ਸ਼ਹਿਰ ਵਿੱਚ ਕੰਮ ਕਰਦੇ ਰਿਕਸ਼ਾ ਚਾਲਕਾਂ ਦੇ ਸ਼ਨਾਖਤੀ ਕਾਰਡ ਅਤੇ ਲਾਈਸੰਸ ਬਣਾਏ ਪ੍ਰਸ਼ਾਸ਼ਨ

ਪਿਛਲੇ ਸਾਲਾਂ (ਬਲਕਿ ਦਹਾਕਿਆਂ) ਦੌਰਾਨ ਸਾਡੇ ਸ਼ਹਿਰ ਦਾ ਨਾ ਸਿਰਫ ਸਰਬਪੱਖੀ ਵਿਕਾਸ ਹੋਇਆ ਹੈ ਬਲਕਿ ਇਸਦੇ ਨਾਲ ਨਾਲ ਸ਼ਹਿਰ ਦਾ ਪਸਾਰ ਹੋਣ ਨਾਲ ਇਸਦੀ ਆਬਾਦੀ ਵਿੱਚ ਵੀ  ਬੇਸ਼ੁਮਾਰ ਵਾਧਾ ਹੋਇਆ ਹੈ| ਸਾਡਾ ਸ਼ਹਿਰ ਹੁਣ ਚਾਰ ਦਹਾਕੇ ਪਹਿਲਾਂ ਵਾਲਾ ਉਹ ਮੁਹਾਲੀ ਸ਼ਹਿਰ ਨਹੀਂ ਰਿਹਾ ਜਿੱਥੇ ਟਾਂਵੀ ਟਾਂਵੀ ਆਬਾਦੀ ਹੁੰਦੀ ਸੀ ਅਤੇ ਕਿਸੇ ਪਿੰਡ ਦੇ ਵਸਨੀਕਾਂ ਵਾਂਗ ਸ਼ਹਿਰ ਦੇ ਜਿਆਦਾਤਰ ਵਸਨੀਕ ਇੱਕ ਦੂਜੇ ਨਾਲ ਨਿੱਜੀ ਜਾਣ ਪਛਾਣ ਰੱਖਦੇ ਸੀ| ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਸ਼ਹਿਰ ਦੀ ਵੱਧਦੀ ਆਬਾਦੀ ਦੇ ਨਾਲ ਨਾਲ ਲੋਕਾਂ ਦੀ ਆਪਸੀ ਜਾਣ ਪਹਿਚਾਣ ਦਾ ਦਾਇਰਾ ਲਗਾਤਾਰ ਸੁਗੜਦਾ ਰਿਹਾ ਹੈ ਅਤੇ ਹੁਣ ਤਾਂ ਲੋਕ ਆਪਣੇ ਨਾਲ ਦੇ ਘਰ ਵਿੱਚ ਰਹਿਣ ਵਾਲਿਆਂ ਬਾਰੇ ਵੀ ਪੁਰੀ ਜਾਣਕਾਰੀ ਨਹੀਂ  ਰੱਖਦੇ|
ਪਿਛਲੇ ਸਮੇਂ ਦੌਰਾਨ ਸਾਡਾ ਸ਼ਹਿਰ ਅੰਤਰ-ਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਕੇ ਆਪਣੀ ਇੱਕ ਵੱਖਰੀ ਪਛਾਣ ਕਾਇਮ ਕਰ ਚੁੱਕਿਆ ਹੈ ਅਤੇ ਸਮੇਂ ਦੇ ਨਾਲ ਨਾਲ ਸ਼ਹਿਰਵਾਸੀਆਂ ਦੀਆਂ ਲੋੜਾਂ ਵੀ ਬਦਲ ਗਈਆਂ ਹਨ| ਸ਼ਹਿਰ ਦੇ ਵਿਕਾਸ ਅਤੇ ਪਸਾਰ ਦੇ ਨਾਲ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਲੋੜ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਅਤੇ ਸਰਕਾਰ ਵਲੋਂ ਸ਼ਹਿਰ ਵਾਸੀਆਂ ਲਈ ਲੋੜੀਂਦੀ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਨਾ ਕਰਵਾਏ ਜਾਣ ਕਾਰਨ ਲੋਕਾਂ ਦੀ ਆਟੋ ਅਤੇ ਸਾਈਕਲ ਰਿਕਸ਼ਿਆਂ ਤੇ ਨਿਰਭਰਤਾ ਬਹੁਤ ਜਿਆਦਾ ਵੱਧ ਚੁੱਕੀ ਹੈ| ਇਸ ਦੌਰਾਨ ਅਜਿਹੇ ਵਿਅਕਤੀ ਜਿਹੜੇ ਬਾਹਰੋ ਆਉਂਦੇ ਹਨ ਜਾਂ ਜਿਹਨਾਂ ਨੇ ਸ਼ਹਿਰ ਦੇ ਵਿੱਚ ਵਿੱਚ ਆਪਣੇ ਕਿਸੇ ਕੰਮ ਲਈ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਣਾ ਹੁੰਦਾ ਹੈ, ਆਪਣੀ ਆਵਾਜਾਈ ਦੀ ਜਰੂਰਤ ਨੂੰ ਪੂਰਾ ਕਰਨ ਲਈ ਜਿਆਦਾਤਰ ਸਾਈਕਲ ਰਿਕਸ਼ਿਆਂ ਦੀ ਹੀ ਵਰਤੋਂ ਕਰਦੇ ਹਨ|
ਸ਼ਹਿਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਵਿਅਕਤੀ ਮੌਜੁਦ ਹਨ ਜਿਹੜੇ ਰਿਕਸ਼ਾ ਚਲਾਉਂਦੇ ਹਨ| ਸ਼ਹਿਰ ਵਿੱਚ ਕਈ ਥਾਂਵਾਂ ਤੇ ਅਜਿਹੇ ਅਣ ਅਧਿਕਾਰਤ ਰਿਕਸ਼ਾ ਸਟੈਂਡ ਵੀ ਬਣੇ ਹੋਏ ਹਨ ਜਿੱਥੇ ਇਹ ਰਿਕਸ਼ਿਆਂ ਵਾਲੇ ਖੜ੍ਹੇ ਹੋ ਕੇ ਸਵਾਰੀ ਦੀ ਉਡੀਕ ਕਰਦੇ ਹਨ| ਰਿਕਸ਼ਾ ਚਲਾਉਣ ਵਾਲੇ ਇਹਨਾਂ ਲੋਕਾਂ ਵਿੱਚੋਂ ਜਿਆਦਾਤਰ ਪ੍ਰਵਾਸੀ ਹਨ ਜਿਹੜੇ ਯੂ. ਪੀ., ਬਿਹਾਰ ਜਾਂ ਹੋਰਨਾਂ ਸੂਬਿਆਂ ਤੋਂ ਇੱਥੇ ਆ ਕੇ ਵਸੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਰਿਕਸ਼ਾ ਚਲਾਉਣ ਦਾ ਹੀ ਕੰਮ ਕਰਦੇ ਆ ਰਹੇ ਹਨ| ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸ਼ਨ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ ਸ਼ਹਿਰ ਵਿੱਚ ਅਜਿਹੇ ਕਿੰਨੇ ਵਿਅਕਤੀ ਹਨ ਜੋ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਹਨ| ਪ੍ਰਸ਼ਾਸ਼ਨ ਵਲੋਂ ਨਾ ਤਾਂ ਇਹਨਾਂ ਰਿਕਸ਼ਿਆਂ ਵਾਲਿਆਂ ਦੇ ਕੋਈ ਲਾਇਸੰਸ ਆਦਿ ਹੀ ਬਣਾਏ ਜਾਂਦੇ ਹਨ ਅਤੇ ਨਾ ਹੀ ਉਹਨਾਂ ਨੂੰ ਕੋਈ ਸੁਵਿਧਾ ਮਿਲਦੀ ਹੈ|
