ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਦਾ ਬੁਰਾ ਹਾਲ

ਐਸ ਏ ਅੇਸ ਨਗਰ, 1 ਅਪ੍ਰੈਲ (ਸ.ਬ.) ਮੁਹਾਲੀ ਸ਼ਹਿਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਚੰਡੀਗੜ੍ਹ ਦੀ ਤਰਜ ਉੱਪਰ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਰਗੀਆਂ ਸਹੂਲਤਾਂ ਹੀ ਦਿੱਤੀਆਂ ਜਾਣਗੀਆਂ ਪਰ ਹਾਲ ਇਹ ਹੈ ਕਿ ਮੁਹਾਲੀ ਪ੍ਰਸ਼ਾਸ਼ਨ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਵੀ ਅਸਮਰਥ ਹੋ ਗਿਆ ਹੈ ਜਿਸ ਦਾ ਪਤਾ ਮੁਹਾਲੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਮਿਲ ਜਾਂਦਾ ਹੈ|
ਮੁਹਾਲੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ ਦਾ ਬੁਰਾ ਹਾਲ ਹੈ, ਜਿਹਨਾਂ ਨੂੰ ਠੀਕ ਕਰਨ ਲਈ ਪ੍ਰਸਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ| ਮੁਹਾਲੀ ਵਿਖੇ ਜਿਲਾ ਅਦਾਲਤੀ ਕੰਪਲੈਕਸ ਨੂੰ ਜਾਂਦੀ ਸੜਕ ਅਤੇ ਸੋਹਾਣਾ ਤੋਂ ਫੇਜ 7 ਨੂੰ ਜਾਂਦੀ ਸੜਕ ਉਪਰ ਭਾਵੇਂ ਪ੍ਰਸਾਸਨ ਵਲੋਂ ਪੈਚ ਵਰਕ ਕੀਤਾ ਗਿਆ ਹੈ, ਪਰ ਇਹ ਪੈਚ ਵਰਕ ਵੀ ਅੱਧਵਿਚਾਲੇ ਜਿਹੇ ਹੀ ਛੱਡ ਦਿਤਾ ਗਿਆ ਹੈ, ਜਿਸ ਕਾਰਨ ਇਹਨਾਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸਾਨ ਹੋਣਾਂ ਪੈਂਦਾ ਹੈ|
ਇਹਨਾਂ ਸੜਕਾਂ ਵਿੱਚ ਪਏ ਟੋਇਆਂ ਕਾਰਨ ਕਈ ਹਾਦਸੇ ਵੀ ਵਾਪਰ ਜਾਂਦੇ  ਹਨ ਤੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ| ਅਸਲ ਵਿੱਚ ਤੇਜ ਰਫਤਾਰ ਜਾ ਰਹੇ ਵਾਹਨ ਅੱਗੇ ਜਦੋਂ ਇਕਦਮ ਡੂੰਘਾ ਟੋਇਆ ਆ ਜਾਂਦਾ ਹੈਅਤੇ ਵਾਹਨ ਦਾ ਇੱਕ ਟਾਇਰ ਟੋਏ ਵਿੱਚ ਪੈ ਜਾਂਦਾ ਹੈ ਤਾਂ ਕਈ ਵਾਰ ਵਾਹਨ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਅਨੇਕਾਂ ਹਾਦਸੇ ਵਾਪਰ ਜਾਂਦੇ ਹਨ| ਇਹਨਾਂ ਟੋਇਆਂ ਕਾਰਨ ਸਭ ਤੋਂ ਵਧੇਰੇ ਨੁਕਸਾਨ ਦੋ ਪਹੀਆ ਵਾਹਨ ਚਾਲਕਾਂ ਦਾ ਹੁੰਦਾ ਹੈ ਕਿਉਂਕਿ ਜਦੋਂ ਦੋਪਹੀਆ ਵਾਹਨ ਇਹਨਾਂ ਟੋਇਆਂ ਵਿੱਚ ਚਲੇ ਜਾਂਦੇ ਹਨ ਤਾਂ ਇਹਨਾਂ ਵਾਹਨਾਂ  ਉੱਪਰ ਸਵਾਰ ਵਿਅਕਤੀ ਡਿੱਗ ਕੇ ਸੱਟ ਖਾ ਲੈਂਦੇ  ਹਨ|
ਸੜਕਾਂ ਦੀ ਮਾੜੀ ਹਾਲਤ ਕਾਰਨ ਕਈ ਵਾਹਨ ਤਾਂ ਆਪਸ ਵਿੱਚ ਟਕਰਾਅ ਜਾਂਦੇ ਹਨ, ਜਿਸ ਕਰਕੇ ਵਾਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਅਤੇ ਵਾਹਨ ਚਾਲਕਾਂ ਵਿੱਚ ਇਸ ਕਰਕੇ ਲੜਾਈ ਝਗੜੇ ਵੀ ਹੋ ਜਾਂਦੇ ਹਨ| ਇਸ ਸਭ ਦੇ ਬਾਵਜੂਦ ਪ੍ਰਸ਼ਾਸ਼ਨ ਦੇ ਅਧਿਕਾਰੀ ਇਹਨਾਂ ਸੜਕਾਂ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੰਦੇ ਜਿਸ ਕਰਕੇ ਸੜਕਾਂ ਦੀ ਹਾਲਤ ਦਿਨੋ-ਦਿਨ ਹੋਰ ਖਰਾਬ ਹੁੰਦੀ ਜਾ ਰਹੀ ਹੈ|

Leave a Reply

Your email address will not be published. Required fields are marked *