ਸ਼ਹਿਰ ਵਾਸੀਆਂ ਦੀ ਨਜ਼ਰ ਵਿੱਚ ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ?

ਐਸ.ਏ.ਐਸ. ਨਗਰ 28 ਜਨਵਰੀ (ਸ.ਬ.) ਅਦਾਰਾ ਸਕਾਈ ਹਾਕ ਵੱਲੋਂ ‘ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ’ ਸਬੰਧੀ ਸ਼ਹਿਰ ਵਾਸੀਆਂ ਦੇ ਵਿਚਾਰ ਜਾਣੇ ਜਾ ਰਹੇ ਹਨ| ਜਿਸ ਸਬੰਧੀ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਦਿਆਂ ਸ਼ਹਿਰ ਦੇ ਨੁਮਾਇੰਦੇ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ|
ਇਸ ਸੰਬੰਧੀ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਕਹਿੰਦੇ ਹਨ ਕਿ ਸਾਡਾ ਨੁਮਾਇੰਦਾ ਲੋਕਾਂ ਦੇ ਦੁੱਖ ਅਤੇ ਤਕਲੀਫਾਂ ਸੁਨਣ ਵਾਲਾ ਅਤੇ ਔਖੇ ਵੇਲੇ ਉਹਨਾਂ ਨਾਲ ਖੜੇ ਹੋਣ ਵਾਲਾ ਹੋਵੇ, ਉਹ ਹਲਕੇ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੋਵੇ ਅਤੇ ਉਹਨਾਂ ਸਮਸਿਆਵਾਂ ਨੂੰ ਹਲ ਕਰਨ ਦੀ ਸਮਰਥਾ ਰਖਦਾ ਹੋਵੇ ਹਲਕੇ ਵਿੱਚ ਇੰਡਸਟਰੀ ਦੀ ਮਾੜੀ ਹਾਲਤ ਵਿਚੋਂ ਕੱਢਣ ਅਤੇ ਇੰਡਸਟਰੀ ਨੂੰ ਪੈਰਾਂ ਤੇ ਖੜਾ ਕਰਨ ਦੇ ਸਮਰਥ ਹੋਵੇ, ਸਾਡਾ ਨੁਮਾਇੰਦਾ ਹਲਕੇ ਵਿੱਚ ਵਿਚਰਨ ਵਾਲਾ ਅਤੇ ਇਲਾਕਾ ਨਿਵਾਸੀਆਂ ਨੂੰ ਉਪਲਬਧ ਹੋਵੇ|
ਨਗਰ ਕੌਂਸਲ ਮੁਹਾਲੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਐਨ. ਕੇ ਮਰਵਾਹਾ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਮੁਹਾਲੀ ਦਾ ਪੱਕਾ ਵਸਨੀਕ ਹੋਵੇ, ਲੋਕਾਂ ਨਾਲ ਭਾਈਚਾਰਕ ਸਾਂਝ ਹੋਵੇ ਹਲਕੇ ਦੀਆਂ ਸਮਸਿਆਵਾਂ ਤੋਂ ਜਾਣੂ ਹੋਵੇ, ਲੋਕਾਂ ਦੀਆਂ ਮੁਸ਼ਕਿਲਾਂ ਸਮਝਦਾ ਹੋਵੇ ਅਤੇ ਦੁੱਖ ਸੁੱਖ ਸਮੇਂ ਲੋਕਾਂ ਵਿੱਚ ਵਿਚਰਨ ਵਾਲਾ ਹੋਵੇ, ਕੰਮ ਕਰਵਾਉਣ ਦੇ ਸਮਰਥ ਹੋਵੇ ਅਤੇ ਧੜੇਬੰਦੀ ਤੋਂ ਉਪਰ ਉਠ ਕੇ ਕੰਮ ਕਰਨ ਵਾਲਾ ਹੋਵੇ|
ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦੇ ਸਰਪਰਸਤ ਇੰਜੀਨੀਅਰ ਅਮਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਵਾਤਾਵਰਣ ਦੀ ਸੰਭਾਲ ਲਈ ਕੰਮ ਕਰਨ ਵਾਲਾ ਹੋਵੇ ਨਿਰੋਏ ਸਮਾਜ ਦੀ ਸਿਰਜਨਾ ਲਈ ਕੰਮ ਕਰਨ ਵਾਲਾ ਹੋਵੇ,  ਗੁਣਾਂ ਦੀ ਗੁਥਲੀ ਹੋਵੇ, ਪੰਜਾਬ ਵਿੱਚ ਬਿਹਾਰ ਦੀ ਤਰ੍ਹਾਂ ਸ਼ਰਾਬ ਬੰਦੀ ਲਈ ਕੰਮ ਕਰਨ ਵਾਲਾ ਹੋਵੇ, ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਵੇ, ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲਾ ਹੋਵੇ, ਹਲਕੇ ਵਿੱਚ ਮੁਸ਼ਕਿਲਾਂ ਅਤੇ ਮੁਸੀਬਤਾਂ ਦੇ ਸਮੇਂ ਸਰਕਾਰੀ ਸਹਾਇਤਾ ਦੀ ਇੰਤਜਾਰ ਕਰਨ ਦੀ  ਥਾਂ ਤੇ ਪਹਿਲ ਦੇ ਅਧਾਰ ਤੇ ਮੁਸੀਬਤ ਦੇ ਸਮੇਂ ਖੁਦ ਲੋਕਾਂ ਦਾ ਮਦਦਗਾਰ ਹੋਵੇ ਅਤੇ ਉਸਦੀ ਕਥਨੀ ਅਤੇ ਕਰਨੀ ਵਿੱਚ ਫਰਕ ਨਾ ਹੋਵੇ|
ਮੁਹਾਲੀ ਵਪਾਰ ਮੰਡਲ ਦੇ ਜਨਰਲ ਸੱਕਤਰ ਸਰਬਜੀਤ ਸਿੰਘ ਪਾਰਸ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਪੜਿਆ ਲਿਖਿਆ ਹੋਵੇ, ਉਹ ਸੂਝਵਾਨ ਅਤੇ ਸਿਆਣਾ ਹੋਵੇ, ਹਲਕੇ ਦੀਆਂ ਮੁਸ਼ਕਿਲਾਂ ਨੂੰ ਜਾਣਦਾ ਹੋਵੇ, ਅਤੇ ਸਮਸਿਆਵਾਂ ਹਲ ਕਰਨ ਦੀ ਸਮਰਥਾ ਰਖਦਾ ਹੋਵੇ, ਮੁਹਾਲੀ ਦਾ ਵਿਕਾਸ ਉਸ ਦਾ ਮੁੱਖ ਟੀਚਾ ਹੋਵੇ|
ਮੁਹਾਲੀ ਦੇ ਪ੍ਰਾਪਰਟੀ ਸਲਾਹਕਾਰ ਵਿਕਰਮ ਤੂਰ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਸਾਫ ਸੁਥਰੀ ਛਵੀ ਵਾਲਾ ਹੋਵ,ੇ  ਹਲਕੇ ਵਿੱਚ ਦੁਖ ਸੁੱਖ ਦੇ ਸਮੇਂ ਉਪਲਬਧ ਹੋਵੇ, ਪਾਲਿਸੀਆਂ ਦਾ ਐਲਾਨ ਦਾ ਸਾਰੇ ਕਰਦੇ ਹਨ ਪਰ ਪਾਲਿਸੀਆਂ ਲਾਗੂ ਕਰਨ ਦੀ ਸਮਰਥਾ ਰਖਦਾ ਹੋਵੇ,
