ਸ਼ਹਿਰ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਬੰਦ ਦਾ ਅਸਰ

ਐਸ ਏ ਐਸ ਨਗਰ, 10 ਸਤੰਬਰ (ਸ.ਬ.) ਕਾਂਗਰਸ ਵਲੋਂ ਦਿੱਤੇ ਗਏ ਅੱਜ ਦੇ ਭਾਰਤ ਬੰਦ ਦਾ ਅਸਰ ਮੁਹਾਲੀ ਵਿੱਚ ਬਿਲਕੁਲ ਵੀ ਨਹੀਂ ਦਿਖਾਈ ਦਿੱਤਾ| ਪੰਜਾਬ ਦੀ ਸੱਤਾਧਾਰੀ ਪਾਰਟੀ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਬਾਵਜੂਦ ਮੁਹਾਲੀ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਦੁਕਾਨਾਂ ਖੁਲ੍ਹੀਆਂ ਰਹੀਆਂ ਅਤੇ ਆਮ ਦਿਨਾਂ ਵਾਂਗ ਹੀ ਦੁਕਾਨਾਂ ਉਪਰ ਕੰਮ ਕਾਰ ਹੁੰਦਾ ਰਿਹਾ|
ਇਸ ਦੌਰਾਨ ਸਵੇਰੇ 11 ਕੁ ਵਜੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਫੇਜ਼ 3 ਬੀ 2 ਵਿੱਚ ਆਪਣੇ ਸਮਰਥਕਾਂ ਦਾ ਇਕ ਇਕੱਠ ਕੀਤਾ| ਇਸ ਮੌਕੇ ਕਾਂਗਰਸੀ ਵਰਕਰਾਂ ਵਲੋਂ ਮਾਰਕੀਟ ਦੀਆਂ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ ਜੋ ਕਿ ਥੋੜ੍ਹਾ ਸਮਾਂ ਬੰਦ ਰਹਿਣ ਤੋਂ ਬਾਅਦ ਮੁੜ ਖੁਲ ਗਈਆਂ|
ਇਸ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਖੇਤਰ ਵਿੱਚ ਹੀ ਫੇਲ ਹੋ ਗਈ ਹੈ| ਮੋਦੀ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਪੈਟਰੋਲ ਅਤੇ ਡੀਜਲ ਦੇ ਭਾਅ ਬਹੁਤ ਹੀ ਵੱਧ ਗਏ ਹਨ, ਜਿਸ ਕਾਰਨ ਪੈਟਰੋਲ ਡੀਜਲ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ| ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਬਹੁਤ ਵੱਧ ਗਈ ਹੈ ਜਿਸ ਕਰਕੇ ਲੋਕ ਹੁਣ ਦੋ ਡੰਗ ਦੀ ਰੋਟੀ ਨੂੰ ਵੀ ਤਰਸਣ ਲੱਗ ਪਏ ਹਨ| ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਬੈਂਕਾਂ ਅੱਗੇ ਲਾਈਨਾਂ ਵਿਚ ਖੜਾ ਕਰ ਦਿੱਤਾ ਸੀ, ਇਸ ਨੋਟਬੰਦੀ ਦਾ ਅਸਰ ਅਜੇ ਵੀ ਵਪਾਰ ਅਤੇ ਹੋਰ ਕੰਮਾਂ ਕਾਰਾਂ ਉਪਰ ਵੇਖਿਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭਾਰਤ ਦੇ ਉਦਯੋਗ ਤਬਾਹ ਹੋ ਗਏ ਹਨ, ਬੇਰੁਜਗਾਰੀ ਵੱਧ ਗਈ ਹੈ| ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭਾਰਤ ਦਾ ਹਰ ਵਰਗ ਹੀ ਬਦਹਾਲੀ ਭਰੀ ਜਿੰਦਗੀ ਜੀਉਣ ਲਈ ਮਜਬੂਰ ਹੈ|
ਇਸੇ ਦੌਰਾਨ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਉਹਨਾਂ ਕੋਲ ਅੱਜ ਦੇ ਬੰਦ ਸਬੰਧੀ ਕਿਸੇ ਵੀ ਪਾਰਟੀ ਨੇ ਪਹੁੰਚ ਨਹਂੀਂ ਕੀਤੀ ਜਿਸ ਕਰਕੇ ਇਸ ਬੰਦ ਵਿੱਚ ਵਪਾਰ ਮੰਡਲ ਦਾ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ| ਉਹਨਾਂ ਕਿਹਾ ਕਿ ਉਂਝ ਵੀ ਦੁਕਾਨਾਂ ਬੰਦ ਕਰਨ ਨਾਲ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੁੰਦਾ ਹੈ, ਜਿਸ ਕਰਕੇ ਅੱਜ ਵਪਾਰੀਆਂ ਅਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਨਹੀਂ ਕੀਤੀਆਂ ਗਈਆਂ|
ਇਸ ਦੌਰਾਨ ਭਾਜਪਾ ਕੌਸਲਰ ਸ੍ਰੀ ਅਸ਼ੋਕ ਝਾ ਨੇ ਕਿਹਾ ਕਿ ਭਾਰਤ ਬੰਦ ਦਾ ਸੱਦਾ ਦੇਣ ਦਾ ਕਾਂਗਰਸ ਨੂੰ ਕੋਈ ਨੈਤਿਕ ਹਕ ਨਹੀਂ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਪੰਜਾਬ ਵਿੱਚ ਸਰਕਾਰ ਵਲੋਂ ਪੈਟਰੋਲ ਉਪਰ ਸਭ ਤੋਂ ਵੱਧ ਵੈਟ ਟੈਕਸ ਲਗਾਇਆ ਹੋਇਆ ਹੈ| ਉਹਨਾਂ ਕਿਹਾ ਕਿ ਰਾਜਸਥਾਨ ਨੇ ਵੀ ਹੁਣ ਆਪਣੇ ਰਾਜ ਵਿੱਚ ਪੈਟਰੋਲ ਡੀਜਲ ਤੋਂ ਵੈਟ ਦਰਾਂ ਘਟਾ ਦਿਤੀਆਂ ਹਨ ਤਾਂ ਫਿਰ ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਵੈਟ ਦੀਆਂ ਦਰਾਂ ਵਿੱਚ ਕਟੌਤੀ ਕਿਉਂ ਨਹੀਂ ਕਰਦੀ| ਉਹਨਾਂ ਕਿਹਾ ਕਿ ਬੰਦ ਦਾ ਸੱਦਾ ਦੇਣ ਦੀ ਥਾਂ ਰਾਜਸਥਾਨ ਸਰਕਾਰ ਵਾਂਗ ਪੰਜਾਬ ਦੀ ਸਰਕਾਰ ਨੂੰ ਵੀ ਪੈਟਰੋਲ ਡੀਜਲ ਤੇ ਵੈਟ ਦਰਾਂ ਘਟਾਉਣੀਆਂ ਚਾਹੀਦੀਆਂ ਹਨ |

Leave a Reply

Your email address will not be published. Required fields are marked *