ਸ਼ਹਿਰ ਵਿੱਚ ਖੁੱਲੀਆਂ ਥਾਵਾਂ ਤੇ ਖੜ੍ਹਦੇ ਪਾਣੀ ਅਤੇ ਝਾੜੀਆਂ ਵਿੱਚ ਪਲਦੀ ਹੈ ਮੱਛਰਾਂ ਦੀ ਫੌਜ

ਸ਼ਹਿਰ ਵਿੱਚ ਖੁੱਲੀਆਂ ਥਾਵਾਂ ਤੇ ਖੜ੍ਹਦੇ ਪਾਣੀ ਅਤੇ ਝਾੜੀਆਂ ਵਿੱਚ ਪਲਦੀ ਹੈ ਮੱਛਰਾਂ ਦੀ ਫੌਜ
ਪਿੰਡਾਂ ਵਿੱਚ ਗੋਹੇ ਅਤੇ ਗੰਦਗੀ ਦੇ ਢੇਰਾਂ ਨਾਲ ਵੀ ਵੱਧਦਾ ਹੈ ਡੇਂਗੂ ਅਤੇ ਮਲੇਰੀਏ ਦਾ ਖਤਰਾ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 8 ਜੁਲਾਈ

ਨਗਰ ਨਿਗਮ ਵਲੋਂ ਭਾਵੇਂ  ਡੇਂਗੂ ਦੀ ਬਿਮਾਰੀ ਦੇ ਕਾਬੂ ਕਰਨ ਲਈ ਦਵਾਈਆਂ ਦਾ ਛਿੜਕਾਅ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਸ਼ਹਿਰ ਵਿੱਚ ਵੱਖ ਵੱਖ ਫੇਜ਼ਾਂ ਵਿੱਚ ਪਈਆਂ ਖਾਲੀ ਥਾਵਾਂ ਤੇ ਇੱਕਤਰ ਹੋਣ ਵਾਲੀਆਂ ਗੰਦਗੀ, ਮੈਦਾਨਾਂ ਅਤੇ ਖਾਲੀ ਪਲਾਟਾਂ ਅਤੇ ਪਾਰਕਾਂ ਵਿੱਚ ਖੜ੍ਹੇ ਹੋਣ ਵਾਲੇ ਪਾਣੀ ਵਿੱਚ ਵੱਡੀ ਗਿਣਤੀ ਵਿੱਚ ਮੱਛਰ ਪੈਦਾ ਹੋ ਰਿਹਾ ਹੈ ਅਤੇ ਸ਼ਹਿਰ ਵਿੱਚ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਡੇਂਗੂ ਅਤੇ ਮਲੇਰੀਆ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ|
ਸ਼ਹਿਰ ਦੇ ਵਿੱਚ ਸਥਿਤ ਪਿੰਡਾਂ (ਜਿਹਨਾਂ ਵਿੱਚ ਲੋਕਾਂ ਵਲੋਂ ਦੁਧਾਰੂ ਪਸ਼ੂ ਵੀ ਪਾਲੇ ਹੋਏ ਹਨ) ਵਿੱਚ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਅਤੇ ਗੰਦਗੀ ਕਾਰਨ ਮੱਛਰਾਂ ਦੀ ਭਰਮਾਰ ਹੈ| ਇਸੇ ਤਰ੍ਹਾਂ ਸ਼ਹਿਰ ਦੇ ਉਹ ਖੇਤਰ ਜਿੱਥੇ ਨਿਗਮ ਵਲੋਂ ਆਰਜੀ ਤੌਰ ਤੇ ਕੂੜਾ ਇੱਕਤਰ ਕੀਤਾ ਜਾਂਦਾ ਹੈ ਦੇ ਆਸ ਪਾਸ ਗੰਦਗੀ ਦੀ ਭਰਮਾਰ ਕਾਰਨ ਉਥੇ ਮੱਛਰਾਂ ਦੀ ਫੌਜ ਪਲ ਰਹੀ ਹੈ| ਇਸੇ ਤਰ੍ਹਾਂ ਫੇਜ਼-8 ਅਤੇ 9 ਵਿਚੋਂ ਲੰਘਦੇ ਨਾਲੇ ਨੂੰ ਭਾਵੇਂ ਕਾਫੀ ਹੱਦ ਤਕ ਢੱਕਿਆ ਜਾ ਚੁੱਕਿਆ ਹੈ ਪਰੰਤੂ ਇਸ ਨਾਲੇ ਦੇ ਖੇਤਰ ਵਿੱਚ ਉਗੀਆਂ ਝਾੜੀਆਂ ਵਿੱਚ ਵੀ ਵੱਡੀ ਤਾਦਾਦ ਵਿੱਚ ਮੱਛਰ ਪਲ ਰਿਹਾ ਹੈ| ਪਿੰਡ ਸੋਹਾਣਾ ਵਿੱਚ ਵੀ ਕਈ ਥਾਵਾਂ ਤੇ ਪਾਣੀ ਖੜ੍ਹਾ ਨਜ਼ਰ ਆਉਂਦਾ ਹੈ ਜਿਥੇ ਪਿੰਡ ਵਾਸੀਆਂ ਦੀਆਂ ਮੱਝਾਂ ਘੁੰਮਦੀਆਂ ਹਨ ਅਤੇ ਇਥੇ ਲੱਗੇ ਗੋਹੇ ਦੇ ਢੇਰ ਵੀ ਮੱਛਰਾਂ ਦੀ ਪਨਾਹਗਾਹ ਬਣੇ ਹੋਏ ਹਨ|  ਕਾਰਵਾਈ ਦੇ ਨਾਮ ਤੇ ਸ਼ਹਿਰ ਵਿੱਚ ਦਵਾਈ ਦਾ ਛਿੜਕਾਅ ਜਰੂਰ ਕੀਤਾ ਜਾਂਦਾ ਹੈ ਪਰੰਤੂ ਨਿਗਮ ਦੀ ਇਹ ਕਾਰਵਾਈ ਇਸ ਸਮੱਸਿਆ ਤੇ ਪੂਰੀ ਨਹੀਂ ਪੈਂਦੀ ਅਤੇ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ|
ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਇਸ ਸਬੰਧੀ ਕਹਿੰਦੇ ਹਨ ਕਿ ਪਿਛਲੇ ਦਿਨੀਂ ਰੁਕ ਰੁਕ ਕੇ ਹੋਣ ਵਾਲੀ ਬਰਸਾਤ ਕਾਰਨ ਜਿੱਥੇ ਹੁੰਮਸ ਬਹੁਤ ਵੱਧ ਗਈ ਹੈ ਉੱਥੇ ਬਰਸਾਤ ਕਾਰਨ ਖਾਲੀ ਥਾਵਾਂ ਵਿੱਚ ਪਾਣੀ ਖੜ੍ਹਣ ਅਤੇ ਝਾੜੀਆਂ ਦੀ ਭਰਮਾਰ ਕਾਰਨ ਮੱਛਰਾਂ ਦੀ ਸਮੱਸਿਆ ਵੱਧ ਰਹੀ ਹੈ| ਉਹਨਾਂ ਕਿਹਾ ਕਿ ਨਗਰ ਨਿਗਮ ਨੂੰ ਇਹਨਾਂ ਝਾੜੀਆਂ ਦੀ ਕਟਾਈ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਖਾਲੀ ਥਾਵਾਂ ਤੇ ਖੜ੍ਹਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|
