ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂ ਫੜਣ ਵਾਲੀ ਟੀਮ ਤੇ ਹਮਲੇ ਕਰਨ ਵਾਲੇ ਪਸ਼ੂ ਮਾਲਕਾਂ ਤੇ ਮਾਮਲੇ ਦਰਜ ਕਰਵਾਉਣ ਲਈ ਕੇਸਰ ਸਿੰਘ ਨੇ ਲਈ ਅਦਾਲਤ ਦੀ ਸ਼ਰਣ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਨਗਰ ਨਿਗਮ ਦੇ ਮੁਲਾਜਮ ਕੇਸਰ ਸਿੰਘ ਨੇ ਨਿਗਮ ਟੀਮ ਵਲੋਂ ਮੁਹਾਲੀ ਵਿੱਚ ਫਿਰਦੇ ਆਵਾਰਾ ਡੰਗਰਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਪਸ਼ੂ ਪਾਲਕਾਂ ਵਲੋਂ ਧੱਕੇ ਨਾਲ ਹੀ ਡੰਗਰ ਖੋਲ ਕੇ ਲੈ ਜਾਣ ਅਤੇ ਉਸ ਸਮੇਤ ਨਿਗਮ ਟੀਮ ਉਪਰ ਹਮਲਾ ਕਰਨ ਅਤੇ ਨਿਗਮ ਦੀਆਂ ਗੱਡੀਆਂ ਦੀ ਭੰਨਤੋੜ ਕਰਨ ਸਬੰਧੀ ਮਾਮਲਿਆਂ ਵਿੱਚ ਪੁਲੀਸ ਨੂੰ ਦਿੱਤੀਆਂ ਸ਼ਿਕਾਇਤਾਂ ਤੇ ਹੁਣ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅਦਾਲਤ ਦੀ ਸ਼ਰਣ ਲਈ ਹੈ| ਉਹਨਾਂ ਨੇ ਇਸ ਸੰਬੰਧੀ ਅਦਾਲਤ ਵਿੱਚ ਛੇ ਵੱਖ ਵੱਖ ਅਪੀਲਾਂ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੁਲੀਸ ਨੂੰ ਹਿਦਾਇਤ ਕੀਤੀ ਜਾਵੇ ਕਿ ਇਹਨਾਂ ਮਾਮਲਿਆਂ ਵਿੱਚ ਪਸ਼ੂ ਮਾਲਕਾਂ ਖਿਲਾਫ ਬਣਦੇ ਮਾਮਲੇ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ|
ਨਿਗਮ ਦੀ ਆਵਾਰਾ ਡੰਗਰ ਫੜਨ ਵਾਲੀ ਟੀਮ ਦੇ ਸਾਬਕਾ ਇੰਚਾਰਜ ਕੇਸਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਅਤੇ ਨਿਗਮ ਕਰਮਚਾਰੀਆਂ ਵਲੋਂ ਵੱਖ ਵੱਖ ਪਿੰਡਾਂ ਦੇ ਡੰਗਰ ਮਾਲਕਾਂ ਖਿਲਾਫ ਪੁਲੀਸ ਨੂੰ ਸ਼ਿਕਾਇਤਾਂ ਦਿੱਤੇ ਜਾਣ ਕਾਰਨ ਮਾਮਲੇ ਦਰਜ ਕਰਵਾਏ ਜਾ ਚੁਕੇ ਹਨ ਪਰ ਪੁਲੀਸ ਸਿਆਸੀ ਦਬਾਓ ਤਹਿਤ ਇਹਨਾਂ ਡੰਗਰ ਮਾਲਕਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ| ਇਸ ਕਰਕੇ ਇਹਨਾਂ ਡੰਗਰ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਉਸ ਨੂੰ ਅਦਾਲਤ ਵਿੱਚ ਪਹੁੰਚ ਕਰਨੀ ਪਈ ਹੈ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਸਰ ਸਿੰਘ ਨੇ ਦੱਸਿਆ ਕਿ 1 ਸਤੰਬਰ 2017 ਨੂੰ ਉਹਨਾਂ ਦੀ ਅਗਵਾਈ ਵਿੱਚ ਨਿਗਮ ਦੀ ਆਵਾਰਾ ਪਸੂ ਫੜਨ ਵਾਲੀ ਟੀਮ ਵਲੋਂ ਸ਼ਹਿਰ ਵਿੱਚ ਘੁੰਮਦੇ ਹੋਏ ਤਿੰਨ ਆਵਾਰਾ ਪਸੂਆਂ ਨੂੰ ਫੜ ਲਿਆ ਗਿਆ ਅਤੇ ਨਗਰ ਨਿਗਮ ਦੀ ਗਊਸਾਲਾ ਫੇਜ਼ 1ਵਿੱਚ ਛਡਣ ਲਈ ਜਾ ਰਹੇ ਸਨ ਤਾਂ ਕਰੀਬ ਸ਼ਾਮ ਦੇ ਪੰਜ ਵਜੇ ਪੁਲੀਸ ਸਟੇਸ਼ਨ ਫੇਜ਼ 1 ਦੇ ਨੇੜੇ ਜਰਨੈਲ ਸਿੰਘ ਅਤੇ ਇਸਦੇ ਤਿੰਨ ਸਾਥੀਆਂ ਨੇ ਨਿਗਮ ਟੀਮ ਦੀ ਸਰਕਾਰੀ ਕੈਟਲ ਕੇਚਰ ਗੱਡੀ ਰੋਕ ਕੇ ਇਕ ਗਾਂ ਨੂੰ ਜਬਰਦਸਤੀ ਗੱਡੀ ਵਿਚੋਂ ਉਤਾਰ ਲਿਆ ਅਤੇ ਫੇਜ਼ 6 ਵੱਲ ਚਲੇ ਗਏ| ਟੀਮ ਵਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਪੁਲੀਸ ਨੂੰ ਵੀ 100 ਨ ੰਬਰ ਉਪਰ ਫੋਨ ਕਰਦੇ ਰਹੇ| ਪੀ ਸੀ ਆਰ ਕਰਮਚਾਰੀਆਂ ਦੇ ਪਹੁੰਚਣ ਤੇ ਪੁਲੀਸ ਕਰਮਚਾਰੀਆਂ ਤੇ ਆਵਾਰਾ ਪਸ਼ੂ ਫੜਨ ਵਾਲੀ ਟੀਮ ਨੇ ਜਰਨੈਲ ਸਿੰਘ ਅਤੇ ਬਲਵਿੰਦਰ ੰਿਸਘ ਦੋਵੇਂ ਵਸਨੀਕ ਮਟੌਰ ਨੂੰ ਫੇਜ਼ 6 ਤੋਂ ਅੱਗੇ ਜਾ ਕੇ ਫੜ ਲਿਆ| ਇਹਨਾਂ ਨੂੰ ਪੁਲੀਸ ਚੌਂਕੀ ਫੇਜ਼ 6 ਵਿਖੇ ਲਿਆਂਦਾ ਗਿਆ, ਜਿਥੋਂ ਇਹਨਾਂ ਨੂੰ ਫੇਜ਼ 1 ਪੁਲੀਸ ਸਟੇਸ਼ਨ ਲਿਜਾਇਆ ਗਿਆ ਜਦੋਂ ਕਿ ਦੂਜੇ 2 ਵਿਅਕਤੀ ਗਾਂ ਨੂੰ ਲੈ ਕੇ ਫਰਾਰ ਹੋ ਗਏ| ਇਸ ਬਾਰੇ ਉਹਨਾਂ ਨੇ ਫੇਜ਼ 1 ਪੁਲੀਸ ਸਟੇਸ਼ਨ ਲਿਖਤੀ ਰੂਪ ਵਿੱਚ ਦਰਖਾਸਤ ਦਿਤੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਪਰ ਪੁਲੀਸ ਵਲੋਂ ਰਾਤ ਸਮੇਂ ਇਹਨਾਂ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ| ਇਹਨਾਂ ਵਿਅਕਤੀਆਂ ਨੇ ਰਾਤ 10 ਵਜੇ ਅਮਰ ਟੈਕਸ ਚੌਂਕ ਦੀਆਂ ਲਾਈਟਾਂ ਤੇ ਸਰਕਾਰੀ ਕੈਟਲ ਕੇਚਰ ਗੱਡੀ ਦੀ ਜਬਰਦਸਤੀ ਚਾਬੀ ਕੱਢ ਲਈ ਅਤੇ ਨਿਗਮ ਟੀਮ ਨਾਲ ਧੱਕਾਮੁਕੀ ਕਰਦਿਆਂ ਗੱਡੀ ਵਿੱਚ ਲੱਦੀਆਂ 5 ਗਾਵਾਂ ਨੂੰ ਜਬਰਦਸਤੀ ਉਤਾਰ ਲਿਆ ਅਤੇ ਫਰਾਰ ਹੋ ਗਏ| ਇਹਨਾਂ ਵਿਅਕਤੀਆਂ ਨੇ ਨਿਗਮ ਟੀਮ ਨੂ ੰਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ| ਉਹਨਾਂ ਕਿਹਾ ਕਿ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਫੋਨ ਅਤੇ ਲਿਖਤੀ ਰੂਪ ਵਿੱਚ ਫੇਜ਼ 1 ਦੇ ਥਾਣੇ ਦਿੱਤੀ| ਉਹਨਾਂ ਕਿਹਾ ਕਿ ਜਰਨੈਲ ਸਿੰਘ ਅਤੇ ਹੋਰਾਂ ਖਿਲਾਫ ਪਹਿਲਾਂ ਵੀ ਪੁਲੀਸ ਥਾਣਾ ਮਟੌਰ ਅਤੇ ਪੁਲੀਸ ਸਟੇਸ਼ਨ ਫੇਜ਼ 8 ਵਿੱਚ 5 ਦਰਖਾਸਤਾਂ ਪਸ਼ੂ ਖੋਹ ਕੇ ਲਿਜਾਣ ਸਬੰਧੀ ਪੈਡਿੰਗ ਹਨ| ਇਨ੍ਹਾਂ ਖਿਲਾਫ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਹਨਾਂ ਵਿਅਕਤੀਆਂ ਵਲੋਂ ਸ਼ਰੇਆਮ ਅਜਿਹੀਆਂ ਘਟਨਾਂਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ|
ਉਹਨਾਂ ਦਸਿਆ ਕਿ ਇਸੇ ਤਰ੍ਹਾਂ ਮਿਤੀ 12 ਅਪ੍ਰੈਲ 2017 ਨੂੰ ਨਿਗਮ ਦੀ ਆਵਾਰਾ ਡੰਗਰ ਫੜਨ ਵਾਲੀ ਟੀਮ ਉਹਨਾਂ ਦੀ ਅਗਵਾਈ ਵਿੱਚ ਫੇਜ਼ 8 ਵਿਚ ਗੁਰਦੁਆਰਾ ਅੰਬ ਸਾਹਿਬ ਨੇੜੇ ਆਵਾਰਾ ਡੰਗਰ ਫੜ ਰਹੀ ਸੀ ਤਾਂ ਲਖਵੀਰ ਸਿੰਘ ਵਸਨੀਕ ਪਿੰਡ ਕੁੰਭੜਾ, ਜਰਨੈਲ ਸਿੰਘ ਵਸਨੀਕ ਮਟੌਰ, ਯੂਸਫ ਖਾਨ ਵਸਨੀਕ ਪਿੰਡ ਜਗਤਪੁਰਾ ਅਤੇ ਇਹਨਾਂ ਦੇ ਕਈ ਸਾਥੀ ਦੋ ਵਾਹਨਾਂ ਵਿੱਚ ਸਵਾਰ ਹੋ ਕੇ ਆਏ ਅਤੇ ਨਿਗਮ ਟੀਮ ਵਲੋਂ ਫੜ ਕੇ ਸਰਕਾਰੀ ਕੈਟਲ ਗੱਡੀ ਵਿਚ ਚੜਾਈਆਂ ਗਈਆਂ ਦੋ ਗਾਵਾਂ ਜਬਰਦਸਤੀ ਖੋਲ ਕੇ ਭਜਾ ਦਿੱਤੀਆਂ ਅਤੇ ਖੁਦ ਵੀ ਫਰਾਰ ਹੋ ਗਏ| ਉਹਨਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਫੇਜ 8 ਦੇ ਪੁਲੀਸ ਸਟੇਸ਼ਨ ਦਿੱਤੀ ਪਰ ਅਜੇ ਤਕ ਵੀ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ|
ਇਸੇ ਤਰ੍ਹਾਂ 14 ਮਾਰਚ 2017 ਨਗਰ ਨਿਗਮ ਦੇ ਮੇਅਰ ਦੇ ਹੁਕਮਾਂ ਉਪਰ ਉਹਨਾਂ ਦੀ ਅਗਵਾਈ ਵਿੱਚ ਨਿਗਮ ਦੀ ਟੀਮ ਵਲੋਂ ਪਿੰਡ ਮਟੌਰ ਸੈਕਟਰ 70 ਤੋਂ ਆਵਾਰਾ ਡੰਗਰ ਫੜੇ ਜਾ ਰਹੇ ਸਨ ਕਿ ਜਰਨੈਲ ਸਿੰਘ ਅਤੇ ਉਸਦੇ ਪਿਤਾ ਹਰਨੇਕ ਸਿੰਘ ਨੇ ਨਿਗਮ ਟੀਮ ਵਲੋਂ ਕਾਬੂ ਕੀਤੀ ਗਈ ਆਵਾਰਾ ਘੁੰਮਦੀ ਦੁੱਧ ਦੇਣ ਵਾਲੀ ਗਾਂ ਨੂੰ ਜਬਰਦਸਤੀ ਛੁਡਵਾ ਲਿਆ| ਇਸ ਮੌਕੇ ਜਰਨੈਲ ਸਿੰਘ ਅਤੇ ਹਰਨੇਕ ਸਿੰਘ ਨੇ ਉਹਨਾਂ ਨੂੰ ਅਤੇ ਨਿਗਮ ਟੀਮ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਗਾਲਾਂ ਕੱਢਕੇ ਧੱਕਾਮੁੱਕੀ ਵੀ ਕੀਤੀ| ਉਹਨਾਂ ਕਿਹਾ ਕਿ ਇਸੇ ਤਰ੍ਹਾਂ 8 ਫਰਵਰੀ 2017 ਨੂੰ ਵੀ ਇਹਨਾਂ ਵਿਅਕਤੀਆਂ ਨੇ ਨਿਗਮ ਦੀ ਟੀਮ ਵਲੋਂ ਕਾਬੂ ਕੀਤੇ ਗਏ ਆਵਾਰਾ ਡੰਗਰ ਜਬਰਦਸਤੀ ਖੋਹ ਲਏ ਸਨ|

ਉਹਨਾਂ ਕਿਹਾ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਵੀ ਮਟੌਰ ਪੁਲੀਸ ਥਾਣੇ ਨੂੰ ਕੀਤੀ ਸੀ ਪਰ ਪੁਲੀਸ ਵਲੋਂ ਇਹਨਾਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਉਹਨਾਂ ਉਪਰ ਸਮਝੌਤਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ 10 ਮਾਰਚ 2017 ਨੂੰ ਸਵੇਰੇ ਕਰੀਬ 12 ਵਜੇ ਨਗਰ ਨਿਗਮ ਮੁਹਾਲੀ ਦੇ ਆਵਾਰਾ ਡੰਗਰ ਫੜਨ ਵਾਲੇ ਅਮਲੇ ਨੇ ਪਿੰਡ ਮਟੋਰ ਤੋਂ 6 ਡੰਗਰਾਂ ਨੂੰ ਫੜ ਕੇ ਗੱਡੀ ਵਿਚ ਲੱਦ ਲਿਆ ਤਾਂ ਕਰੀਬ 2 ਵਜੇ ਮਹਿੰਦਰ ਸਿੰਘ ਘਾਹ ਕੱਟਣ ਵਾਲੀ ਦਾਤੀ ਲੈ ਕੇ ਗੱਡੀ ਵਿਚ ਚੜ ਗਿਆ ਅਤੇ ਆਪਣੇ ਗਲੇ ਉਪਰ ਦਾਤੀ ਰਖਕੇ ਕਹਿਣ ਲਗਿਆ ਿਕ ਜੇ ਉਸਦੇ ਬਾਪੂ ਦੀ ਗਾਂ ਨੂੰ ਨਹੀਂ ਛਡਿਆ ਗਿਆ ਤਾਂ ਉਹ ਆਪਣਾ ਗਲਾ ਦਾਤੀ ਨਾਲ ਕੱਟ ਕੇ ਨਿਗਮ ਟੀਮ ਦੇ ਗਲ ਪੈ ਜਾਵੇਗਾ| ਨਿਗਮ ਟੀਮ ਨੇ ਉਸਨੂੰ ਕਾਫੀ ਸਮਝਾਇਆ ਪਰ ਉਹ ਨਹੀਂ ਮੰਨਿਆਂ ਤਾ ਨਿਗਮ ਟੀਮ ਨੂੰ ਉਸਦੇ ਬਾਪੂ ਦੀ ਗਾਂ ਨੂੰ ਮਜਬੂਰੀ ਵਿਚ ਛੱਡਣਾ ਪਿਆ| ਜਦੋਂ ਬਾਕੀ 5 ਡੰਗਰਾਂ ਨੂੰ ਗਊਸਾਲਾ ਵਿਚ ਛੱਡਣ ਲਈ ਨਿਗਮ ਟੀਮ ਜਾ ਰਹੀ ਸੀ ਤਾਂ ਮਹਿੰਦਰ ਸਿੰਘ ਨੇ ਰਾਧਾ ਸੁਆਮੀ ਡੇਰਾ ਸੈਕਟਰ 77 ਕੋਲ ਆਪਣਾ ਮੋਟਰ ਸਾਈਕਲ ਨਿਗਮ ਦੀ ਕੈਟਲ ਕੈਚਰ ਗੱਡੀ ਦੇ ਅੱਗੇ ਲਾ ਕੇ ਗੱਡੀ ਰੋਕ ਲਈ ਅਤੇ ਬਾਕੀ ਫੜੇ ਗਏ ਡੰਗਰਾਂ ਦੇ ਰੱਸੇ ਵੀ ਦਾਤੀ ਨਾਲ ਕੱਟ ਦਿਤੇ ਅਤੇ ਡੰਗਰਾਂ ਨੂੰ ਗੱਡੀ ਵਿਚੋਂ ਉਤਾਰ ਕੇ ਭਜਾ ਦਿਤਾ| ਉਹਨਾਂ ਦੱਸਿਆ ਕਿ ਇਹ ਵਿਅਕਤੀ ਵਾਰ ਵਾਰ ਆਪਣੇ ਜਾਨਵਰ ਜਬਰੀ ਛੁੜਵਾ ਕੇ ਲੈ ਜਾਂਦੇ ਹਨ ਪਰੰਤੂ ਨਿਗਮ ਅਧਿਕਾਰੀਆਂ ਅਤੇ ਕੈਟਲ ਕੈਚਰ ਟੀਮ ਵਲੋਂ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪੁਲੀਸ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਇਸ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਅਦਾਲਤ ਦੀ ਸ਼ਰਣ ਲੈਣੀ ਪਈ ਹੈ| ਉਹਨਾਂ ਕਿਹਾ ਕਿ ਅਦਾਲਤਾਂ ਵਿੱਚ ਇਹਨਾਂ ਕੇਸਾਂ ਦੀ ਸੁਣਵਾਈ ਲਈ 10 ਮਈ, 15 ਮਈ ਅਤੇ 18 ਮਈ ਦੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਹਨ.

Leave a Reply

Your email address will not be published. Required fields are marked *