ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਪੇਇੰਗ ਗੈਸਟ ਹਾਉਸਾਂ ਨੂੰ ਨੱਥ ਪਾਏ ਜਿਲ੍ਹਾ ਪ੍ਰਸ਼ਾਸ਼ਨ

ਸਾਡੇ ਸ਼ਹਿਰ ਵਿੱਚ ਲਗਭਗ ਸਾਰੇ ਹੀ ਫੇਜ਼ਾਂ ਵਿੱਚ  ਥਾਂ ਥਾਂ ਤੇ ਪੇਇੰਗ ਗੈਸਟ ਹਾਉਸ ਖੁੱਲੇ ਹੋਏ ਹਨ ਜਿਹੜੇ ਅਣ- ਅਧਿਕਾਰਤ ਤੌਰ ਤੇ ਚਲਾਏ ਜਾਂਦੇ ਹਨ| ਇਹਨਾਂ ਪੇਇੰਗ ਗੈਸਟ ਹਾਉਸਾਂ ਵਿੱਚ ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਆਪਣੇ ਕੰਮਾਂ-ਕਾਰਾਂ ਜਾਂ ਪੜ੍ਹਾਈ ਲਈ ਸਾਡੇ ਸ਼ਹਿਰ ਵਿੱਚ ਆ ਕੇ ਰਹਿਣ ਲਈ ਮਜਬੂਰ ਨੌਜਵਾਨ ਮੁੰਡੇ ਕੁੰੜੀਆਂ ਨੂੰ ਰਿਹਾਇਸ਼ ਦੀ ਸੁਵਿਧਾ ਮੁਹਈਆ ਕਰਵਾਈ ਜਾਂਦੀ ਹੈ| ਸ਼ੁਰੂ ਸ਼ੁਰੂ ਵਿੱਚ (ਦਸ ਕੁ ਸਾਲ ਪਹਿਲਾਂ)  ਜਦੋਂ ਇਹ ਅਮਲ ਸ਼ੁਰੂ ਹੋਇਆ ਸੀ ਉਸ ਵੇਲੇ ਆਸਾਨ ਕਮਾਈ ਦਾ ਇਹ ਸਾਧਨ ਸ਼ਹਿਰ ਵਾਸੀਆਂ ਨੂੰ ਚੰਗਾ ਲੱਗਦਾ ਸੀ| ਇਸ ਕੰਮ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਮਕਾਨ ਦੇ ਖਾਲੀ ਪਏ ਕਿਸੇ ਕਮਰੇ ਬਦਲੇ ਚੋਖੀ ਰਕਮ ਹਾਸਿਲ ਹੋ ਜਾਂਦੀ ਸੀ ਉੱਥੇ ਬਾਹਰੋਂ ਆ ਕੇ ਰਿਹਾਇਸ਼ ਦੀ ਸਹੂਲੀਅਤ ਲੱਭਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਰਿਹਾਇਸ਼ ਦੇ ਨਾਲ ਨਾਲ ਖਾਣ ਪੀਣ ਦੀ ਸੁਵਿਧਾ ਵੀ ਮਿਲ ਜਾਂਦੀ ਸੀ ਜਿਸ ਨਾਲ ਉਹਨਾਂ ਨੂੰ ਕਾਫੀ ਸਹੂਲੀਅਤ ਹੋ ਜਾਂਦੀ ਹੈ| ਇਸਦੇ ਨਾਲ ਨਾਲ ਕਿਸੇ ਵੀ ਪਰਿਵਾਰ ਦੇ ਵਿੱਚ ਰਹਿਣ ਨਾਲ ਉਹਨਾਂ ਨੂੰ ਇੱਕ ਘਰੇਲੂ ਮਾਹੌਲ ਮਿਲ ਜਾਂਦਾ ਸੀ ਜਿਸ ਨਾਲ ਇੱਕ ਅਣਜਾਣ ਸ਼ਹਿਰ ਵਿੱਚ ਉਹਨਾਂ ਲਈ ਸਮਾਂ ਗੁਜਾਰਨਾ ਕਾਫੀ ਆਸਾਨ ਹੋ ਜਾਂਦਾ ਸੀ|
ਪਰੰਤੂ ਹੌਲੀ ਹੌਲੀ ਇਸ ਕੰਮ ਦਾ ਵਪਾਰੀਕਰਨ ਹੋ ਗਿਆ ਅਤੇ ਕੁੱਝ ਵਿਅਕਤੀਆਂ ਵਲੋਂ ਕੋਠੀਆਂ ਕਿਰਾਏ ਤੇ ਲੈ ਕੇ ਬਾਕਾਇਦਾ ਪੇਇੰਗ ਗੈਸਟ ਹਾਉਸ ਚਲਾਉਣੇ ਸ਼ੁਰੂ ਕਰ ਦਿੱਤੇ  ਗਏ| ਅਸਲ ਵਿੱਚ ਇਹ ਪੇਇੰਗ ਗੈਸਟ ਹਾਉਸ ਨਹੀਪਂ ਹਨ ਬਲਕਿ ਇਸਦੇ ਨਾਮ ਤੇ ਚਲਣ ਵਾਲੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਰਹਿਣ ਵਾਲਿਆਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਕੁੱਝ ਵੀ ਕਰਨ ਦੀ ਆਜਾਦੀ ਮਿਲਦੀ ਹੈ| ਪਿਛਲੇ ਕੁੱਝ ਸਾਲਾਂ ਦੌਰਾਨ ਸ਼ਹਿਰ ਵਿੱਚ ਬਾਹਰੋਂ ਆ ਕੇ ਰਹਿਣ ਵਾਲੇ ਅਜਿਹੇ ਵਿਅਕਤੀਆਂ ਦੀ ਗਿਣਤੀ ਵਿੱਚ ਹੋਏ ਬੇਹਿਸਾਬ ਵਾਧੇ ਨੇ ਹੌਲੀ ਹੌਲੀ ਇਸ ਵਰਤਾਰੇ ਨੂੰ ਆਮ ਸ਼ਹਿਰਵਾਸੀਆਂ ਲਈ ਇੱਕ ਸਮੱਸਿਆ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ  ਇਸ ਕਾਰਣ ਕਈ ਤਰ੍ਹਾਂ ਦੀਆਂ ਸਮਾਜਿਕ ਪਰੇਸ਼ਾਨੀਆਂ ਖੜ੍ਹੀਆਂ ਹੋਣ ਲੱਗ ਪਈਆਂ ਹਨ|
