ਸ਼ਹਿਰ ਵਿੱਚ ਬਾਂਦਰਾਂ ਨੇ ਫੈਲਾਇਆ ਆਤੰਕ

ਐਸ ਏ ਐਸ ਨਗਰ, 15 ਮਈ (ਆਰ ਪੀ ਵਾਲੀਆ) ਐਸ ਏ ਐਸ ਨਗਰ ਵਿੱਚ ਅੱਜ ਕੱਲ ਬਾਂਦਰਾਂ ਨੇ ਦਹਿਸ਼ਤ ਫੈਲਾਈ ਹੋਈ ਹੈ| ਸਥਾਨਕ ਫੇਜ਼ 1 ਵਿਚ ਅਮਰਟੈਕਸ ਦੇ ਬਿਲਕੁਲ ਪਿਛਲੇ ਪਾਸੇ ਅੰਬਾਂ ਵਾਲਾ ਪਾਰਕ ਵਿੱਚ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਭਾਰੀ ਗਿਣਤੀ ਵਿੱਚ ਬਾਂਦਰ ਘੁੰਮਦੇ ਦੇਖੇ ਜਾ ਸਕਦੇ ਹਨ| ਇਹ ਬਾਂਦਰ ਲੋਕਾਂ ਦੇ ਘਰਾਂ ਅੰਦਰ ਜਾ ਕੇ ਖਾਣ ਪੀਣ ਦਾ ਸਮਾਨ ਚੁੱਕ ਕੇ ਲੈ ਜਾਂਦੇ ਹਨ ਅਤੇ ਲੋਕਾਂ ਦੇ ਧੁੱਪ ਵਿਚ ਸੁੱਕਣ ਲਈ ਪਾਏ ਹੋਏ ਕਪੜੇ ਪਾੜ ਦਿੰਦੇ ਹਨ|
ਇਹ ਬਾਂਦਰ ਲੋਕਾਂ ਨੂੰ ਕੱਟਣ ਦਾ ਯਤਨ ਵੀ ਕਰਦੇ ਹਨ| ਫੇਜ਼ 1 ਦੇ ਮੈਂਗੋ ਪਾਰਕ ਵਿੱਚ ਬਾਂਦਰਾਂ ਦੀ ਭਰਮਾਰ ਹੋਣ ਕਾਰਨ ਲੋਕ ਇਸ ਪਾਰਕ ਵਿੱਚ ਸੈਰ ਕਰਨ ਤੋਂ ਡਰਨ ਲੱਗ ਗਏ ਹਨ ਕਿਉਂਕਿ ਜਦੋਂ ਕੋਈ ਵਿਅਕਤੀ ਇੱਥੇ ਸੈਰ ਕਰਨ ਜਾਂਦਾ ਹੈ ਤਾਂ ਇਹ ਬਾਂਦਰ ਉਸ ਨੂੰ ਡਰਾਉਂਦੇ ਹਨ ਅਤੇ ਫਿਰ ਕਟਣ ਦਾ ਯਤਨ ਕਰਦੇ ਹਨ| ਇਹਨਾਂ ਬਾਂਦਰਾਂ ਕਾਰਨ ਛੋਟੇ ਬੱਚੇ ਘਰਾਂ ਵਿਚੋਂ ਨਿਕਲਣ ਤੋਂ ਡਰਨ ਲੱਗ ਪਏ ਹਨ|
ਸ਼ਹਿਰ ਵਿੱਚ ਵੱਡੀ ਗਿਣਤੀ ਵਿਚ ਘੁੰਮ ਰਹੇ ਬਾਂਦਰਾਂ ਬਾਰੇ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਸਰਦੀਆਂ ਵਿੱਚ ਪਹਾੜਾਂ ਉਪਰ ਬਰਫ ਪੈਣ ਕਾਰਨ ਠੰਡ ਵੱਧਣ ਤੇ ਇਹ ਬਾਂਦਰ ਠੰਡ ਤੋਂ ਬਚਣ ਲਈ ਹੇਠਲੇ ਇਲਾਕਿਆਂ ਵਿਚ ਆ ਜਾਂਦੇ ਹਨ| ਪਰੰਤੂ ਹੁਣ ਗਰਮੀਆਂ ਦੀ ਰੁੱਤ ਵਿੱਚ ਵੀ ਬਾਂਦਰਾਂ ਦੀ ਭਰਮਾਰ ਹੋਣ ਕਾਰਨ ਲੱਗਦਾ ਹੈ ਕਿ ਇਹਨਾਂ ਨੇ ਇੱਥੇ ਆਪਣਾ ਪੱਕਾ ਡੇਰਾ ਬਣਾ ਲਿਆ ਹੈ| ਇਸ ਤੋਂ ਇਲਾਵਾ ਕੁਝ ਲੋਕ ਇਹਨਾਂ ਬਾਂਦਰਾਂ ਨੂੰ ਖਾਣ ਪੀਣ ਦਾ ਸਮਾਨ ਵੀ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਇਹ ਬਾਂਦਰ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਘੁੰਮਦੇ ਰਹਿੰਦੇ ਹਨ|
ਸਮਾਜਸੇਵੀ ਆਗੂ ਸ਼੍ਰੀ ਅਤੁਲ ਸ਼ਰਮਾ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣਦੇ ਜਾ ਰਹੇ ਇਹਨਾਂ ਬਾਂਦਰਾਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਹਨਾਂ ਨੂੰ ਕਾਬੂ ਕਰਕੇ ਜੰਗਲਾਂ ਵਿਚ ਭੇਜਿਆ ਜਾਵੇ|

Leave a Reply

Your email address will not be published. Required fields are marked *