ਕੌਂਸਲਰ ਆਰ. ਪੀ. ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਸਾਫ ਸੁਥਰੀ ਛਵੀ ਵਾਲਾ ਹੋਵੇ, ਨਸ਼ੇ ਵੰਡਣ ਵਾਲਾ ਨਾ ਹੋਵੇ, ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣ ਵਾਲਾ  ਨਾ ਹੋਵੇ, ਹਲਕੇ ਦਾ ਵਿਕਾਸ ਕਰਕੇ  ਦਿਖਾਵੇ , ਵਰਕਰਾਂ ਅਤੇ ਲੀਡਰਾਂ ਨੂੰ ਬਰਾਬਰ ਦੀ ਅਹਿਮੀਅਤ ਦਿੰਦਾ              ਹੋਵੇ, ਹਲਕੇ ਵਿੱਚ ਧੜੇ ਬੰਦੀ ਤੋਂ ਉਪਰ ਉਠ ਕੇ ਕੰਮ ਕਰੇ ਸਭਨਾਂ ਦਾ ਸਤਿਕਾਰ ਕਰੇ ਅਤੇ ਹਲਕੇ ਦੇ ਵਿਕਾਸ ਨੂੰ ਤਰਜੀਹ ਦੇਵੇ|
ਉਘੇ ਸਮਾਜ ਸੇਵੀ ਜਸਵੰਤ ਸਿੰਘ ਭੁੱਲਰ ਦਾ ਕਹਿਣਾ ਹੀ ਕਿ ਮੁਹਾਲੀ ਸ਼ਹਿਰ, ਪੰਜਾਬ ਦਾ ਬਾਕੀ ਸ਼ਹਿਰ ਤੋਂ ਕੁਝ ਹੱਟ ਕੇ ਹੈ ਇਥੇ ਵੱਖ ਵੱਖ ਵਰਗਾਂ ਦੇ ਪੜ੍ਹੇ ਲਿਖੇ ਲੋਕ ਵਸੇ ਹੋਏ ਹਨ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸਿਆਸੀ ਜਰੂਰਤ ਦੀ ਘੱਟ ਹੀ ਲੋੜ ਪੈਂਦੀ ਹੈ| ਮੁਹਾਲੀ ਨਿਵਾਸੀਆਂ ਦਾ ਨੁਮਾਇੰਦਾ ਵੱਖ ਵੱਖ ਵਰਗਾਂ ਧਰਮਾਂ ਅਤੇ ਬਰਾਦਰੀਆਂ ਦੇ ਵਸਨੀਕਾਂ ਨੂੰ ਨਾਲ ਲੈ ਕੇ ਚਲਣ ਵਾਲਾ ਹੋਵੇ, ਸਾਡਾ ਨੁਮਾਇੰਦਾ ਵਿਕਾਸ ਮੁਖੀ ਹੋਵੇ, ਸ਼ਹਿਰ ਦੀਆਂ ਸਮਸਿਆਵਾਂ ਹਲ ਕਰਨ ਨੂੰ ਤਰਜੀਹ ਦੇਣ ਵਾਲਾ ਹੋਵੇ, ਸਭਨਾਂ ਨੂੰ ਨਾਲ ਲੈ ਕੇ ਚਲਣ ਵਾਲਾ ਹੋਵੇ, ਸਾਡਾ ਨੁਮਾਇੰਦਾ ਪਾਰਟੀ ਅਤੇ ਜਾਤੀਵਾਦ ਤੋਂ ਉਪਰ ਉਠ ਕੇ ਕੰਮ ਕਰਨ ਵਾਲਾ ਹੋਵੇ, ਨੌਜਵਾਨ ਪੀੜੀ ਦੀਆਂ ਬਹੁਤ ਸਮੱਸਿਆਵਾਂ ਹਨ ਸਾਡਾ ਨੁਮਾਇੰਦਾ ਨੌਜਾਵਾਨਾਂ ਨੂੰ ਪੇਸ਼ ਚਣੌਤੀਆਂ ਨੂੰ ਸਮਝਦਾ ਹੋਵੇ ਅਤੇ ਸਮਾਜ ਦਾ ਭਵਿੱਖ ਨੌਜਵਾਨ ਪੀੜੀ ਨੂੰ ਬਚਾਉਣ ਲਈ ਕੰਮ ਕਰਨ ਵਾਲਾ ਹੋਵੇ, ਨੌਜਵਾਨਾਂ ਦੇ ਰੁਜਗਾਰ ਪੈਦਾ ਕਰਨ ਵਾਲਾ ਹੋਵੇ|

Leave a Reply

Your email address will not be published. Required fields are marked *