ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਧੜੱਲੇ ਨਾਲ ਕੀਤੀ ਜਾ ਰਹੀ ਹੈ ਸਿਗਰਟਨੋਸ਼ੀ

ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਧੜੱਲੇ ਨਾਲ ਕੀਤੀ ਜਾ ਰਹੀ ਹੈ ਸਿਗਰਟਨੋਸ਼ੀ
ਪ੍ਰਸ਼ਾਸਨ ਦੀ ਕਾਰਵਾਈ ਸਿਰਫ ਮੀਟਿੰਗਾਂ ਕਰਨ ਤੱਕ ਹੀ ਸੀਮਿਤ
ਐਸ ਏ ਐਸ ਨਗਰ, 1 ਨਵਬੰਰ (ਸ.ਬ.) ਮੁਹਾਲੀ ਸ਼ਹਿਰ ਵਿਚ ਪਾਬੰਦੀ ਦੇ ਬਾਵਜੂਦ ਧੱੜਲੇ ਨਾਲ ਜਨਤਕ ਥਾਂਵਾਂ ਉਪਰ ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਜਾਰੀ ਹੈ ਪਰ ਇਸ ਸਬੰਧੀ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਪ੍ਰਸ਼ਾਸਨ ਇਸ ਸਬੰਧੀ ਮੀਟਿੰਗਾਂ ਕਰਕੇ ਹੀ ਬੁੱਤਾ ਸਾਰ ਰਿਹਾ ਹੈ| ਜਿਸ ਕਾਰਨ ਸ਼ਹਿਰ ਵਿਚ ਜਨਤਕ ਥਾਂਵਾਂ ਉਪਰ ਸਿਗਰਟਨੋਸ਼ੀ ਕਰਨ ਦਾ ਰੁਝਾਨ ਦਿਨੋਂ  ਿਦਨ ਵੱਧਦਾ ਹੀ ਜਾ ਰਿਹਾ ਹੈ|
ਹਾਲਾਂਕਿ ਕਦੇ ਕਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਨੀਂਦ ਤੋਂ ਜਾਗਦੇ ਜਰੂਰ ਹਨ ਅਤੇ ਸ਼ਹਿਰ ਵਿਚ ਜਨਤਕ ਥਾਂਵਾਂ ਉਪਰ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਇੱਕਾ ਦੁੱਕਾ ਚਲਾਨ ਵੀ ਕਰਦੇ ਹਨ  ਪਰ ਬਾਅਦ ਵਿਚ ਫਿਰ ਪਹਿਲਾਂ ਵਾਂਗ ਹੀ ਲੋਕਾਂ ਵਲੋਂ ਜਨਤਕ ਥਾਵਾਂ ਉਪਰ ਤੰਬਾਕੂਨੋਸ਼ੀ ਜਾਰੀ ਰਹਿੰਦੀ ਹੈ| ਇਹ ਵੀ ਦੇਖਣ ਵਿਚ ਆਇਆ ਹੈ ਕਿ ਜਨਤਕ ਥਾਵਾਂ ਉਪਰ ਆਮ ਤੌਰ ਤੇ ਪਰਵਾਸੀ ਮਜਦੂਰ ਜਾਪਦੇ ਲੋਕ ਹੀ ਤੰਬਾਕੂਨੋਸ਼ੀ ਕਰਦੇ ਨਜਰ ਆਉਂਦੇ ਹਨ|
ਸਵੇਰੇ ਸਮੇਂ ਹਲਕੀ ਠੰਡ ਹੁੰਦੀ ਹੈ ਅਤੇ ਉਸ ਸਮੇਂ ਅਕਸਰ ਹੀ ਲੋਕ ਫੁੱਟਪਾਠਾਂ ਉਪਰ ਬੈਠੇ ਚਾਹ ਬਣਾਉਣ ਵਾਲਿਆਂ ਕੋਲ ਚਾਹ ਪੀਣ ਆਂਉਂਦੇ ਹਨ ਜਦੋਂ ਤਕ ਚਾਹ ਬਣਦੀ ਹੈ, ਉਦੋਂ ਤਕ ਕਈ ਵਿਅਕਤੀ ਲਗਾਤਾਰ ਸਿਗਰਟ ਬੀੜੀ ਹੀ ਪੀਂਦੇ ਰਹਿੰਦੇ ਹਨ ਜਿਸ ਕਾਰਨ ਇਹਨਾਂ ਨੇੜੇ  ਖੜੇ ਹੋਰ ਵਿਅਕਤੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਕਈ ਵਾਰ ਤਾਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚ ਖੜੀਆਂ ਕਾਰਾਂ ਵਿਚ ਬੈਠੇ ਅਮੀਰਜਾਦੇ ਵੀ ਕਾਰਾਂ ਵਿਚ ਬੈਠੇ ਧੂੰਏ ਦੇ ਛੱਲੇ ਉਡਾਉਂਦੇ ਵੇਖੇ ਜਾ ਸਕਦੇ ਹਨ| ਇਹਨਾਂ ਵਿਚ ਵੱਡੀ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਹੀ ਹੁੰਦੇ ਹਨ ਜੋ ਕਿ ਸ਼ਰੇਆਮ ਜਨਤਕ ਥਾਂਵਾਂ ਉਪਰ ਕਾਰਾਂ ਖੜੀਆਂ ਕਰਕੇ ਮਹਿੰਗੀਆਂ ਸਿਗਰਟਾਂ ਪੀਂਦੇ ਰਹਿੰਦੇ ਹਨ ਅਤੇ ਉਥੋਂ ਲੰਘਣ ਵਾਲੇ ਲੋਕਾਂ ਵੱਲ ਵੇਖ ਕੇ ਧੂੰਆਂ ਛੱਡਦੇ ਰਹਿੰਦੇ ਹਨ|
ਇਸੇ ਤਰ੍ਹਾਂ ਰਾਹ ਚਲਦੇ ਲੋਕ ਵੀ ਸਿਗਰਟ ਆਦਿ ਪੀਂਦੇ ਵੇਖੇ ਜਾ ਸਕਦੇ ਹਨ, ਜਿਹਨਾਂ ਨੂੰ ਰੋਕਣ ਦੀ ਹਿੰਮਤ ਕੋਈ ਵੀ ਨਹੀਂ ਕਰਦਾ| ਇਹਨਾਂ ਵਿਅਕਤੀਆਂ ਨੁੰ ਜੇ ਬੀੜੀ ਸਿਗਰਟ ਪੀਣ ਤੋਂ ਰੋਕਿਆ ਜਾਵੇ ਤਾਂ ਇਹ  ਵਿਅਕਤੀ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਇਹਨਾਂ ਤੋਂ ਡਰਦਾ ਵਿਅਕਤੀ ਇਹਨਾਂ ਨੂੰ ਬੀੜੀ ਸਿਗਰਟ ਪੀਣ ਤੋਂ ਰੋਕਦਾ ਹੀ ਨਹੀਂ|
ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਜੇ ਪੀ ਸਿੰਘ (ਜੋ ਕਿ ਜਿਲ੍ਹਾ ਤੰਬਾਕੂਨੋਸ਼ੀ ਕਮੇਟੀ ਦੇ ਗੈਰ ਸਰਕਾਰੀ ਮੈਂਬਰ ਵੀ ਹਨ) ਕਹਿੰਦੇ ਹਨ ਕਿ ਉਹਨਾਂ ਵੱਲੋਂ ਹਰ ਵਾਰ ਇਸ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਵਿੱਚ ਕਿਹਾ ਜਾਂਦਾ ਹੈ ਕਿ ਜਨਤਕ ਥਾਵਾਂ ਤੇ ਕੀਤੀ ਜਾਣ ਵਾਲੀ ਤੰਬਾਕੂਨੋਸ਼ੀ ਤੇ ਕਾਬੂ ਕਰਨ ਵਾਲੀ ਕਾਰਵਾਈ ਨੂੰ ਤਿੱਖਾ ਕੀਤਾ ਜਾਵੇ ਪਰੰਤੂ ਇਸ ਦੇ ਬਾਵਜੂਦ ਸਥਿਤੀ ਵਿੱਚ ਸੁਧਾਰ ਹੁੰਦਾ ਨਹੀਂ ਦਿਖਦਾ| ਉਹਨਾਂ ਮੰਗ ਕੀਤੀ ਕਿ ਜਨਤਕ ਥਾਂਵਾਂ ਉਪਰ ਹੋ ਰਹੀ ਸਿਗਰਟਨੋਸ਼ੀ ਨੂੰ ਰੋਕਣ ਲਈ ਠੋਸ ਕਾਰਵਾਈ ਕੀਤੀ ਜਾਵੇ ਤਾਂ ਕਿ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਨਾ ਹੋਵੇ ਅਤੇ ਆਮ ਸ਼ਹਿਰ ਵਾਸੀਆਂ ਦੀ ਸਿਹਤ ਉਪਰ ਮਾਰੂ ਅਸਰ ਨਾ ਪਵੇ|

Leave a Reply

Your email address will not be published. Required fields are marked *