ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ, ਲੋਕ ਪ੍ਰੇਸ਼ਾਨ

ਐਸ. ਏ. ਐਸ. ਨਗਰ, 20 ਅਪ੍ਰੈਲ (ਸ.ਬ.) ਚੰਡੀਗੜ੍ਹ ਦੀ ਤਰਜ ਉਪਰ ਵਸਾਏ ਗਏ ਸ਼ਹਿਰ ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ, ਜਿਹਨਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ|
ਇਹ ਆਵਾਰਾ ਪਸ਼ੂ ਸ਼ਹਿਰ ਦੇ ਹਰ ਇਲਾਕੇ ਵਿੱਚ ਹੀ ਝੁੰਡ ਬਣਾ ਕੇ ਫਿਰਦੇ ਰਹਿੰਦੇ ਹਨ ਅਤੇ ਅਕਸਰ ਹੀ ਇਹਨਾਂ ਆਵਾਰਾ ਪਸ਼ੂਆਂ ਦਾ ਝੁੰਡ ਮੁੱਖ ਸੜਕਾਂ ਦੇ ਵਿਚਾਲੇ ਆ ਕੇ ਖੜ ਜਾਂਦੇ ਹਨ| ਜਿਸ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪੈਂਦਾ ਹੈ| ਇਸ ਤੋਂ ਇਲਾਵਾ ਇਹ ਆਵਾਰਾ ਪਸ਼ੂ ਲੋਕਾਂ ਦੇ ਘਰਾਂ ਅੱਗੇ ਮਲ ਮੂਤਰ ਕਰ ਦਿੰਦੇ ਹਨ ਅਤੇ ਕੂੜਾ ਫਰੋਲ ਕੇ ਗੰਦਗੀ ਪਾਉਂਦੇ ਰਹਿੰਦੇ ਹਨ|
ਇਹਨਾਂ ਆਵਾਰਾ ਪਸ਼ੂਆਂ ਕਾਰਨ ਬਹੁਤ ਹਾਦਸੇ  ਵਾਪਰ ਚੁੱਕੇ ਹਨ, ਫਿਰ ਵੀ ਪ੍ਰਸ਼ਾਸ਼ਨ ਵਲੋਂ ਇਹਨਾਂ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਕੁਝ ਨਹੀਂ ਕੀਤਾ ਜਾ ਰਿਹਾ|
ਸ਼ਹਿਰ ਵਾਸੀਆਂ ਦਾ ਕਹਿਣਾ ਹੈ  ਕਿ ਸਰਕਾਰ ਵਲੋਂ ਆਮ ਲੋਕਾਂ ਦੇ ਬਿਜਲੀ ਬਿਲਾਂ ਅਤੇ ਹੋਰ ਸਮਾਨ ਉਪਰ ਗਊ ਟੈਕਸ ਲਗਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ ਪਰ ਇਹਨਾਂ ਆਵਾਰਾ ਗਊਆਂ ਅਤੇ ਸਾਢਾਂ ਦੀ ਸੰਭਾਲ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ| ਇਸ ਤੋਂ ਇਲਾਵਾ ਕਈ ਵਿਅਕਤੀ ਆਪਣੇ ਦੁਧਾਰੂ ਪਸ਼ੂ ਵੀ ਸ਼ਹਿਰ ਵਿੱਚ ਖੁਲ੍ਹੇ ਛੱਡ ਦਿੰਦੇ ਹਨ| ਜਿਸ ਕਾਰਨ ਸ਼ਹਿਰ ਵਿੱਚ ਆਵਾਰਾ ਫਿਰਦੇ ਪਸ਼ੂ ਗੰਭੀਰ ਸਮੱਸਿਆ ਬਣ ਗਏ ਹਨ|
ਸਮਾਜ ਸੇਵਕ ਸ੍ਰੀ ਕੀਰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਆਵਾਰਾ ਪਸ਼ੂ ਬਹੁਤ ਗੰਭੀਰ ਸਮੱਸਿਆ ਬਣ ਚੁੱਕੇ ਹਨ ਪਰ ਨਗਰ ਨਿਗਮ ਵਲੋਂ ਇਹ ਸਮੱਸਿਆ ਦੇ ਹੱਲ ਲਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ|
ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਆਵਾਰਾ ਫਿਰਦੇ ਪਸ਼ੂਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ|

Leave a Reply

Your email address will not be published. Required fields are marked *