ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਹਾਹਾਕਾਰ : ਕੌਂਸਲਰ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਠੀਕ ਢੰਗ ਨਾਲ ਨਾ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਪਰੰਤੂ ਜਲ ਸਪਲਾਈ ਵਿਭਾਗ ਵਲੋਂ ਲੋਕਾਂ ਦੀਆ ਸਮਮੱਸਿਆਵਾ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ| ਮਿਉਂਸਪਲ ਕੌਂਸਲਰਾਂ ਸ੍ਰ. ਪਰਮਜੀਤ ਸਿੰਘ ਕਾਹਲੋਂ ਅਤੇ ਸ੍ਰੀ ਆਰ ਪੀ ਸ਼ਰਮਾ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਬਿਨਾ ਦੱਸਿਆ ਪਾਣੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਆਮ ਲੋਕ ਬੁਰੀ ਤਰ੍ਹਾਂ ਤੰਗ ਹੋ ਰਹੇ ਹਨ|
ਉਹਨਾਂ ਕਿਹਾ ਕਿ ਵਿਭਾਗ ਵਲੋਂ ਦੋ ਦਿਨ ਪਹਿਲਾਂ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਗੱਲ ਆਖੀ ਸੀ ਅਤੇ ਇਸ ਸੰਬੰਧੀ 19 ਅਤੇ 20 ਸਤੰਬਰ ਨੂੰ ਪਾਣੀ ਦੀ ਬੰਦੀ ਬਾਰੇ ਜਿਹਨਾਂ ਖੇਤਰਾਂ ਦਾ ਵੇਰਵਾ ਦਿੱਤਾ ਗਿਆ ਸੀ ਉਹਨਾਂ ਵਿੱਚ ਫੇਜ਼ 6 ਅਤੇ 7 ਸ਼ਾਮਿਲ ਨਹੀਂ ਸੀ ਪਰੰਤੂ ਇਹਨਾਂ ਦੋਵਾਂ ਫੇਜ਼ਾਂ ਵਿੱਚ ਵੀ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਘੱਟ ਹੈ| ਅੱਜ 21 ਸਤੰਬਰ ਨੂੰ ਵੀ ਪਾਣੀ ਨਹੀਂ ਆਇਆ, ਜਿਸ ਕਾਰਨ ਪਾਣੀ ਦੀ ਤੰਗੀ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ|
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੀ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ| ਪਾਣੀ ਦੀ ਸਪਲਾਈ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਉਪਰਲੀਆਂ ਮੰਜਿਲਾਂ ਉਪਰ ਪਾਣੀ ਚੜਦਾ ਹੀ ਨਹੀਂ| ਹੇਠਲੀਆਂ ਮੰਜਿਲਾਂ ਤੇ ਵੀ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ| ਲੋਕਾਂ ਦੇ ਘਰਾਂ ਵਿੱਚ ਲੱਗੇ ਫਿਲਟਰਾਂ ਤਕ ਵੀ ਪਾਣੀ ਨਹੀਂ ਪਹੁੰਚ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਉਹਨਾਂ ਦੋਸ਼ ਲਗਾਇਆ ਕਿ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ ਅਤੇ ਲੋਕਾਂ ਦੇ ਜਰੂਰੀ ਕੰਮ ਧੰਦੇ ਵੀ ਪਾਣੀ ਨਾ ਆਉਣ ਕਾਰਨ ਨਹੀਂ ਹੋ ਰਹੇ ਪਰੰਤੂ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਪੂਰੀ ਤਰ੍ਹਾਂ ਬੇਪਰਵਾਹ ਬਣੇ ਹੋਏ ਹਨ| ਉਹਨਾਂ ਕਿਹਾ ਕਿ ਜਨ ਸਿਹਤ ਵਿਭਾਗ ਸ਼ਹਿਰ ਵਿੱਚ ਸਹੀ ਤਰੀਕੇ ਨਾਲ ਪਾਣੀ ਦੀ ਸਪਲਾਈ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ| ਸ਼ਹਿਰ ਵਿੱਚ ਜੇ ਕੁਝ ਸਮੇਂ ਲਈ ਪਾਣੀ ਦੀ ਸਪਲਾਈ ਹੋ ਵੀ ਰਹੀ ਹੈ, ਤਾਂ ਉਸ ਸਮੇਂ ਜੋ ਪਾਣੀ ਆਉਂਦਾ ਹੈ ਉਹ ਵੀ ਸਾਫ ਨਹੀਂ ਹੁੰਦਾ ਅਤੇ ਪੀਣ ਯੋਗ ਨਹੀਂ ਹੁੰਦਾ| ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਲਿਆਂਦਾ ਜਾਵੇ| ਇਸ ਮੌਕੇ ਅਕਾਲੀ ਆਗੂ ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਜਸਪਾਲ ਸਿੰਘ ਮਟੌਰ ਵੀ ਮੌਜੂਦ ਸਨ|
ਇਸ ਸਬੰਧੀ ਸੰਪਰਕ ਕਰਨ ਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰ. ਜਸਇੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਸਥਾਨਕ ਇਕ ਫੇਜ਼ ਨੇੜੇ ਪਾਣੀ ਦੀ ਸਪਲਾਈ ਲਾਈਨ ਟੁੱਟ ਗਈ ਸੀ, ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ, ਹੁਣ ਫੇਜ 8-9 ਦੇ ਡਿਵਾਇਡਰ ਨੇੜੇ ਪਾਈਪ ਲਾਈਨ ਟੁੱਟ ਗਈ ਹੈ, ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ| ਇਸ ਪਾਈਪ ਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਜਲਦੀ ਹੀ ਪਾਣੀ ਦੀ ਸਪਲਾਈ ਬਹਾਲ ਹੋ ਜਾਵੇਗੀ|

Leave a Reply

Your email address will not be published. Required fields are marked *