ਸ਼ਹਿਰ ਵਿਚਲੀ ਪੀ ਜੀ ਦੀ ਸਮੱਸਿਆ ਦੇ ਹਲ ਲਈ ਹੋਸਟਲਾਂ ਦੀ ਉਸਾਰੀ ਕਰਵਾਏ ਸਰਕਾਰ

ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਖੁੱਲੇ ਅਜਿਹੇ ਪੀ ਜੀ ਕੇਂਦਰਾਂ ਕਾਰਨ ਭਾਰੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਜਿੱਥੇ ਪੀ ਜੀ ਵਜੋਂ ਆ ਕੇ ਰਹਿਣ ਵਾਲੇ ਨੌਜਵਾਨ ਆਪਣੀਆਂ ਅਲਮਸਤ ਕਾਰਵਾਈਆਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਹਨ| ਇਹ ਪਰੇਸ਼ਾਨੀ ਉਹਨਾਂ ਪੀ ਜੀ ਕੇਂਦਰਾਂ ਵਿੱਚ ਜਿਆਦਾ ਹੈ ਜਿੱਥੇ ਮਕਾਨ ਦੇ ਮਾਲਕ ਖੁਦ ਨਹੀਂ ਰਹਿੰਦੇ ਬਲਕਿ ਪੂਰੇ ਮਕਾਨ ਦੀ ਵਰਤੋਂ ਪੀ ਜੀ ਕੇਂਦਰ ਵਾਸਤੇ ਹੀ ਕੀਤੀ ਜਾਂਦੀ ਹੈ| ਅਜਿਹੇ ਕੇਂਦਰਾਂ ਵਿੱਚ ਰਹਿਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਰੋਕ ਟੋਕ ਨਾ ਹੋਣ ਕਾਰਨ ਉਹ ਮਨਮਰਜੀਆਂ ਤੇ ਉਤਾਰੂ ਹੋ ਜਾਂਦੇ ਹਨ ਅਤੇ ਇਸ ਕਾਰਨ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ|
ਸ਼ਹਿਰ ਵਿੱਚ ਚਲਦੇ ਇਹਨਾਂ ਪੀ ਜੀ ਕੇਂਦਰਾਂ ਵਿੱਚ ਉਹ ਲੋਕ ਆਪਣਾ ਟਿਕਾਣਾ ਬਣਾਉਂਦੇ ਹਨ ਜਿਹਨਾਂ ਨੇ ਕਿਸੇ ਨਾ ਕਿਸੇ ਕੰਮ ਲਈ ਅਸਥਾਈ ਤੌਰ ਤੇ ਸਾਡੇ ਸ਼ਹਿਰ ਵਿੱਚ ਰਹਿਣਾ ਹੁੰਦਾ ਹੈ| ਇਹ ਕੰਮ ਇਸ ਵੇਲੇ ਇੱਕ ਵੱਖਰੇ ਵਪਾਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਕੁੱਝ ਲੋਕਾਂ ਵਲੋਂ ਬਾਕਾਇਦਾ ਕੋਠੀਆਂ ਕਿਰਾਏ ਤੇ ਲੈ ਕੇ ਪੇਇੰਗ ਗੈਸਟ ਹਾਉਸ ਚਲਾਉਣ ਦਾ ਕੰਮ ਕੀਤਾ ਜਾਂਦਾ ਹੈ| ਇਹਨਾਂ ਪੀ ਜੀ ਘਰਾਂ ਦੇ ਪ੍ਰਬੰਧਕ ਇੱਕ ਇੱਕ ਕਮਰੇ ਵਿੱਚ ਤਿੰਨ-ਚਾਰ ਬਿਸਤਰੇ ਲਗਾ ਕੇ ਅਤੇ ਰਹਿਣ ਵਾਲਿਆਂ ਵਾਸਤੇ ਅਲਮਾਰੀਆਂ ਦੇ ਕੇ ਉਹਨਾਂ ਦੀ ਠਾਹਰ ਦਾ ਪ੍ਰਬਧ ਕਰ ਦਿੰਦੇ ਹਨ ਅਤੇ ਇੱਕ ਇੱਕ ਕੋਠੀ ਵਿੱਚ ਦੋ ਤੋਂ ਤਿੰਨ ਦਰਜਨ ਤਕ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਪੀ ਜੀ ਵਜੋਂ ਰਹਿੰਦੇ ਵੇਖੇ ਜਾ ਸਕਦੇ ਹਨ|
