ਸ਼ਹਿਰ ਵਿੱਚੋਂ ਲੰਘਦੇ ਬਰਸਾਤੀ ਨਾਲੇ ਵਿੱਚ ਖੜ੍ਹਾ ਹੈ ਜੰਗਲ ਬੂਟੀ ਅਤੇ ਸੰਘਣੀਆਂ ਝਾੜੀਆਂ ਦਾ ਜੰਗਲ

ਸ਼ਹਿਰ ਵਿੱਚੋਂ ਲੰਘਦੇ ਬਰਸਾਤੀ ਨਾਲੇ ਵਿੱਚ ਖੜ੍ਹਾ ਹੈ ਜੰਗਲ ਬੂਟੀ ਅਤੇ ਸੰਘਣੀਆਂ ਝਾੜੀਆਂ ਦਾ ਜੰਗਲ
ਕੌਂਸਲਰ ਰੂਬੀ ਨੇ ਗਮਾਡਾ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਾਫ ਸਫਾਈ ਕਰਨ ਦੀ ਮੰਗ ਕੀਤੀ
ਐਸ.ਏ.ਐਸ ਨਗਰ, 19 ਜੁਲਾਈ (ਸ.ਬ.) ਸ਼ਹਿਰ ਦੇ ਬਿਲਕੁਲ ਵਿੱਚੋਂ ਲੰਘਣ ਵਾਲੇ ਬਰਸਾਤੀ ਨਾਲੇ, ਜਿਹੜਾ ਵਾਈ ਪੀ ਐਸ ਸਕੂਲ ਨੇੜਿਓਂ ਸ਼ਹਿਰ ਵਿੱਚ ਦਾਖਲ ਹੋ ਕੇ ਫੇਜ਼-8, ਫੇਜ਼-9, ਸੈਕਟਰ 66 ਤੋਂ ਹੁੰਦਾ ਹੋਇਆ ਸੈਕਟਰ 80 (ਪਿੰਡ ਕਲੋਨੀ) ਵੱਲ ਜਾਂਦਾ ਹੈ ਵਿੱਚ ਇਸ ਵੇਲੇ ਜੰਗਲੀ ਬੂਟੀ ਦੀ ਭਰਮਾਰ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਨਾਲੇ ਵਿੱਚ ਉੱਗਣ ਵਾਲੀਆਂ ਝਾੜੀਆਂ ਅਤੇ ਜੰਗਲ ਬੂਟੀ ਦੀ ਸਾਫ ਸਫਾਈ ਨਾ ਕਰਵਾਏ ਜਾਣ ਕਾਰਨ ਕਈ ਥਾਂਵਾਂ ਤੇ ਇਹ 7-8 ਫੁੱਟ ਤਕ ਉੱਚੀ ਹੋ ਚੁੱਕੀ ਹੈ|
ਇਸ ਬਰਸਾਤੀ ਨਾਲੇ ਵਿੱਚ ਭਾਵੇਂ ਆਮ ਦਿਨਾਂ ਵਿੱਚ ਪਾਣੀ ਦਾ ਬਹਾਅ ਨਹੀਂ ਹੁੰਦਾ ਅਤੇ ਇਸ ਵਿੱਚ ਸੁੱਟੇ ਜਾਣ ਵਾਲੇ ਸੀਵਰੇਜ ਦੇ ਗੰਦੇ ਪਾਣੀ ਨੂੰ ਹੁਣ ਗਮਾਡਾ ਵੱਲੋਂ ਵੱਖਰੀ ਪਾਈਪ ਪਾ ਕੇ ਅੰਡਰ-ਗਰਾਉਂਡ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਬਰਸਾਤ ਦੇ ਦਿਨਾਂ ਵਿੱਚ (ਜਦੋਂ ਪਿੱਛੋਂ ਜਿਆਦਾ ਪਾਣੀ ਆਉਂਦਾ ਹੈ) ਇਹ ਨਾਲਾ ਪੂਰਾ ਉੱਪਰ ਤੱਕ ਵੀ ਭਰ ਜਾਂਦਾ ਹੈ| ਇਸ ਨਾਲੇ ਨੂੰ ਭਾਵੇਂ ਗਮਾਡਾ ਵੱਲੋਂ ਪੱਕਾ ਕਰਕੇ ਇਸਦੇ ਦੋਵੇਂ ਪਾਸੇ ਉੱਚੀ ਦੀਵਰ  ਵੀ ਬਣਵਾ ਦਿਤੀ ਗਈ ਸੀ, ਜਿਸ ਕਾਰਨ ਇੱਥੇ ਸਾਲਾਂ ਤੋਂ ਚਲਦੀ ਆ ਰਹੀ ਗੰਦੇ ਪਾਣੀ ਦੀ ਬਦਬੂ ਅਤੇ ਮੱਛਰਾਂ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਕਾਬੂ ਹੇਠ ਆ ਗਈ ਸੀ| ਪ੍ਰੰਤੂ ਹੁਣ ਇਸ ਨਾਲੇ ਵਿੱਚ ਜੰਗਲ ਬੂਟੀ ਦੀ ਸਾਫ ਸਫਾਈ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇਸ ਵਿੱਚ ਪਾਣੀ ਰੁਕਣ ਅਤੇ ਮੱਛਰ ਪੈਦਾ ਹੋਣ ਤੋਂ ਇਲਾਵਾ ਇੱਥੇ ਸੱਪ, ਨੇਵਲੇ ਆਦਿ ਜੀਵਾਂ ਦੇ ਮੌਜੂਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ|
ਫੇਜ਼-9 ਦੇ ਕੌਂਸਲਰ ਸ੍ਰ. ਕਮਲਜੀਤ  ਸਿੰਘ ਰੂਬੀ ਕਹਿੰਦੇ ਹਨ ਕਿ ਨਾਲੇ ਵਿੱਚ ਇਸ ਵੇਲੇ ਭਾਰੀ ਮਾਤਰਾ ਵਿੱਚ ਜੰਗਲੀ  ਬੂਟੀ, ਝਾੜੀਆਂ ਹੋਣ ਕਾਰਨ ਨਾਲੇ ਨੇੜੇ ਰਹਿੰਦੇ ਲੋਕਾਂ ਦੀ ਸਿਹਤ ਅਤੇ ਉਹਨਾਂ ਦੀ ਜਾਨ ਮਾਲ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ| ਉਹਨਾਂ ਕਿਹਾ ਕਿ ਇਹਨਾਂ ਝਾੜੀਆਂ ਵਿੱਚ ਜਹਿਰੀਲੇ ਜੀਵ ਜੰਤੂ ਵੀ ਹੋ ਸਕਦੇ ਹਨ| ਜਿਹੜੇ ਪਾਣੀ ਆਉਣ ਤੇ ਆਪਣੀ ਜਾਨ ਬਚਾਉਣ ਲਈ ਲੋਕਾਂ ਦੇ ਘਰਾਂ ਵਿੱਚ ਵੜ ਸਕਦੇ ਹਨ| ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਖੜੀਆਂ 8-10 ਫੁੱਟ ਉੱਚੀਆਂ ਝਾੜੀਆਂ ਕਾਰਨ ਪਾਣੀ ਦੇ ਪ੍ਰਵਾਹ ਵਿੱਚ ਵੀ ਰੁਕਾਵਟ ਆਉਣੀ ਤੈਅ ਹੈ ਅਤੇ  ਜੇਕਰ ਜਿਆਦਾ ਮੀਂਹ ਪੈਣ ਕਾਰਨ ਪਾਣੀ ਵੱਧ ਗਿਆ ਤਾਂ ਇਹ ਨਾਲੇ ਤੋਂ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਵੀ ਦਾਖਿਲ ਹੋ ਸਕਦਾ ਹੈ|
ਉਹਨਾਂ ਦਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਬੀਤੇ ਕੱਲ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਅਤੇ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੂਟੀ ਨੂੰ ਕਟਵਾ ਕੇ ਇੱਥੇ ਸਾਫ ਸਫਾਈ ਕਰਨ ਦੀ ਮੰਗ ਕੀਤੀ ਹੈ ਅਤੇ ਵਧੀਕ ਮੁੱਖ ਪ੍ਰਸ਼ਾਸ਼ਕ ਨੇ ਉਹਨਾਂ ਨੂੰ ਛੇਤੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ|
ਇਸ ਸਬੰਧੀ ਗਮਾਡਾ ਦੇ ਅਧਿਕਾਰੀ ਕਹਿੰਦੇ ਹਨ ਕਿ ਗਮਾਡਾ ਵੱਲੋਂ ਸ਼ਹਿਰ ਦੇ ਰੱਖ ਰਖਾਉ ਨਾਲ ਜੁੜਿਆ ਸਾਰਾ ਕੰਮ ਨਗਰ ਨਿਗਮ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ ਅਤੇ ਇਸ ਸਬੰਧੀ ਗਮਾਡਾ ਵੱਲੋਂ ਨਗਰ ਨਿਗਮ ਨੂੰ ਹਰ ਸਾਲ 50 ਕਰੋੜ ਰੁਪਏ ਦੀ ਰਕਮ ਵੀ  ਦਿੱਤੀ ਜਾ ਰਹੀ ਹੈ|  ਗਮਾਡਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਸਬੰਧੀ ਇੱਕ ਮਿਉਂਸਪਲ ਕੌਂਸਲਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗਮਾਡਾ ਵੱਲੋਂ ਇਸ ਸਬੰਧੀ ਕਾਰਵਾਈ ਲਈ ਉੱਚ ਅਧਿਕਾਰੀਆਂ ਦੀ ਇਜਾਜਤ ਲਈ ਜਾ ਰਹੀ ਹੈ| ਜਿਸ ਤੋਂ ਬਾਅਦ ਜੰਗਲੀ ਬੂਟੀ ਦੀ ਸਾਫ ਸਫਾਈ ਦਾ ਕੰਮ ਕਰਵਾ ਦਿਤਾ ਜਾਵੇਗਾ|

Leave a Reply

Your email address will not be published. Required fields are marked *