ਮਿਉਂਸਪਲ ਕੌਂਸਲਰ ਅਤੇ ਅਕਾਲੀ ਦਲ ਜਿਲ੍ਹਾ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਕਹਿੰਦੇ ਹਨ ਕਿ ਨਗਰ ਨਿਗਮ ਵੱਲੋਂ ਮੱਛਰਾਂ ਦੀ ਸਮੱਸਿਆ ਦੇ ਹੱਲ ਲਈ ਕੀਤੀ ਜਾਣ ਵਾਲੀ ਅੱਧੀ ਅਧੂਰੀ ਕਾਰਵਾਈ ਨਾਲ ਮੱਛਰਾਂ ਦੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ ਅਤੇ ਇਸ ਸਬੰਧੀ ਜਿੱਥੇ ਨਿਗਮ ਵੱਲੋਂ ਮੱਛਰ ਮਾਰ ਦਵਾਈ ਦੇ ਕੰਮ ਵਿੱਚ           ਤੇਜੀ ਲਿਆਉਣੀ ਚਾਹੀਦੀ ਹੈ ਉੱਥੇ ਖੜ੍ਹੇ ਪਾਣੀ ਵਿੱਚ ਪਲਣ ਵਾਲੇ ਮੱਛਰਾਂ ਦੇ ਲਾਰਵਾ ਦੇ ਖਾਤਮੇ ਲਈ ਪਾਣੀ ਵਿੱਚ ਦਵਾਈ ਸੁੱਟੀ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਨਿਗਮ ਵਿੱਚ ਪੈਂਦੇ ਪਿੰਡਾਂ ਵਿੱਚ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ|
ਡਾਕਟਰ ਦੱਸਦੇ ਹਨ ਕਿ ਗਰਮੀ ਅਤੇ ਹੁੰਮਸ ਦੇ ਇਸ ਮੌਸਮ ਵਿੱਚ ਵਿਅਕਤੀ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਵੈਸੇ ਹੀ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਉਸਦੇ ਬਿਮਾਰ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ| ਅਜਿਹੇ ਵਿੱਚ ਜੇਕਰ ਮੱਛਰਾਂ ਦਾ ਪ੍ਰਕੋਪ ਵੀ ਆਪਣੇ  ਸਿਖਰ ਤੇ ਹੋਵੇ ਤਾਂ ਫਿਰ ਇਹਨਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ|
ਨਿਗਮ ਵੱਲੋਂ ਮੱਛਰਾਂ ਤੇ ਕਾਬੂ ਕਰਨ ਲਈ ਕਾਰਵਾਈ ਵਿੱਚ ਤੇਜੀ ਲਿਆਂਦੀ:  ਰਾਜੇਸ਼ ਧੀਮਾਨ
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਇਸ ਸਬੰਧੀ ਸੰਪਰਕ ਕਰਨ ਤੇ ਕਹਿੰਦੇ ਹਨ ਕਿ ਨਗਰ ਨਿਗਮ ਵੱਲੋਂ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਨੂੰ ਰੋਕਣ ਅਤੇ ਸ਼ਹਿਰ ਵਿੱਚ ਮੱਛਰਾਂ ਤੇ ਕਾਬੂ ਕਰਨ ਲਈ ਵੱਡੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਨਿਗਮ ਦੀਆਂ ਗੱਡੀਆਂ ਵੱਲੋਂ ਰੋਜਾਨਾ ਸ਼ਹਿਰ ਦੇ ਵੱਖ ਵੱਖ    ਖੇਤਰਾਂ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਇਸਦੇ ਨਾਲ ਨਾਲ ਨਿਗਮ ਵੱਲੋਂ ਖਾਲੀ ਥਾਵਾਂ ਦੀ ਸਾਫ ਸਫਾਈ  ਕਰਵਾਉਣ ਅਤੇ ਪਾਣੀ ਖੜ੍ਹਨ ਦੀ ਸਮੱਸਿਆ ਦੇ ਹਲ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਸਕਦਾ ਹੈ|

Leave a Reply

Your email address will not be published. Required fields are marked *