ਇਹਨਾਂ ਪੀ ਜੀ ਘਰਾਂ ਵਿੱਚ ਰਹਿਣ ਵਾਲਿਆਂ ਉੱਪਰ ਨਾ ਤਾਂ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਲਾਗੂ ਕੀਤੀ ਜਾਂਦੀ ਹੈ ਅਤੇ ਨਾ ਹੀ ਉਹਨਾਂ ਵਾਸਤੇ ਦੇਰ ਸਵੇਰ ਆਉਣ ਦੀ ਕੋਈ ਪਾਬੰਦੀ ਹੁੰਦੀ ਹੈ| ਇਹ ਸਮੱਸਿਆ ਕੋਈ ਇੱਕ ਦੋ ਦਿਨਾਂ ਦੀ ਉਪਜ ਨਹੀਂ ਹੈ  ਬਲਕਿ ਇਸਨੇ ਹੌਲੀ ਹੌਲੀ ਇੰਨਾਂ ਵਿਕਰਾਲ ਰੂਪ ਧਾਰਨ ਕੀਤਾ ਹੈ ਅਤੇ ਇਸ ਲਈ ਜਿੰਥੇ ਸਾਡੇ ਪ੍ਰਸ਼ਾਸ਼ਨ ਦੇ ਅਧਿਕਾਰੀ ਪੂਰੀ ਤਰ੍ਹਾਂ ਜਿੰਮੇਵਾਰ ਹਨ ਉੱਥੇਅਜਿਹੇ ਮਕਾਨਾਂ ਦੇ ਮਾਲਿਕ ਵੀ ਇਸ ਲਈ ਪੂਰੀ ਤਰ੍ਹਾਂ ਜਿੰਮੇਵਾਰ ਹਨ ਜਿਨ੍ਹਾਂ ਨੇ ਥੋੜ੍ਹੇ ਵੱਧ ਕਿਰਾਏ ਦੇ ਲਾਲਚ ਵਿੱਚ ਆਪਣੇ ਮਕਾਨ ਅਜਿਹੇ ਪੀ ਜੀ ਚਲਾਉਣ ਵਾਲਿਆਂ ਦੇ ਹਵਾਲੇ ਕਰ ਦਿੱਤੇ ਅਤੇ ਇਸ ਕਾਰਨ ਹੀ ਇਹ ਸਮੱਸਿਆ ਇੰਨੀ ਜਿਆਦਾ ਵਧੀ ਹੈ|
ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸ਼ਹਿਰ ਵਿੱਚ ਪੀ ਜੀ ਵਜੋਂ ਰਹਿੰਦੇ ਸਾਰੇ ਵਿਅਕਤੀ ਹੀ ਅਜਿਹੀਆਂ ਸਮਾਜ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਿਲ ਹੁੰਦੇ ਹਨ, ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਪੀ ਜੀ ਰਹਿੰਦੇ ਹਨ ਜੋ ਸਿਰਫ ਆਪਣੇ ਕੰਮ ਨਾਲ ਕੰਮ ਰੱਖਦੇ ਹਨ ਕਿਉਂਕਿ ਉਨ੍ਹਾਂ ਕੋਲ ਫਿਜੂਲ ਦੀ ਆਵਾਰਾਗਰਦੀ ਅਤੇ ਗੁੰਡਾਗਰਦੀ ਲਈ ਸਮਾਂ ਹੀ ਨਹੀਂ ਹੁੰਦਾ| ਉਹ ਜਾਂ ਤਾਂ ਵੱਡੇ ਸੰਸਥਾਨਾਂ ਵਿੱਚ ਕੰਮ ਕਰਦੇ ਹਨ ਜਾਂ ਆਪਣੀ ਪੜ੍ਹਾਈ ਵਿੱਚ ਰੁਝੇ ਰਹਿੰਦੇ ਹਨ| ਪਰੰਤੂ ਇਨ੍ਹਾਂ ਦੀ ਆੜ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਪੀ ਜੀ ਵੀ ਇੱਥੇ ਰਹਿੰਦੇ ਹਨ ਜਿਹਨਾਂ ਵਲੋਂ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ|
ਇਸ ਸਮੱਸਿਆ ਦਾ ਹਲ ਤਾਂ ਹੀ ਹੋ ਸਕਦਾ ਹੈ ਜੇਕਰ ਪ੍ਰਸ਼ਾਸ਼ਨ ਵਲੋਂ ਆਪਣੇ ਪੱਧਰ ਤੇ ਬਾਹਰੋ ਆ ਕੇ ਰਹਿਣ ਵਾਲੇ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਅਜਿਹੇ ਪੀ ਜੀ ਕੇ|ਂਦਰਾਂ ਵਿੱਚ ਜਾਣ ਦੀ ਲੋੜ ਹੀ ਨਾ ਪਵੇ| ਜੇਕਰ ਸਰਕਾਰ ਵਲੋਂ ਇੱਥੇ ਯੂਥ ਹੋਸਟਲ, ਕੰਮ ਕਰਦੀਆਂ ਔਰਤਾਂ ਅਤੇ ਪੁਰਸ਼ਾਂ ਲਈ ਵੱਖਰੇ ਹੋਸਟਲ ਬਣਾ ਦਿੱਤੇ ਜਾਣ ਤਾਂ ਇਸ ਸਮੱਸਿਆ ਨੂੰ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ| ਸਰਕਾਰ ਚਾਹੇ ਤਾਂ ਅਜਿਹੇ ਹੋਸਟਲਾਂ ਦੀ ਉਸਾਰੀ ਲਈ ਪ੍ਰਾਈਵੇਟ ਕਾਲੋਨਾਈਜਰਾਂ ਨੂੰ ਵੀ ਇਜਾਜਤ ਦੇ ਸਕਦੀ ਹੈ| ਇਸਦਾ ਸਿੱਧਾ ਸਿੱਧਾ ਫਾਇਦਾ ਇਹ ਹੋਵੇਗਾ ਕਿ ਇਹ ਕੰਮ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਅਧੀਨ ਹੋਵੇਗਾ ਅਤੇ ਇਹਨਾਂ ਹੋਸਟਲਾਂ ਜਿਹੜੇ ਲੋਕ ਰਹਿਣਗੇ ਉਨ੍ਹਾਂ ਦਾ ਪੂਰਾ ਰਿਕਾਰਡ ਹੋਸਟਲ ਦੇ ਅਧਿਕਾਰੀਆਂ ਸਮੇਤ ਪੁਲੀਸ ਕੋਲ ਵੀ ਮੌਜੂਦ ਹੋਵੇਗਾ ਇਸ ਲਈ ਇਹਨਾਂ ਵਿੱਚ ਰਹਿਣ ਵਾਲੇ ਵਿਅਕਤੀ ਸਮਾਜ ਵਿਰੋਧੀ ਕਾਰਵਾਈਆਂ ਵਿੱਚ ਵੀ ਸ਼ਾਮਿਲ ਨਹੀਂ ਹੋਣਗੇ| ਇਸਦਾ ਖਾਸ ਤੌਰ ਤੇ ਉਨ੍ਹਾਂ ਲੋਕਾਂ ਨੂੰ ਇਸਦਾ ਬਹੁਤ ਫਾਇਦਾ ਹੋਵੇਗਾ ਜੋ ਇੱਥੇ ਪੜ੍ਹਾਈ ਕਰਨ ਲਈ ਜਾਂ ਨੌਕਰੀ ਆਦਿ ਲਈ ਆਉਂਦੇ ਹਨ ਅਤੇ ਉਹਨਾਂ ਨੂੰ ਕਾਨੂੰਨ ਅਨੁਸਾਰ ਲੋੜੀਂਦੀਆਂ ਤਮਾਮ ਸਹੂਲਤਾਂ ਹਾਸਿਲ ਹੋ ਸਕਣਗੀਆਂ| ਇਸ ਸੰਬੰਧੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ  ਤਾਂ ਜੋ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

ਭੁਪਿੰਦਰ ਸਿੰਘ
ਮੁੱਖ ਸੰਪਾਦਕ

Leave a Reply

Your email address will not be published. Required fields are marked *