ਸ਼ਹਿਰ ਵਿੱਚ ਬਹੁਤ ਵੱਧ ਗਈ ਹੈ ਮੰਗਤਿਆਂ ਦੀ ਗਿਣਤੀ

ਸ਼ਹਿਰ ਵਿੱਚ ਬਹੁਤ ਵੱਧ ਗਈ ਹੈ ਮੰਗਤਿਆਂ ਦੀ ਗਿਣਤੀ
ਪ੍ਰਸ਼ਾਸ਼ਨ ਵਲੋਂ ਧਿਆਨ ਨਾ ਦੇਣ ਕਾਰਨ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਤੇ ਭਿਖਾਰੀਆਂ ਨੇ ਲਾਏ ਡੇਰੇ
ਐਸ ਏ ਐਸ ਨਗਰ, 7 ਸਤੰਬਰ (ਸ.ਬ.) ਆਧੁਨਿਕ ਕਹੇ ਜਾਂਦੇ ਮੁਹਾਲੀ ਸ਼ਹਿਰ ਵਿੱਚ ਮੰਗਤਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ|
ਸ਼ਹਿਰ ਦੀ ਹਰੇਕ ਮਾਰਕੀਟ ਵਿੱਚ ਭੀਖ ਮੰਗਣ ਵਾਲੇ ਇਹਨਾਂ ਲੋਕਾਂ (ਜਿਹਨਾਂ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਸ਼ਾਮਲ ਹਨ) ਦੀ ਭਰਮਾਰ ਹੈ| ਸਵੇਰੇ ਦਿਨ ਚੜਨ ਸਾਰ ਇਹ ਮੰਗਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਆ ਜਾਂਦੇ ਹਨ ਅਤੇ ਫਿਰ ਸਾਰਾ ਦਿਨ ਇਹ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਦੁਕਾਨਦਾਰਾਂ ਤੋਂ ਵੀ ਪੈਸੇ ਮੰਗਦੇ ਰਹਿੰਦੇ ਹਨ| ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਨੇੜੇ ਇਹਨਾਂ ਮੰਗਤਿਆਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਹੈ| ਖਾਣ ਪੀਣ ਦਾ ਸਮਾਨ ਲੈ ਕੇ ਜਾਣ ਵਾਲੇ ਲੋਕਾਂ ਦੇ ਇਹ ਮੰਗਤੇ ਮਗਰ ਪੈ ਜਾਂਦੇ ਹਨ ਅਤੇ ਜਿੰਨੀ ਦੇਰ ਲੋਕ ਇਹਨਾਂ ਮੰਗਤਿਆਂ ਨੂੰ ਪੈਸੇ ਨਹੀਂ ਦਿੰਦੇ, ਉਨੀ ਦੇਰ ਇਹ ਮੰਗਤੇ ਲੋਕਾਂ ਦਾ ਖਹਿੜਾ ਨਹੀਂ ਛੱਡਦੇ| ਇਹਨਾਂ ਮੰਗਤਿਆਂ ਤੋਂ ਦੁਕਾਨਦਾਰ ਵੀ ਬਹੁਤ ਪ੍ਰੇਸ਼ਾਨ ਹਨ| ਇਹ ਮੰਗਤੇ ਦੁਕਾਨਾਂ ਉਪਰ ਆਉਣ ਵਾਲੇ ਲੋਕਾਂ ਤੋਂ ਵੀ ਜਬਰਦਸਤੀ ਪੈਸੇ ਮੰਗਦੇ ਹਨ, ਜਿਸ ਕਰਕੇ ਜਿਹਨਾਂ ਦੁਕਾਨਾ ਨੇੜੇ ਮੰਗਤੇ ਖੜੇ ਹੁੰਦੇ ਹਨ ਉਹਨਾਂ ਦੁਕਾਨਾਂ ਉਪਰ ਲੋਕ ਸਮਾਨ ਖਰੀਦਣ ਲਈ ਜਾਣ ਤੋਂ ਗੁਰੇਜ ਕਰਦੇ ਹਨ, ਜਿਸ ਨਾਲ ਦੁਕਾਨਦਾਰਾਂ ਦੀ ਦੁਕਾਨਦਾਰੀ ਉਪਰ ਅਸਰ ਪੈਂਦਾ ਹੈ|
ਇਸੇ ਤਰ੍ਹਾਂ ਸ਼ਹਿਰ ਦੇ ਲਗਭਗ ਹਰ ਚੌਂਕ (ਟ੍ਰੈਫਿਕ ਲਾਈਟਾਂ) ਤੇ ਵੀ ਇਹ ਮੰਗਤੇ ਵੱਡੀ ਗਿਣਤੀ ਵਿਚ ਖੜੇ ਹੁੰਦੇ ਹਨ| ਦਿਖਾਵੇ ਦੇ ਤੌਰ ਤੇ ਕਈ ਮੰਗਤੇ ਗੁਬਾਰੇ ਜਾਂ ਕੋਈ ਸਮਾਨ ਵੀ ਵੇਚਣ ਦਾ ਡਰਾਮਾ ਕਰਦੇ ਹਨ ਪਰ ਇਹਨਾਂ ਦਾ ਮਕਸਦ ਲੋਕਾਂ ਤੋਂ ਪੈਸੇ ਮੰਗਣਾ ਹੀ ਹੁੰਦਾ ਹੈ| ਛੋਟੇ ਛੋਟੇ ਬੱਚੇ ਵੀ ਗੁਬਾਰੇ ਵੇਚਣ ਦੇ ਬਹਾਨੇ ਭੀਖ ਮੰਗਦੇ ਨਜਰ ਆਉਂਦੇ ਹਨ| ਜੇ ਕੋਈ ਵਿਅਕਤੀ ਇਹਨਾਂ ਮੰਗਤਿਆਂ ਨੂੰ ਪੈਸੇ ਨਾ ਦੇਵੇ ਤਾਂ ਇਹ ਕਈ ਵਾਰ ਉਸ ਵਿਅਕਤੀ ਨੂੰ ਮੰਦਾ ਬੋਲਦੇ ਹਨ ਅਤੇ ਕਈ ਵਾਰ ਗੱਲ ਝਗੜੇ ਤਕ ਪਹੁੰਚ ਜਾਂਦੀ ਹੈ| ਇਹਨਾਂ ਮੰਗਤਿਆਂ ਵਿੱਚ ਸ਼ਾਮਲ ਜਵਾਨ ਔਰਤਾਂ ਅਕਸਰ ਆਪਣੇ ਗੋਦੀ ਚੁੱਕੇ ਛੋਟੇ ਬਚਿਆਂ ਨੂੰ ਅੱਗੇ ਕਰਕੇ ਭੀਖ ਮੰਗਦੀਆਂ ਹਨ|
ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਭੀਖ ਮੰਗਣ ਵਾਲੇ ਇਹਨਾਂ ਮੰਗਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਜੋ ਸ਼ਹਿਰਵਾਸੀਆਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ| ਇਹਨਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹਨਾਂ ਨੇ ਪਾਰਕਾਂ ਵਿੱਚ ਆਪਣੇ ਪੱਕੇ ਡੇਰੇ ਲਾਏ ਹੋਏ ਹਨ| ਇਹ ਮੰਗਤੇ ਸ਼ਾਮ ਸਮੇਂ ਭੀਖ ਵਿੱਚ ਮਿਲੇ ਪੈਸਿਆਂ ਨਾਲ ਦਾਰੂ ਸ਼ਰਾਬ ਪੀਂਦੇ ਅਤੇ ਚਿਕਨ ਖਾਂਦੇ ਅਕਸਰ ਹੀ ਵੇਖੇ ਜਾਂਦੇ ਹਨ| ਇਹਨਾਂ ਮੰਗਤਿਆਂ ਵਿੱਚ ਕਈ ਸ਼ੱਕੀ ਕਿਸਮ ਦੇ ਵਿਅਕਤੀ ਵੀ ਹੁੰਦੇ ਹਨ ਜੋ ਕਿ ਮੌਕਾ ਮਿਲਦਿਆਂ ਦੁਕਾਨਾਂ ਜਾਂ ਕਾਰਾਂ ਵਿਚ ਪਿਆ ਸਮਾਨ ਗਾਇਬ ਕਰਕੇ ਖੁਦ ਵੀ ਗਾਇਬ ਹੋ ਜਾਂਦੇ ਹਨ|
ਫੇਜ਼ 3 ਬੀ 2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿੱਚ ਫਿਰਦੇ ਮੰਗਤਿਆਂ ਨੂੰ ਕਾਬੂ ਕੀਤਾ ਜਾਵੇ| ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮਾਰਕੀਟ ਵਿੱਚ ਮੰਗਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ, ਜਿਸ ਕਾਰਨ ਦੁਕਾਨਦਾਰਾਂ ਤੇ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਹ ਮੰਗਤੇ ਜਬਰਦਸਤੀ ਲੋਕਾਂ ਤੋਂ ਪੈਸੇ ਮੰਗਦੇ ਹਨ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਬੁਰਾ ਭਲਾ ਕਹਿੰਦੇ ਹਨ|
ਉਹਨਾ ਕਿਹਾ ਕਿ ਇਹ ਮੰਗਤੇ ਕਈ ਦੁਕਾਨਦਾਰਾਂ ਨੂੰ ਵੀ ਮੰਦਾ ਬੋਲ ਚੁੱਕੇ ਹਨ ਅਤੇ ਹਰ ਵੇਲੇ ਹੀ ਲੜਾਈ ਝਗੜਾ ਕਰਨ ਲਈ ਤਿਆਰ ਰਹਿੰਦੇ ਹਨ| ਇਹਨਾਂ ਮੰਗਤਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਜੋ ਕਿ ਆਪਣੇ ਗੰਦੇ ਹੱਥ ਲੋਕਾਂ ਦੇ ਕਪੜਿਆਂ ਨਾਲ ਜਾਣ ਬੁਝ ਕੇ ਲਗਾ ਦਿੰਦੇ ਹਨ ਅਤੇ ਕਪੜੇ ਮੈਲੇ ਕਰ ਦਿੰਦੇ ਹਨ, ਇਹਨਾਂ ਤੋਂ ਡਰਦਾ ਮਾਰਾ ਹਰ ਵਿਅਕਤੀ ਇਨ੍ਹਾਂ ਨੂੰ ਪੈਸੇ ਦੇਣ ਲਈ ਮਜਬੂਰ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਕਈ ਵਾਰ ਮੰਗਤਿਆਂ ਦੀ ਸ਼ਿਕਾਇਤ ਪ੍ਰਸਾਸਨ ਨੂੰ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ| ਉਹਨਾਂ ਮੰਗ ਕੀਤੀ ਕਿ ਮਾਰਕੀਟ ਵਿੱਚ ਫਿਰਦੇ ਮੰਗਤਿਆਂ ਨੁੰ ਤੁਰੰਤ ਕਾਬੂ ਕੀਤਾ ਜਾਵੇ|

Leave a Reply

Your email address will not be published. Required fields are marked *