ਦੇਸ਼ ਦੇ ਲਗਭਗ ਸਾਰੇ ਹੀ ਵੱਡੇ ਸ਼ਹਿਰਾਂ ਵਿੱਚ ਉੱਥੋਂ ਦੇ ਨਗਰ ਨਿਗਮ ਵਲੋਂ ਨਾ ਸਿਰਫ ਰਿਕਸ਼ਾ ਚਲਕਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਬਲਕਿ ਉਹਨਾਂ ਦੇ ਲਾਈਸੰਸ ਵੀ ਬਣਾਏ ਜਾਂਦੇ ਹਨ ਅਤੇ ਉਹਨਾਂ ਲਈ ਬਣੇ ਰਿਕਸ਼ਾ ਸਟੈਂਡਾ ਤੇ ਪੀਣ ਵਾਲੇ ਪਾਣੀ, ਸ਼ੈਡ  ਅਤੇ ਹੋਰਨਾਂ ਸੁਵਿਧਾਵਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ| ਅਜਿਹਾ ਸੁਰਖਿਆ ਦੇ ਲਿਹਾਜ ਨਾਲ ਵੀ ਜਰੁਰੀ ਹੁੰਦਾ ਹੈ ਕਿਉਂਕਿ ਇਹਨਾਂ ਰਿਕਸ਼ਾ ਚਾਲਕਾਂ ਦੀ ਆੜ ਲੈ ਕੇ ਸਮਾਜ ਵਿਰੋਧੀ ਅਨਸਰ ਵੀ ਫਾਇਦਾ ਉਠਾ ਸਕਦੇ ਹਨ| ਇਹ ਰਿਕਸ਼ਾ ਚਾਲਕ ਆਮ ਲੋਕਾਂ ਨੂੰ ਉਹਨਾਂ ਦੇ ਘਰ ਤਕ ਪਹੁੰਚਾਉਣ ਲਈ ਜਾਂਦੇ ਹਨ ਅਤੇ ਲੋਕਾਂ ਦਾ ਸਾਮਾਨ ਅੰਦਰ ਰੱਖਣ ਵਾਸਤੇ ਘਰ ਦੇ ਅੰਦਰ ਤਕ ਪਹੁੰਚ ਰੱਖਦੇ ਹਨ ਇਸ ਲਈ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਇਹਨਾ ਰਿਕਸ਼ਿਆਂ ਵਾਲਿਆਂ ਦੇ ਚਾਲ-ਚਲਨ ਦੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਉਹਨਾਂ ਦੇ ਪੱਕੇ ਲਾਈਸੰਸ ਬਣੇ ਹੋਣ ਤਾਂ ਜੋ ਸਮਾਜ ਵਿਰੋਧੀ ਅਨਸਰ ਰਿਕਸ਼ਾ ਚਾਲਕਾਂ ਦੀ ਆੜ ਵਿੱਚ ਸ਼ਹਿਰ ਵਿੱਚ ਆਪਣੀ ਪਕੜ ਕਾਇਮ ਨਾ ਕਰ ਸਕਣ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਦਦੀ ਹੈ ਕਿ ਇਸ ਸੰਬੰਧੀ ਲੋੜੀਂਦੀ ਕਰਵਾਈ ਕੀਤੀ ਜਾਵੇ | ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਕਿਸੇ ਸਮਰਥ ਅਧਿਕਾਰੀ ਦੀ ਡਿਊਟੀ ਲਗਾ ਕੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਸ਼ਹਿਰ ਵਾਸੀਆਂ ਵਿੱਚ ਸੁਰਖਿਆ ਦਾ ਅਹਿਸਾਸ ਪੈਦਾ ਕਰਨ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸੰਬੰਧੀ ਰਿਕਸ਼ਾ ਚਾਲਕਾਂ ਨੂੰ ਵੀ ਸਹੂਲੀਅਤ ਮਿਲੇ ਅਤੇ ਸ਼ਹਿਰ ਵਾਸੀਆ ਨੂੰ ਵੀ ਕੋਈ ਪਰੇਸ਼ਾਨੀ ਨਾ ਸਹਿਣੀ ਪਵੇ|

Leave a Reply

Your email address will not be published. Required fields are marked *