੀ ਜਾਣ ਵਾਲੀ ਅਦਾਇਗੀ ਵਿੱਚ ਵਾਧਾ ਕਰਨ ਦੇ ਤੀਜੇ ਪ੍ਰਮੁਖ ਮੁੱਦੇ ਤੇ ਨਾਂ ਮਾਤਰ ਹੀ ਗੱਲ ਹੋਈ ਅਤੇ ਇਹ ਪੂਰੀ ਤਰ੍ਹਾਂ ਪੜ੍ਹੇ ਬਿਨਾ ਹੀ ਪਾਸ ਹੋ ਗਿਆ|
ਜਾਹਿਰ ਤੌਰ ਤੇ ਬੀਤੇ ਕੱਲ ਦੀ ਮੀਟਿੰਗ ਵਿੱਚ ਸਿਆਸੀ ਕਾਰੀਗਰੀ ਵਿਖਾ ਕੇ ਮੇਅਰ ਸ੍ਰ. ਕੁਲਵੰਤ ਸਿੰਘ ਨੂੰ ਆਪਣੀ ਕਾਬਲੀਅਤ ਸਾਬਿਤ ਕੀਤੀ ਹੈ ਪਰੰਤੂ ਵੇਖਣਾ ਇਹ ਹੈ ਕਿ ਉਹਨਾਂ ਦੀ ਇਹ ਸਿਆਸੀ ਕਾਬਲੀਅਤ ਸ਼ਹਿਰ ਦੇ ਵਿਕਾਸ ਵਿੱਚ ਆ ਰਹੀ ਖੜੌਂਤ ਨੁੰ ਤੋੜਣ ਵਿੱਚ ਕਿਸ ਕਦਰ ਕਾਮਯਾਬ ਹੁੰਦੀ ਹੈ|

Leave a Reply

Your email address will not be published. Required fields are marked *