ਸ਼ਹਿਰ ਵਾਸੀਆਂ ਨੂੰ ਤਾਂ ਸਿਰਫ ਵਿਕਾਸ ਅਤੇ ਸਮੱਸਿਆਵਾਂ ਦੇ ਢੁੱਕਵੇਂ ਹਲ ਦੀ ਲੋੜ ਹੈ

ਸਥਾਨਕ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰੰਤ ਸਿੰਘ (ਜਿਹਨਾਂ ਵਲੋਂ ਪਿਛਲੇ ਸਾਲ ਹੋਈਆਂ ਨਿਗਮ ਚੋਣਾ ਵੇਲੇ ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਲੀ ਦਲ ਤੋਂ ਨਾਤਾ ਤੋੜ ਕੇ ਅਤੇ ਆਪਣਾ ਵੱਖਰਾ ਆਜਾਦ ਗਰੁੱਪ ਕਾਹਿਮ ਕਰਕੇ ਨਗਰ ਨਿਗਮ ਦੀ ਚੋਣ ਲੜੀ ਗਈ ਸੀ) ਬਾਰੇ ਪਿਛਲੇ ਕੁੱਝ ਦਿਨਾਂ ਤੋਂ ਇਹ ਚਰਚਾ ਜੋਰਾਂ ਸ਼ੋਰਾਂ ਨਾਲ ਚਲ ਰਹੀ ਹੈ ਕਿ ਉਹ ਕਿਸੇ      ਵੇਲੇ ਵੀ ਆਪਣੇ ਸਾਥੀ ਕੌਸਂਲਰਾਂ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਿਲ ਹੋ ਸਕਦੇ ਹਨ| ਇਸ ਸਬੰਧੀ ਇਹ ਕਿਆਸਅਰਾਈਆਂ  ਹਨ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ਤੇ ਸ੍ਰ. ਕੁਲਵੰਤ ਸਿੰਘ ਨੂੰ ਅਕਾਲੀ ਦਲ ਵਿੱਚ ਵਾਪਸ ਲਿਆਉਣਵਿੱਚ ਦਿਲਚਸਪੀ ਲੈ ਰਹੇ ਹਨ ਅਤੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਉਹਨਾਂ ਨਾਲ ਇਸ ਸੰਬੰਧੀ ਮੁਲਾਕਾਤਾਂ ਵੀ ਹੋ ਚੁੱਕੀਆਂ ਹਨ|
ਨਗਰ ਨਿਗਮ ਦੇ ਮੇਅਰ ਵਲੋਂ ਇੱਕ ਵਾਰ ਫਿਰ ਅਕਾਲੀ ਦਲ ਦਾ ਪੱਲਾ ਫੜਿਆ ਜਾਵੇਗਾ ਜਾਂ ਨਹੀਂ ਇਹ ਗੱਲ ਸਿਆਸੀ ਮਾਹਿਰਾਂ ਦੇ ਨਾਲ ਨਾਲ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਲਈ ਭਾਵੇਂ ਕਿੰਨੀ ਵੀ ਅਹਿਮੀਅਤ ਕਿਉਂ ਨਾ ਰੱਖਦੀ ਹੋਵੇ ਪਰੰਤੂ ਸ਼ਹਿਰ ਵਾਸੀਆਂ ਲਈ ਇਹ ਗੱਲ ਉੰਨੀ ਜਿਆਦਾ ਮਾਇਨੇ ਨਹੀਂ ਰੱਖਦੀ| ਸ਼ਹਿਰ ਵਾਸੀਆਂ ਲਈ ਇਹ ਗੱਲ ਕਿਤੇ ਜਿਆਦਾ ਮਾਇਨੇ ਰੱਖਦੀ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਵਾਸੀਆ ਦੀਆਂ ਸਮੱਸਿਆਵਾ ਦੇ ਹਲ ਲਈ ਕੀਤੇ ਜਾਣ ਵਾਲੇ ਕੰਮ ਬੇਰੋਕਟੋਕ ਜਾਰੀ ਰਹਿਣ ਅਤੇ ਸਿਆਸਤ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਰੁਕਾਵਟ ਨਾ ਬਣੇ| ਇਸ ਲਿਹਾਜ ਨਾਲ ਵੇਖਿਆ ਜਾਵੇ ਤਾਂ ਜੇਕਰ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਆਪਣੇ ਸਾਥੀਆਂ ਦੇ ਨਾਲ ਪੰਜਾਬ ਦੀ ਸੱਤਾਧਾਰੀ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਹੈ ਤਾਂ ਇਸ ਨਾਲ ਉਹਾਨਾਂ ਦਾ ਸਰਕਾਰ ਨਾਲ ਸਿੱਧਾ ਟਕਰਾਅ ਖਤਮ ਹੋਣ ਅਤੇ ਬਿਹਤਰ ਤਾਲਮੇਲ ਕਾਇਮ ਹੋਣ ਨਾਲ ਨਗਰ ਨਿਗਮ ਦੀ ਕਾਰਗੁਜਾਰੀ ਵਿੱਚ ਕੁੱਝ ਹੱਦ ਤਕ ਸੁਧਾਰ ਹੀ ਹੋਣਾ ਹੈ|
