ਸ਼ਹਿਰ ਵਿੱਚ ਪੱਕੇ ਟਿਕਾਣੇ ਕਾਇਮ ਕਰਦੇ ਮੁਜਰਿਮਾਂ ਨੂੰ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਪੁਲੀਸ

ਸਾਡੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਆਈ ਹੈ ਅਤੇ ਪੁਲੀਸ ਦੇ ਦਾਅਵਿਆਂ ਵਿੱਚ ਭਾਵੇਂ  ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਬੂ ਹੇਠ ਹੈ ਪਰੰਤੂ ਸ਼ਹਿਰ ਵਿੱਚ ਵਾਪਰਦੇ ਅਪਰਾਧਾਂ ਦੀ ਗਿਣਤੀ ਵਿੱਚ ਹੋਣ ਵਾਲਾ ਵਾਧਾ ਨਾ ਸਿਰਫ ਪੁਲੀਸ ਦੇ ਦਾਅਵਿਆਂ ਤੇ ਸਵਾਲ ਖੜ੍ਹੇ ਕਰਦਾ ਹੈ ਬਲਕਿ ਇਹ ਵੀ ਸਾਬਿਤ ਕਰਦਾ ਹੈ ਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਸੁਧਾਰ ਲਈ ਹੁਣੇ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ| ਇਸ ਗੱਲ ਨੂੰ ਵੱਡੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਸਕਦਾ ਹੈ ਕਿ ਪੁਲੀਸ ਫੋਰਸ ਦੀਆਂ ਤਮਾਮ ਸਰਗਰਮੀਆਂ ਦੇ ਬਾਵਜੂਦ ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਵਾਪਰਨ ਵਾਲੇ ਜੁਰਮਾਂ ਦਾ ਗ੍ਰਾਫ ਲਗਾਤਾਰ ਉੱਪਰ ਵੱਲ ਹੀ ਜਾਂਦਾ ਦਿਖਦਾ ਹੈ ਅਤੇ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੈ ਜਦੋਂ ਸ਼ਹਿਰ ਵਿੱਚ ਚੋਰੀ ਚਕਾਰੀ ਅਤੇ ਹੋਰਨਾਂ ਜੁਰਮਾਂ ਦੇ ਮਾਮਲੇ ਦਰਜ ਨਾ ਹੁੰਦੇ ਹੋਣ|
ਇਸ ਦੌਰਾਨ ਮੁਜਰਿਮਾਂ ਵਲੋਂ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤੇ ਜਾਣ ਵਾਲੀਆਂ ਅਪਰਾਧਿਕ ਵਾਰਦਾਤਾਂ ਵਿੱਚ ਵੀ ਵਾਧਾ ਲਗਾਤਾਰ ਦਰਜ ਕੀਤਾ ਜਾ ਰਿਹਾ ਹੈ ਜਿਹੜਾ ਇਹ ਦੱਸਦਾ ਹੈ ਕਿ ਇਹਨਾਂ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਨਾ ਸਿਰਫ ਇਸ ਖੇਤਰ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਬਲਕਿ ਉਹਨਾਂ ਵਲੋਂ ਇਸ ਖੇਤਰ ਵਿੱਚ ਆਪਣੇ ਪੱਕੇ ਟਿਕਾਣੇ ਕਾਇਮ ਕਰ ਲਏ ਗਏ ਹਨ| ਸਾਡੇ ਸ਼ਹਿਰ ਦਾ ਢਾਂਚਾ ਵੀ ਅਜਿਹਾ ਹੈ ਕਿ ਇੱਥੇ ਬਾਹਰ ਤੋਂ ਆ ਕੇ ਰਹਿਣ ਵਾਲਿਆਂ ਲਈ ਆਪਣਾ ਟਿਕਾਣਾ ਕਾਇਮ ਕਰਨਾ ਬਹੁਤ ਆਸਾਨ ਹੈ| ਸ਼ਹਿਰ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਹਨ ਜਿਹੜੇ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਆ ਕੇ ਇੱਥੇ ਰਹਿੰਦੇ ਹਨ| ਇਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਨੌਜਵਾਨਾਂ ਦੀ ਹੈ ਜਿਹੜੇ ਆਪਣੀ ਪੜ੍ਹਾਈ ਜਾਂ ਨੌਕਰੀ ਦੇ ਸਿਲਸਿਲੇ ਵਿੱਚ ਇੱਥੇ ਰਹਿੰਦੇ ਹਨ| ਅਜਿਹੇ ਵਿਅਕਤੀਆਂ ਦੀ ਆੜ ਵਿੱਚ ਅਜਿਹੇ ਵੱਡੀ ਗਿਣਤੀ ਸਮਾਜ ਵਿਰੋਧੀ ਅਨਸਰਾਂ ਵਲੋਂ ਵੀ ਇੱਥੇ ਆਪਣੇ ਟਿਕਾਣੇ ਕਾਇਮ ਕੀਤੇ ਜਾਂਦੇ ਹਨ ਜਿਹੜੇ ਯੋਜਨਾਬੱਧ ਤਰੀਕੇ ਨਾਲ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਸਾਡਾ ਸ਼ਹਿਰ ਅਜਿਹੇ ਵਿਅਕਤੀਆਂ ਲਈ ਇੱਕ ਸੁਰਖਿਅਤ ਲੁਕਣਗਾਹ ਬਣ ਗਿਆ ਹੈ ਜਿਹੜੇ ਸ਼ਹਿਰ ਤੋਂ ਪੂਰੀ ਤਰ੍ਹਾਂ ਵਾਕਿਡ ਹੋਣ ਕਾਰਨ ਕਿਸੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਆਰਾਮ ਨਾਲ ਆਪਣੇ ਸੁਰਖਿਅਤ ਟਿਕਾਣੇ ਤੇ ਪਹੁੰਚ ਜਾਂਦੇ ਹਨ|
ਇਸ ਸਮੱਸਿਆ ਤੋਂ ਸਾਡੀ ਪੁਲੀਸ ਫੋਰਸ ਅਤੇ ਪ੍ਰਸ਼ਾਸ਼ਨ ਵੀ ਚੰਗੀ ਜਾਣੂ ਹੈ ਬਲਕਿ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਸਮੇਂ ਸਮੇਂ ਤੇ ਛਹਿਰ ਵਾਸੀਆਂ ਲਈ ਇਹ ਹਿਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਉਹ ਆਪਣੇ ਮਕਾਨਾਂ ਵਿੱਚ ਰਹਿਣ ਵਾਲੇ ਕਿਰਾਏਦਾਰਾਂ, ਪੇਇੰਗ ਗੈਸਟਾਂ ਅਤੇ ਘਰੇਲੂ ਨੌਕਰਾਂ ਬਾਰੇ ਪੂਰੀ ਜਾਣਕਾਰੀ ਆਪਣੇ ਖੇਤਰ ਦੇ ਪੁਲੀਸ ਥਾਣਿਆਂ ਵਿੱਚ ਦਰਜ ਕਰਵਾਉਣ| ਛਹਿਰ ਵਾਸੀਆਂ ਵਲੋਂ ਇਸ ਸੰਬੰਧੀ ਥਾਣਿਆਂ ਵਿੱਚ ਲੋੜੀਂਦੀ ਜਾਣਕਾਰੀ ਦਰਜ ਵੀ ਕਰਵਾਈ ਜਾਂਦੀ ਹੈ ਪਰੰਤੂ ਇਹ ਕਾਰਵਾਈ ਇਸਤੋਂ ਅੱਗੇ ਨਹੀਂ ਵੱਧਦੀ| ਚਾਹੀਦਾ ਤਾਂ ਇਹ ਹੈ ਕਿ ਛਹਿਰ ਦੇ ਵਸਨੀਕਾਂ ਵਲੋਂ ਪੁਲੀਸ ਨੂੰ ਦਿੱਤੀ ਜਾਣ ਵਾਲੀ ਇਸ ਜਾਣਕਾਰੀ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਇਹਨਾਂ ਵਿਅਕਤੀਆਂ ਦੇ ਪਿਛਲੇ ਪਤੇ ਤੋਂ ਉਹਨਾਂ ਦੀ ਪਿਛਲੀ ਜਿੰਦਗੀ ਦਾ ਰਿਕਾਰਡ ਮੰਗਵਾ ਕੇ ਇਹਨਾਂ ਵਿੱਚੋਂ ਸਮਾਜ ਵਿਰੋਧੀ ਅਨਸਰਾਂ ਦੀ ਪਹਿਚਾਨ ਕਰਕੇ ਉਹਨਾਂ ਤੇ ਕਾਬੂ ਕੀਤਾ ਜਾਵੇ, ਪਰੰਤੂ ਅਜਿਹਾ ਨਹੀਂ ਕੀਤਾ ਜਾਂਦਾ ਅਤੇ ਲੋੜ ਪੈਣ ਤੇ ਥਾਣਿਆਂ ਤਕ ਪਹੁੰਚਣ ਵਾਲੀ ਇਹ ਜਾਣਕਾਰੀ ਦਾ ਰਿਕਾਰਡ ਤਕ ਨਹੀਂ ਮਿਲਦਾ|
ਸ਼ਹਿਰ ਵਿੱਚ ਲਗਾਤਾਰ ਵੱਧਦੀਆਂ ਅਪਰਾਧਿਕ ਵਾਰਦਾਤਾਂ ਤੇ ਕਾਬੂ ਕਰਨ ਲਈ ਇਹ ਜਰੂਰੀ ਹੈ ਕਿ ਪੁਲੀਸ ਫੋਰਸ ਨੂੰ ਵਧੇਰੇ ਚੌਕਸ ਕੀਤਾ ਜਾਵੇ ਅਤੇ ਪੁਲੀਸ ਫੋਰਸ ਵਲੋਂ ਆਪਣੇ ਖੁਫੀਆ ਤੰਤਰ ਨੂੰ ਵਧੇਰੇ ਚੁਸਤ ਦਰੁਸਤ ਕਰਕੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ  ਖੇਤਰ ਵਿੱਚ ਆਪਣੇ ਪੱਕੇ ਟਿਕਾਣੇ ਕਾਇਮ ਕਰਨ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ| ਇਸ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਜਰੂਰੀ ਹੈ ਕਿ ਪੁਲੀਸ ਵਲੋਂ ਚਲਾਈ ਜਾਂਦੀ ਅਜਿਹੀ ਕਿਸੇ ਵੀ ਮੁਹਿੰਮ ਦੀ ਆੜ ਵਿੱਚ ਲੋਕਾਂ ਨੂੰ ਬਿਨਾ ਵਜ੍ਹਾ ਪਰੇਛਾਨ ਨਾ ਕੀਤਾ ਜਾਵੇ| ਪੁਲੀਸ ਦੀ ਨਜਰ ਵਿੱਚ ਛਹਿਰ ਵਿੱਚ ਰਹਿੰਦਾ ਹਰੇਕ ਵਿਅਕਤੀ ਛੱਕੀ ਹੋ ਸਕਦਾ ਹੈ ਪਰੰਤੂ ਹਰੇਕ ਵਿਅਕਤੀ ਮੁਜਰਿਮ ਨਹੀਂ ਹੁੰਦਾ| ਇਸ ਲਈ ਜਰੂਰੀ ਹੈ ਕਿ ਅਜਿਹੀ ਕੋਈ ਵੀ ਮੁਹਿੰਮ ਪੂਰੀ ਤਰ੍ਹਾਂ ਸੰਤੁਲਿਤ ਹੋਵੇ ਤਾਂ ਜੋ ਛਹਿਰਵਾਸੀਆਂ ਦਾ ਪੁਲੀਸ ਤੇ ਭਰੋਸਾ ਬਣਿਆ ਰਹੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਵੀ ਕੀਤਾ ਜਾ ਸਕੇ|

Leave a Reply

Your email address will not be published. Required fields are marked *