ਸ਼ਹਿਰ ਵਾਸੀਆਂ ਦੀਆਂ ਆਸਾਂ ਤੇ ਖਰੀ ਨਹੀਂ ਉਤਰਦੀ ਗਮਾਡਾ ਵਲੋਂ ਜਾਰੀ ਨੀਡ ਬੇਸ ਪਾਲਸੀ

ਸ਼ਹਿਰ ਵਾਸੀਆਂ ਦੀਆਂ ਆਸਾਂ ਤੇ ਖਰੀ ਨਹੀਂ ਉਤਰਦੀ ਗਮਾਡਾ ਵਲੋਂ ਜਾਰੀ ਨੀਡ ਬੇਸ ਪਾਲਸੀ
ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਆਈਆਂ ਵਿਰੋਧ ਵਿੱਚ, ਸਾਰੇ ਮਕਾਨਾਂ ਵਿੱਚ ਪਹਿਲਾਂ ਹੋਈਆਂ ਸਾਰੀਆਂ ਉਸਾਰੀਆਂ ਨੂੰ ਰੈਗੂਲਾਈਜ ਕਰਨ ਦੀ ਮੰਗ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 5 ਜੁਲਾਈ

ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵਲੋਂ ਬੀਤੇ ਕੱਲ ਜਾਰੀ ਕੀਤੀ ਗਈ ਨੀਡ ਬੇਸ ਪਾਲਸੀ (ਜਿਸ ਵਿੱਚ ਐਲ. ਆਈ. ਜੀ, ਐਚ. ਈ ਅਤੇ ਈ ਡਬਲਿਉ ਐਸ. ਮਕਾਨਾਂ ਦੇ ਮਾਲਕਾਂ ਵਲੋਂ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਰੇਗੂਲਾਈਜ ਕਰਵਾਉਣ ਸਬੰਧੀ ਮੰਜੂਰੀ ਦਿੱਤੀ ਗਈ ਹੈ) ਨੂੰ ਸਿਰੇ ਤੋਂ ਰੱਦ ਕਰਦਿਆਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਰੈਜੀਡੈਂਟ   ਵੈਲਫੇਅਰ ਐਸੋਸੀਏਸ਼ਨਾਂ ਨੇ ਕਿਹਾ ਹੈ ਕਿ ਗਮਾਡਾ ਦੇ ਅਧਿਕਾਰੀ ਸ਼ਹਿਰ ਵਾਸੀਆਂ ਨੂੰ ਬਣਦੀ ਰਾਹਤ ਦੇਣ ਦੀ ਥਾਂ ਉਲਟਾ ਉਹਨਾਂ ਦੀਆਂ ਮੁਸ਼ਕਿਲਾਂ ਵਧਾ ਰਹੇ ਹਨ ਅਤੇ ਗਮਾਡਾ ਵਲੋਂ ਜਾਰੀ ਕੀਤੀ ਗਈ ਇਸ ਪਾਲਸੀ ਦਾ ਕੋਈ ਅਰਥ ਨਹੀਂ ਹੈ|
ਹਾਲਾਤ ਇਹ ਹਨ ਕਿ ਗਮਾਡਾ ਵਲੋਂ ਜਾਰੀ ਕੀਤੀ ਗਈ ਇਹ ਨਵੀਂ ਨੀਡ ਬੇਸ ਪਾਲਸੀ ਜਾਰੀ ਹੋਣ ਦੇ ਨਾਲ ਹੀ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ ਅਤੇ ਇਸ ਦੇ ਖਿਲਾਫ ਲੋਕਾਂ ਵਿੱਚ ਰੋਸ ਵੱਧ ਗਿਆ ਹੈ| ਇਸ ਪਾਲਸੀ ਵਿੱਚ ਸਿਰਫ ਵਿਹੜੇ ਜਾਂ ਬਾਲਕਨੀ ਦੀ ਥਾਂ ਤੇ ਕਮਰਾ ਬਣਾਉਣ ਦੀ ਮੰਜੂਰੀ ਦਿਤੀ ਗਈ ਹੈ| ਜਦੋਂ ਕਿ ਲੋਕਾਂ ਨੇ ਵਿਹੜੇ ਜਾਂ ਬਾਲਕਨੀ ਵਿੱਚ ਬਣਾਏ ਕਮਰੇ ਦੀ ਛੱਤ ਤੇ ਪਹਿਲਾਂ ਤੋਂ ਹੀ ਇੱਕ ਜਾਂ ਵੱਧ ਕਮਰਿਆਂ ਦੀ ਉਸਾਰੀ ਕੀਤੀ ਹੋਈ ਹੈ ਅਤੇ ਨਵੀਂ ਪਾਲਸੀ ਵਿੱਚ ਇਹਨਾਂ ਉਸਾਰੀਆਂ ਨੂੰ ਮੰਜੂਰੀ ਨਾਂ ਦਿਤੇ ਜਾਣ ਕਾਰਨ ਇਹਨਾਂ ਉਸਾਰੀਆਂ ਤੇ ਤਲਵਾਰ ਲਟਕ ਗਈ ਹੈ|
ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਸ ਐਸ. ਏ. ਐਸ ਨਗਰ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਹੈਪੀ ਕਹਿੰਦੇ ਹਨ ਕਿ ਗਮਾਡਾ ਵਲੋਂ ਆਪਣੀ ਇਸ ਪਾਲਸੀ ਵਿੱਚ ਸਿਰਫ ਐਚ. ਈ. , ਐਲ. ਆਈ. ਜੀ. ਅਤੇ ਈ. ਡਬਲਿਉ ਐਸ. ਮਕਾਨਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਜਦੋਂ ਕਿ ਸ਼ਹਿਰ ਵਾਸੀਆਂ ਵਲੋਂ ਸ਼ਹਿਰ ਦੇ ਸਮੂਹ ਮਕਾਨਾਂ ਅਤੇ ਫੈਲਟਾਂ ਨੂੰ ਇਸ ਪਾਲਸੀ ਵਿੱਚ ਸ਼ਾਮਿਲ ਕਰਨ ਅਤੇ ਹੁਣ ਤਕ ਕੀਤੀਆਂ ਗਈਆਂ ਸਾਰੀਆਂ ਉਸਾਰੀਆਂ  (ਜੋ ਮਕਾਨ ਮਾਲਕਾਂ ਵਲੋਂ ਆਪਣੇ ਮਕਾਨ ਦੇ ਖੇਤਰ ਦੇ ਵਿੱਚ ਵਿੱਚ ਕੀਤੀਆਂ ਗਈਆਂ ਹਨ ਨੂੰ             ਰੈਗੂਲਾਈਜ ਕਰਨ ਦੀ ਮੰਗ ਕੀਤੀ ਗਈ ਸੀ | ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਗਮਾਡਾ ਵਲੋਂ ( 2015 ਵਿੱਚ) ਜਿਹੜੀ ਪਾਲਸੀ ਜਾਰੀ ਕੀਤੀ ਗਈ ਸੀ ਉਸ ਵਿੱਚ ਫੇਜ਼-11 ਦੇ ਐਮ. ਆਈ. ਜੀ ਮਕਾਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਪਰੰਤੂ ਹੁਣ ਐਮ ਆਈ ਜੀ ਮਕਾਨਾਂ ਨੂੰ ਵੀ ਇਸ ਪਾਲਸੀ ਦੇ ਦਾਇਰੇ  ਤੋਂ ਕੱਢ ਦਿੱਤਾ ਗਿਆ ਹੈ|
ਸਾਬਕਾ ਕੌਂਸਲਰ ਸ੍ਰ. ਐਸ. ਐਸ. ਬਰਨਾਲਾ ਕਹਿੰਦੇ ਹਨ ਕਿ ਗਮਾਡਾ ਵਲੋਂ ਜਾਰੀ ਕੀਤੀ ਗਈ ਇਸ ਲੂਲੀ ਲੰਗੜੀ ਪਾਲਸੀ ਦਾ ਕੋਈ ਅਰਥ ਨਹੀਂ ਹੈ ਅਤੇ ਇਸ ਵਿੱਚ ਸ਼ਹਿਰ ਦੇ ਸਾਰੇ ਫਲੈਟਾਂ (ਐਚ ਆਈ ਜੀ, ਐਮ ਆਈ  ਜੀ, ਐਚ ਐਮ, ਐਚ ਐਲ, ਐਚ ਈ, ਐਲ ਆਈ ਜੀ ਅਤੇ ਈ ਡਬਲਿਊ ਐਸ) ਨੂੰ ਸ਼ਾਮਿਲ ਕਰਨ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਪਲਾਟ ਲੈ ਕੇ ਬਣੇ ਮਕਾਨਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ|