ਦੇਸ਼ ਦੇ ਵੱਖ ਵੱਖ ਸ਼ਹਿਰਾਂ ਤੋਂ ਇੱਥੇ ਆ ਕੇ ਰਹਿਣ ਵਾਲੇ ਇਹਨਾਂ ਨੌਜਵਾਨ ਮੁੰਡੇ ਕੁੜੀਆਂ ਦਾ ਖੁੱਲਾ ਵਿਵਹਾਰ ਸ਼ਹਿਰ ਵਾਸੀਆਂ ਲਈ ਬੇਲੋੜੀਆਂ ਪਰੇਸ਼ਾਨੀਆਂ ਵਧਾਉਣ ਦਾ ਕਾਰਣ ਬਣਦਾ ਹੈ ਅਤੇ ਇਸ ਕਾਰਣ ਸਾਡਾ ਪੂਰਾ ਸਮਾਜਿਕ ਤਾਣਾ ਬਾਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ| ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੇ ਰਿਹਾਇਸ਼ੀ ਮਕਾਨਾਂ ਵਿੱਚ ਚਲਣ ਵਾਲੇ ਪੇਇੰਗ ਗੈਸਟ ਹਾਉਸਾਂ ਵਿੱਚ ਰਹਿਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਗਲੀਆਂ ਵਿੱਚ ਦੇਰ ਰਾਤ ਤਕ ਘੁੰਮਦੇ ਰਹਿੰਦੇ ਹਨ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਇਸ ਵੇਲੇ ਇਹ ਹਾਲਤ ਬਣੀ ਹੋਈ ਹੈ ਕਿ ਲਗਭਗ ਹਰੇਕ ਹੀ ਗਲੀ ਦੇ ਮੋੜ ਤੇ ਰਾਤ ਵੇਲੇ ਕੋਈ ਨਾ ਕੋਈ ਮੁੰਡਾ ਕੁੜੀ ਸੜਕ ਕਿਨਾਰੇ ਆਪਸ ਵਿੱਚ ਗੱਲਾਂ ਮਾਰਦੇ ਨਜਰ ਆ ਜਾਂਦੇ ਹਨ| ਇਸ ਤੋਂ ਇਲਾਵਾ ਜਿਹਨਾਂ ਘਰਾਂ ਵਿੱਚ ਇਹ ਪੇਇੰਗ ਗੈਸਟ ਰਹਿੰਦੇ ਹਨ ਉਹਨਾਂ ਘਰਾਂ ਵਿੱਚ ਅਕਸਰ ਦੇਰ ਰਾਤ ਤਕ ਚਲਣ ਵਾਲੀਆਂ ਪਾਰਟੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ| ਸ਼ਹਿਰ ਵਿੱਚ ਆ ਕੇ ਰਹਿਣ ਵਾਲੇ ਇਹਨਾਂ ਮਹਿਮਾਨਾਂ ਦਾ ਜਿੰਦਗੀ ਜੀਣ ਦਾ ਇਹ ਵੱਖਰਾ ਅੰਦਾਜ ਸਾਡੀ ਨਵੀਂ ਪੀੜ੍ਹੀ ਦੇ ਦਿਲੋ ਦਿਮਾਗ ਤੇ ਗਹਿਰਾ ਅਸਰ ਛੱਡਦਾ ਹੈ ਅਤੇ ਸਾਡੀ ਨਵੀਂ ਪੀੜ੍ਹੀ ਵੀ ਅਜਿਹੀ ਹੀ ਅਲਮਸਤ ਜਿੰਦਗੀ ਜੀਣ ਦੀ ਚਾਹਤ ਵਿੱਚ ਆਪਣੇ ਪਰਿਵਾਰ ਵਾਲਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ|
ਲਗਾਤਾਰ ਵੱਧਦੀ ਇਸ ਸਮੱਸਿਆ ਤੇ ਕਾਬੂ ਕਾਬੂ ਕਰਨ ਲਈ ਜਰੂਰੀ ਹੈ ਕਿ ਸ਼ਹਿਰ ਵਿੱਚ ਵੀ ਰਿਹਾਇਸ਼ੀ ਖੇਤਰ ਵਿੱਚ ਅਣਅਧਿਕਾਰਤ ਢੰਗ ਚਲਣ ਵਾਲੇ ਇਹਨਾਂ ਪੇਇੰਗ ਗੈਸਟ ਹਾਉਸਾਂ ਤੇ ਲਗਾਮ ਕਸੀ ਜਾਏ| ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ            ਪੇਇੰਗ ਗੈਸਟ ਹਾਉਸ ਚਲਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕਰੇ ਅਤੇ ਅਣਅਧਿਕਾਰਤ ਤੌਰ ਤੇ ਚਲਦੇ ਅਜਿਹੇ ਤਮਾਮ ਪੇਇੰਗ ਗੈਸਟ ਹਾਉਸਾਂ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ| ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *