ਸ਼ਹਿਰ ਵਿੱਚ ਆਵਾਰਾ ਕੁੱਤਿਆਂ ਤੇ ਕਾਬੂ ਪਾਉਣ ਲਈ ਨਵਾਂ ਓਪਰੇਸ਼ਨ ਥੀਏਟਰ ਬਣਾਇਆ : ਰਾਜੇਸ਼ ਧੀਮਾਨ

ਐਸ.ਏ.ਐਸ. ਨਗਰ,  27 ਜੁਲਾਈ (ਸ.ਬ.) ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਖੇਤਰ ਵਿੱਚ ਅਵਾਰਾ ਕੁੱਤਿਆ ਤੇ ਕਾਬੂ ਪਾਉਣ ਲਈ ਕੁੱਤਿਆਂ ਦੀ ਨਸਬੰਦੀ ਲਈ ਨਵਾਂ ਓਪਰੇਸ਼ਨ ਥੀਏਟਰ ਬਣਾਇਆ ਗਿਆ ਹੈ| ਜਿਸ ਨਾਲ ਕੁੱਤਿਆਂ ਦੀ ਨਸਬੰਦੀ ਦੇ ਕੰਮ ਵਿਚ ਤੇਜੀ ਆਵੇਗੀ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ਼ ਧੀਮਾਨ ਨੇ  ਫੇਜ਼-5 ਦੇ ਕਮਿਊਨਿਟੀ ਸੈਂਟਰ ਵਿਖੇ ਨਗਰ ਨਿਗਮ ਵੱਲੋਂ ਸੁਸਾਇਟੀ ਫਾਰ ਪ੍ਰੋਵੈਨਸਨ ਕਰਯੂਲਿਟੀ ਐਨੀਮਲ ਉਦਗੀਰ ਅਤੇ ਪੀਪਲ ਫਾਰ ਐਨੀਮਲ ਚੰਡੀਗੜ੍ਹ ਦੇ ਸਹਿਯੋਗ ਨਾਲ ਲੋਕਾਂ ਨੂੰ ਅਵਾਰਾ ਕੁੱਤਿਆਂ ਪ੍ਰਤੀ ਜਾਗਰੂਕ ਕਰਨ ਅਤੇ ਕੁੱਤਿਆਂ ਦੇ ਹਲਕਾਅ ਤੋਂ ਬਚਾਅ ਲਈ ਲਗਾਏ ਗਏ ਟੀਕਾਕਰਨ ਕੈਂਪ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ| ਕੈਂਪ ਦਾ ਉਦਘਾਟਨ ਵਧੀਕ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਹਰਗੁਨਜੀਤ ਕੌਰ ਨੇ ਕੀਤਾ|
ਕਮਿਸ਼ਨਰ  ਨਗਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਅਵਾਰਾ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਵਾਰਡ ਪੱਧਰ ਤੇ ਟੀਕਾਕਰਨ ਕੈਂਪ ਸ਼ੁਰੂ ਕੀਤੇ ਗਏ ਹਨ| ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਹੁਣ ਤੱਕ 1500 ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਟੀਕੇ ਲਗਾਏ ਜਾ ਚੁੱਕੇ ਹਨ| ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਸੰਖਿਆਂ ਨੂੰ ਰੋਕਣ ਲਈ ਨਗਰ ਨਿਗਮ ਵੱਲੋਂ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਤੱਕ ਸ਼ਹਿਰ ਦੇ 150 ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ| ਉਨ੍ਹਾਂ ਦੱਸਿਆ ਕਿ ਨਵਾਂ ਓਪਰੇਸ਼ਨ ਥੀਏਟਰ ਹੋਂਦ ਵਿਚ ਆਉਣ ਨਾਲ ਹੁਣ ਰੋਜਾਨਾ ਵੱਧ ਕੁੱਤਿਆਂ ਦੇ ਨਸਬੰਦੀ ਓਪਰੇਸ਼ਨ ਹੋ ਸਕਣਗੇ| ਇੱਥੇ ਇਹ ਵਰਨਣਯੋਗ ਹੈ ਸ਼ਹਿਰ ਵਿਚ ਅਵਾਰਾ ਕੁੱਤਿਆਂ ਵੱਲੋਂ ਆਮ ਵਿਅਕਤੀ ਅਤੇ ਬੱਚਿਆਂ ਨੂੰ ਕੱਟਣ ਦੇ ਕੇਸ ਸਾਹਮਣੇ ਆਏ ਸਨ ਅਤੇ ਇਸ ਨੂੰ ਨਗਰ ਨਿਗਮ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਕੁੱਤਿਆਂ ਦੀ ਨਸਬੰਦੀ ਕਰਨ ਦਾ ਬੀੜਾ ਚੁੱਕਿਆ ਗਿਆ|
ਸਮਾਗਮ ਨੂੰ ਸੰਬੋਧਨ ਕਰਦਿਆਂ ਫਾਊਡੇਸ਼ਨ ਟਰੱਸਟੀ  ਪੀਪਲ ਫਾਰ ਐਨੀਮਲ ਚੰਡੀਗੜ੍ਹ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨਾ ਵਾਜਿਬ ਹੈ| ਸਮਾਗਮ ਮੌਕੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ,ਕੌਂਸਲਰ ਅਰੁਣ ਸ਼ਰਮਾਂ,ਸ੍ਰ: ਅਵਤਾਰ ਸਿੰਘ ਚੰਨਾ, ਸਤਵੀਰ ਸਿੰਘ ਧਨੋਆ, ਗੁਰਮੁੱਖ ਸਿੰਘ ਸੋਹਲ ਸਮੇਤ ਹੋਰ ਪੰਤਵੰਤੇ ਵੀ ਮੌਜੂਦ ਸਨ|  ਇਸ ਮੌਕੇ ਡਾ: ਸੰਦੀਪ ਰਾਣਾ ਨੇ ਕੈਂਪ ਦੌਰਾਨ ਅਵਾਰਾ ਕੁੱਤਿਆਂ ਦੇ ਕੱਟਣ ਤੋਂ ਬਚਣ ਲਈ ਤੌਰ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *