ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ  ਭਾਰੀ ਕਿੱਲਤ, ਲੋਕਾਂ ਵਿੱਚ ਹਾਹਾਕਾਰ

ਐਸ.ਏ.ਐਸ.ਨਗਰ, 29 ਅਪ੍ਰੈਲ (ਸ.ਬ.) ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸੱਮਸਿਆ ਬਹੁਤ ਵੱਧ ਗਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਪਾਣੀ ਦੀ ਸਪਲਾਈ ਦੀ ਹਾਲਤ ਇਹ ਹੈ ਕਿ ਉਪਰਲੀਆਂ ਮੰਜਲਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ ਅਤੇ ਵਿਭਾਗ ਵੱਲੋਂ ਹੇਠਲੀਆਂ ਮੰਜਿਲਾਂ ਵਿੱਚ ਵੀ ਸਵੇਰੇ ਸ਼ਾਮ ਦੋ ਦੋ ਘੰਟਿਆਂ ਲਈ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ  ਸਾਰਾ ਦਿਨ ਪਾਣੀ ਦੀਆਂ ਟੂਟੀਆਂ ਸੁੱਕੀਆਂ ਹੀ ਰਹਿੰਦੀਆਂ ਹਨ|
ਉਪਰਲੀਆਂ ਮੰਜਿਲਾਂ ਵਿੱਚ ਰਹਿਣ ਵਾਲੇ ਲੋਕ ਤਾਂ ਸਿਰਫ ਟੈਂਕੀਆਂ ਦੇ ਪਾਣੀ ਦੇ ਸਹਾਰੇ ਹੀ ਦਿਨ ਕੱਟ ਰਹੇ ਹਨ| ਵਿਭਾਗ ਵਲੋਂ ਵੱਖ ਵੱਖ ਫੇਜ਼ਾਂ ਵਿੱਚ ਇਕ ਦਿਨ ਛੱਡਕੇ ਦੇਰ ਰਾਤ ਪੂਰੇ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਛੱਡੀ ਜਾਂਦੀ ਹੈ ਤਾਂ ਜੋ ਮਕਾਨਾਂ ਅਤੇ ਕੋਠੀਆਂ ਦੀਆਂ ਛੱਤਾਂ ਤੇ ਲੱਗੀਆਂ ਟੈਂਕੀਆਂ ਭਰ ਜਾਣ ਪਰੰਤੂ ਇੰਨੀ ਘੱਟ ਸਪਲਾਈ ਨਾਲ ਲੋਕਾਂ ਦਾ ਗੁਜਾਰਾ ਨਹੀਂ ਚਲਦਾ ਅਤੇ ਉਹਨਾਂ ਨੂੰ ਹੇਠਲੀਆਂ ਮੰਜਿਲਾਂ ਤੋਂ ਬਾਲਟੀਆਂ ਰਾਂਹੀ ਪਾਣੀ ਭਰ ਕੇ ਲਿਆਉਣ ਲਈ ਮਜਬੂਰ ਹੋਣਾ ਪੈਂਦਾ ਹੈ|
ਪਿਛਲੇ ਕਈ ਸਾਲਾਂ ਤੋਂ ਹਰ ਸਾਲ ਹੀ ਸ਼ਹਿਰ ਵਿੱਚ ਗਰਮੀ ਦੇ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰੰਤੂ ਪ੍ਰਸ਼ਾਸ਼ਨ ਹੁਣ ਤੱਕ ਸ਼ਹਿਰ ਵਾਸੀਆ ਦੀ ਇਸ ਸਮੱਸਿਆ ਦਾ ਹੱਲ ਕੱਢਣ ਦਾ ਸਮਰਥ ਨਹੀਂ ਹੋ ਪਾਇਆ ਹੈ| ਇਸਦਾ ਕਾਰਣ ਇਹ ਹੈ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਥੱਪਾ ਹੈ ਅਤੇ ਇਹ ਥੱਪਾ ਹਰ ਸਾਲ ਹੋਰ ਵੱਧ ਜਾਂਦਾ ਹੈ| ਸ਼ਹਿਰ ਦੀ ਆਬਾਦੀ ਵਿੱਚ ਹੋਣ ਵਾਲੇ ਬੇਸ਼ੂਮਾਰ ਵਾਧੇ ਦੇ ਮੁਕਾਬਲੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰਬੰਧ ਵਿੱਚ ਸਥਾਨਕ ਪ੍ਰਸ਼ਾਸ਼ਕ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਜਨ ਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਟਿਊਬਵੈਲ ਲਗਵਾਏ ਜਾਂਦੇ ਹਨ ਉਹ ਵੀ ਇਸ ਸੱਮਸਿਆ ਦਾ ਹੱਲ ਨਹੀਂ ਕਰਦੇ ਬਲਕਿ ਪ੍ਰਸ਼ਾਸ਼ਨ ਵਲੋਂ ਜਿੰਨੇ ਕੁ ਨਵੇਂ ਟਿਊਬਵੈਲ ਲਗਵਾਏ ਜਾਂਦੇ ਹਨ ਉਨੇ ਪੁਰਾਣੇ ਟਿਊਬਵੈਲ ਪਾਣੀ ਦੇਣਾ ਛੱਡ ਜਾਂਦੇ ਹਨ ਅਤੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਇਸ ਸਮੱਸਿਆ ਦਾ ਹਲ ਨਹੀਂ ਨਿਕਲਦਾ |
ਇਸ ਸਬੰਧੀ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਪਾ ਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਕਜੌਲੀ ਵਾਟਰ ਵਰਕਸ ਤੋਂ ਸ਼ਹਿਰ ਵਾਸਤੇ ਨਹਿਰੀ ਪਾਣੀ ਸਪਲਾਈ ਲਈ ਵੱਖਰੀ ਪਾਈਪ ਲਾਈਨ ਪਾਉਣ ਦੀ ਮੰਗ ਕੀਤੀ ਸੀ ਜਿਸਦੇ ਵਿੱਚ ਗਮਾਡਾ ਅਧਿਕਾਰੀਆਂ ਵਲੋਂ ਮਾਣਯੋਗ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਕੇ ਸ਼ਹਿਰ ਵਾਸਤੇ 40 ਐਮ. ਜੀ. ਡੀ. ਸਮਰਥਾ ਦੀ ਪਾਈਪ ਲਾਈਨ ਪਾਉਣ ਦੀ ਗੱਲ ਆਖੀ ਸੀ ਪਰੰਤੂ ਇਹ ਪਾਈਪ ਲਾਈਨ ਵੀ ਮੁਕੰਮਲ ਨਹੀਂ ਹੋ ਪਾਈ ਹੈ| ਗਮਾਡਾ ਵਲੋਂ ਪਿਛਲੇ 6-7 ਸਾਲਾਂ ਦੌਰਾਨ ਕਜੌਲੀ ਤੋਂ ਖਰੜ ਨੇੜਲੇ ਪਿੰਡ ਜੰਡਪੁਰ ਤਕ ਤਾਂ ਪਾਈਪ ਲਾਈਨ ਪਾ ਦਿੱਤੀ ਹੈ ਪਰੰਤੂ ਜੰਡਪੁਰ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਅਤੇ ਉਥੋਂ ਅੱਗੇ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀ ਪਾਈਪ ਲਾਈਨ ਦਾ ਕੰਮ ਲਮਕ ਬਸਤੇ ਵਿੱਚ ਪਿਆ ਹੋਇਆ ਹੈ ਜਿਸ ਕਾਰਨ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਲਈ ਹਾਹਾਕਾਰ ਮਚ ਗਈ ਹੈ|

Leave a Reply

Your email address will not be published. Required fields are marked *