ਹਾਲਾਂਕਿ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਸੰਬੰਧੀ ਚਲ ਰਹੀਆਂ ਇਹਨਾਂ ਕਿਆਸਅਰਾਈਆਂ ਨੇ ਸੱਤਾਧਾਰੀ ਧਿਰ ਨਾਲ ਜੁੜੇ ਉਹਨਾਂ ਆਗੂਆਂ ਦੀ ਨੀਂਦ ਜਰੂਰ ਹਰਾਮ ਕਰ ਦਿੱਤੀ ਹੈ ਜਿਹਨਾਂ ਵਲੋਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਧੜੇਬਾਜੀ ਵਿੱਚ ਸ੍ਰ. ਕੁਲਵੰਤ ਦਾ ਡਟਵਾਂ ਵਿਰੋਧ ਕੀਤਾ ਜਾਂਦਾ ਰਿਹਾ ਹੈ| ਨਗਰ ਨਿਗਮ ਦੀਆਂ ਚੋਣਾ ਤੋਂ ਪਹਿਲਾਂ ਅਕਾਲੀ ਦਲ ਦੀਆਂ ਟਿਕਟਾਂ ਦੀ ਵੰਡ ਦੌਰਾਨ ਸ੍ਰ. ਕੁਲਵੰਤ ਸਿੰਘ (ਜੋ ਕਿ ਇਸਤੋਂ ਪਹਿਲਾਂ ਅਕਾਲੀ ਦਲ ਦੀ ਟਿਕਟ ਤੇ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਵੀ ਲੜ ਚੁੱਕੇ ਹਨ) ਦੀ ਇੱਥੋਂ ਦੇ ਹਲਕਾ ਇੰਚਾਰਜ ਸ੍ਰ. ਬਲਵੰਤ ਸਿੰਘ ਰਾਮੂਵਾਲੀਆਂ ਨਾਲ ਲੰਬੀ ਚਲੀ ਸਿਆਸੀ ਖਿੱਚੋਤਾਣ ਚੱਲੀ ਸੀ ਜਿਸਦਾ ਨਤੀਜਾ ਇਹ ਹੋਇਆ ਸੀ ਕਿ ਅਕਾਲੀ ਦਲ ਵਲੋਂ ਸ੍ਰ. ਕੁਲਵੰਤ ਸਿੰਘ ਦੇ ਹਮਾਇਤੀਆਂ ਨੂੰ ਟਿਕਟਾਂ ਦੇਣ ਤੋਂ ਪਾਸਾ ਵੱਟ ਜਾਣ ਕਾਰਨ ਸ੍ਰ.ਕੁਲਵੰਤ ਸਿੰਘ ਨੇ ਆਪਣਾ ਵੱਖਰਾ ਆਜਾਦ ਗਰੁੱਪ ਕਾਇਮ ਕਰ ਲਿਆ ਸੀ ਅਤੇ ਉਹਨਾਂ ਦੇ ਧੜੇ ਦੇ 11 ਮੈਂਬਰ ਜੇਤੂ ਰਹੇ ਸੀ| ਬਾਅਦ ਵਿੱਚ ਉਹ ਕਾਂਗਰਸ ਪਾਰਟੀ ਦੇ ਕੌਸਲਰਾਂ ਦੀ ਹਿਮਾਇਤ ਨਾਲ ਮੇਅਰ ਦੀ ਕੁਰਸੀ ਤੇ ਕਾਬਿਜ ਹੋਣ ਵਿੱਚ ਕਾਮਯਾਬ ਰਹੇ ਸੀ ਅਤੇ ਇਸ ਪੁਰੇ ਸਮੇਂ ਦੌਰਾਨ ਅਕਾਲੀ ਦਲ ਦੇ ਜਿਹੜੇ ਆਗੂ (ਅਤੇ ਕੌਂਸਲਰ) ਸ੍ਰ. ਕੁਲਵੰਤ ਸਿੰਘ ਦੇ ਕਟੱੜ ਵਿਰੋਧੀ ਬਣ ਕੇ ਦੂਜੇ ਧੜੇ ਨਾਲ ਵਫਾਦਾਰੀ ਨਿਭਾਉਂਦੇ ਦਿਖਦੇ ਸੀ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਮੇਅਰ ਨੇ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਤਾਂ ਉਹਨਾ ਦਾ ਰਾਜਨੀਤਿਕ ਭਵਿੱਖ ਜਰੂਰ ਖਤਰੇ ਵਿੱਚ ਆ ਜਾਣਾ ਹੈ|
ਹਾਲਾਂਕਿ ਹੁਣੇ ਇਸ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਕਿਆਸਅਰੀਆਂ ਦਾ ਨਤੀਜਾ ਕੀ ਨਿਕਲੇਗਾ ਪਰ ਇੰਨਾ ਜਰੂਰ ਹੈ ਕਿ ਇਹਨਾਂ ਕਿਆਸਅਰਾਈਆਂ ਨੇ ਸ਼ਹਿਰ ਦਾ ਸਿਆਸੀ ਮਾਹੌਲ ਜਰੂਰ ਗਰਮ ਕਰ ਦਿੱਤਾ ਹੈ ਅਤੇ ਵੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਦਾ ਕੀ ਨਤੀਜਾ ਸਾਮ੍ਹਣੇ ਆਉਂਦਾ ਹੈ|

Leave a Reply

Your email address will not be published. Required fields are marked *