ਸ਼ਹਿਰ ਵਿੱਚ ਚਲਦੇ ਕੋਚਿੰਗ ਅਤੇ ਆਈਲੈਟਸ ਕੇਂਦਰਾਂ ਵਿੱਚ ਲੋੜੀਂਦੇ ਸੁਰੱਖਿਆ ਇੰਤਜਾਮ ਕਰਵਾਏ ਪ੍ਰਸ਼ਾਸ਼ਨ : ਕਾਹਲੋਂ

ਐਸ.ਏ.ਐਸ ਨਗਰ, 25 ਮਈ (ਸ.ਬ.) ਬੀਤੇ ਕਲ੍ਹ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ 4 ਮੰਜ਼ਿਲਾਂ ਇਮਾਰਤ ਵਿੱਚ ਲੱਗੀ ਅੱਗ ਦੌਰਾਨ ਉੱਥੇ ਚਲਦੇ ਇੱਥੇ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਸਮੇਤ ਦੋ ਦਰਜ਼ਨ ਦੇ ਕਰੀਬ ਵਿਅਕਤੀਆਂ ਦੀ ਮੌਤ ਹੋਣ ਦੇ ਮਾਮਲੇ ਨੇ ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਚੱਲਦੇ ਕੋਚਿੰਗ ਸੈਂਟਰਾਂ ਦੀ ਸੁੱਰਖਿਆ ਵਿਵਸਥਾ ਤੇ ਵੀ ਸਵਾਲਿਆ ਨਿਸ਼ਾਨ ਖੜੇ ਕਰ ਦਿੱਤੇ ਹਨ| ਨਗਰ ਨਿਗਮ ਦੇ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਅਜਿਹੇ ਤਮਾਮ ਕੇਂਦਰਾਂ ਵਿੱਚ ਅਚਾਨਕ ਵਾਪਰਨ ਵਾਲੀ ਅਜਿਹੀ ਕਿਸੇ ਘਟਨਾ ਤੋਂ ਬਚਾਓ ਲਈ ਲੋੜੀਂਦੇ ਕਦਮ ਚੁੱਕੇ ਜਾਣ| ਉਨ੍ਹਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਇਸ ਸੰਬਧੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਕਾਹਲੋਂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿਚਲੀਆਂ ਮਾਰਕਿਟਾਂ ਵਿੱਚ ਅਜਿਹੇ ਕਈ ਕੋਚਿੰਗ ਸੈਂਟਰ ਅਤੇ ਆਈਲਟਸ ਕਰਾਉਣ ਵਾਲੇ ਇੰਸਟੀਟਿਊਟ ਚੱਲ ਰਹੇ ਹਨ ਜਿਨ੍ਹਾਂ ਵਿਚ ਇਕ-ਇਕ ਸੈਂਟਰ ਵਿਚ ਸੈਂਕੜੇ ਦੀ ਗਿਣਤੀ ਵਿਚ ਵਿਦਿਆਰਥੀ ਪੜ੍ਹਨ ਜਾਂਦੇ ਹਨ ਅਤੇ ਇਨ੍ਹਾਂ ਵਿਚ ਸਾਰਾ ਸਾਰਾ ਦਿਨ ਕਲਾਸਾਂ ਲੱਗਦੀਆਂ ਹਨ|
ਉਨ੍ਹਾਂ ਕਿਹਾ ਕਿ ਅਚਾਨਕ ਅੱਗ ਲੱਗਣ ਜਾਂ ਭਗਦੌੜ ਮਚਣ ਵਰਗੇ ਹਾਲਾਤ ਪੈਦਾ ਹੋਣ ਤੇ ਇਨ੍ਹਾਂ ਕੋਚਿੰਗ ਸੈਂਟਰ ਅਤੇ ਆਈਲਟਸ ਕੇਂਦਰਾਂ ਵਿਚੋਂ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਐਮਰਜੇਂਸੀ ਨਿਕਾਸ ਦੀ ਕੋਈ ਬਦਲਵੀਂ ਵਿਵਸਥਾ ਨਹੀਂ ਅਤੇ ਜੇਕਰ ਪੌੜੀਆ ਵਿੱਚ (ਜਿੱਥੇ ਆਮਤੌਰ ਤੇ ਬਿਜਲੀ ਮੀਟਰ ਬਕਸੇ ਲੱਗੇ ਹੁੰਦੇ ਹਨ) ਸ਼ਾਰਟ ਸਰਕਟ ਨਾਲ ਅੱਗ ਲੱਗ ਜਾਵੇ ਤਾਂ ਉਪਰਲੀਆਂ ਮੰਜਿਲਾਂ ਦੇ ਵਿਦਿਆਰਥੀ ਹੇਠਾਂ ਨਹੀਂ ਆ ਸਕਦੇ| ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਾਇਰ ਬਿਗ੍ਰੇਡ ਨੂੰ ਹਿਦਾਇਤਾਂ ਜਾਰੀ ਕਰਕੇ ਅਜਿਹੇ ਸਾਰੇ ਕੋਚਿੰਗ ਸੈਂਟਰਾਂ ਦੀ ਸੁੱਰਖਿਆ ਜਾਂਚ ਕਰਵਾਈ ਜਾਵੇ ਅਤੇ ਕਿਸੇ ਵੀ ਹੰਗਾਮੀ ਹਾਲਤ ਵਿਚ ਲੋਕਾਂ ਦੀ ਸੁੱਰਖਿਅਤ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਜਿਹੇ ਕਿਸੇ ਹਾਦਸੇ ਸਮੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ|

Leave a Reply

Your email address will not be published. Required fields are marked *