ਸੰਸਥਾ ਦੇ ਜਨਰਲ ਸਕੱਤਰ ਸ੍ਰੀ. ਕੇ ਐਲ ਸ਼ਰਮਾ ਨੇ ਕਿਹਾ ਕਿ ਫੋਰਮ ਵਲੋਂ ਨੀਡ ਬੇਸ ਪਾਲਸੀ  ਸੰਬੰਧੀਸਮੇਂ ਸਮੇਂ ਤੇ ਨਾ ਸਿਰਫ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਕੀਤੀ ਜਾਂਦੀ ਰਹੀ ਹੈ ਬਲਕਿ ਇਸ ਸੰਬੰਧੀ ਪੂਰੇ ਵਿਸਤਾਰ ਵਿੱਚ ਲਿਖਤੀ ਵੇਰਵਾ ਵੀ ਦਿੱਤਾ ਜਾਂਦਾ ਰਿਹਾ ਹੈ ਅਤੇ ਇਹਨਾਂ ਤਮਾਮ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਭਰੋਸਾ ਵੀ ਦਿਤਾ ਜਾਂਦਾ ਰਿਹਾ  ਹੈ ਪ੍ਰੰਤੂ ਹੁਣ ਗਮਾਡਾ ਵਲੋਂ ਨੀਡ ਬੇਸ ਪਾਲਸੀ ਦੇ ਨਾਮ ਤੇ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ| ਉਸ ਨਾਲ ਤਾਂ ਅਜਿਹਾ ਲੱਗਦਾ ਹੈ ਕਿ ਉਹਨਾਂ ਨਾਲ ਧੋਖਾ ਹੋਇਆ ਹੈ|
ਮਿਉਂਸਪਲ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਇਸ ਬਾਰੇ ਕਿਹਾ ਕਿ ਗਮਾਡਾ ਵੱਲੋਂ ਜਾਰੀ ਕੀਤੀ ਗਈ ਪਾਲਸੀ ਵਿੱਚ ਛੋਟੇ ਮਕਾਨਾਂ ਵਾਲਿਆਂ ਵਲੋਂ ਉਪਰਲੀ ਮੰਜਿਲ ਜਾਂ ਵਿਹੜੇ ਦੇ ਕਮਰੇ ਉੱਪਰ ਕੀਤੀ ਗਈ ਉਸਾਰੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ| ਜਿਸ ਕਰਕੇ ਇਹ ਪਾਲਸੀ ਦਾ ਕੋਈ ਅਰਥ ਨਹੀਂ ਹੈ| ਉਹਨਾਂ ਮੰਗ ਕੀਤੀ ਕਿ ਛੋਟੇ ਮਕਾਨਾਂ ਵਾਲਿਆਂ ਨੂੰ ਮਕਾਨ ਦੀ ਛਤ ਤੇ ਕਮਰਾ ਬਣਾਉਣ ਦੀ ਮੰਗ ਨੂੰ ਇਸ ਪਾਲਸੀ ਵਿਚ ਸ਼ਾਮਿਲ ਕੀਤਾ ਜਾਵੇ|
ਫੇਜ਼-11 ਦੇ ਐਮ ਆਈ ਜੀ ਐਮ, ਐਲ ਆਈ ਜੀ ਮਕਾਨਾਂ ਦੀ ਸੰਸਥਾ ਦੇ ਜਨਰਲ ਸਕੱਤਰ ਸ੍ਰ. ਹਾਕਮ ਸਿੰਘ ਜਵੰਦਾ ਕਹਿੰਦੇ ਹਨ ਕਿ ਗਮਾਡਾ ਵਲੋਂ ਜਾਰੀ ਨਵੀਂ ਪਾਲਸੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਹੈ| ਉਹਨਾਂ ਕਿਹਾ  ਗਮਾਡਾ ਦੇ ਅਧਿਕਾਰੀ ਇਸ ਪਾਲਸੀ ਵਿੱਚ ਪਿਛਲੀ  ਪਾਲਸੀ ਤੋਂ ਵੀ ਪਲਟੀ ਮਾਰ ਗਏ ਹਨ| ਜਿਸ ਵਿੱਚ ਫੇਜ਼-11 ਦੇ ਐਮ ਆਈ ਜੀ ਮਕਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਪ੍ਰੰਤੂ ਨਵੀਂ ਪਾਲਸੀ ਵਿੱਚ ਇਹਨਾਂ ਮਕਾਨਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ ਜੋ ਕਿ ਸ਼ਹਿਰ ਵਾਸੀਆਂ ਨਾਲ ਧੱਕਾ ਹੈ ਅਤੇ ਇਹ ਪਾਲਸੀ ਨਵੇਂ ਸਿਰੇ ਤੋਂ ਤਿਆਰ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *