ਸ਼ਹਿਰ ਵਿੱਚ ਲਗਾਤਾਰ ਵੱਧਦੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਮੇਅਰ ਨੇ ਕੀਤੀ ਨਿਗਮ ਦੇ ਸੈਨੇਟਰੀ ਸਟਾਫ ਦੀ ਝਾੜ ਝੰਬ

ਸ਼ਹਿਰ ਵਿੱਚ ਲਗਾਤਾਰ ਵੱਧਦੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਮੇਅਰ ਨੇ ਕੀਤੀ ਨਿਗਮ ਦੇ ਸੈਨੇਟਰੀ ਸਟਾਫ ਦੀ ਝਾੜ ਝੰਬ
ਅਧਿਕਾਰੀਆਂ ਨੂੰ ਜਵਾਬਦੇਹ ਹੋ ਕੇ ਕੰਮ ਕਰਨ ਦੀ ਤਾੜਨਾ ਕੀਤੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 2 ਅਕਤੂਬਰ

ਸ਼ਹਿਰ ਵਿੱਚ ਡੇਂਗੂ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਸ਼ਹਿਰ ਵਾਸੀਆਂ ਵੱਲੋਂ ਤਾਂ ਨਗਰ ਨਿਗਮ ਦੀ ਕਾਰਗੁਜਾਰੀ ਤੇ ਕਿੰਤੂ ਪ੍ਰੰਤੂ ਕੀਤਾ ਹੀ ਜਾ ਰਿਹਾ ਹੈ ਖੁਦ ਨਗਰ ਨਿਗਮ ਦੇ         ਮੇਅਰ ਸ੍ਰ. ਕੁਲਵੰਤ ਸਿੰਘ ਵੀ ਨਗਰ ਨਿਗਮ ਦੀ ਕਾਰਗੁਜਾਰੀ ਤੋਂ ਸੰਤਸ਼ੁਟ ਨਹੀਂ ਹਨ ਅਤੇ ਇਸ ਸੰਬੰਧੀ ਬੀਤੇ ਕਲ (ਬਾਅਦ ਦੁਪਹਿਰ) ਨਗਰ ਨਿਗਮ ਵਿੱਚ ਨਿਗਮ ਦੇ ਅਧਿਕਾਰੀਆਂ ਅਤੇ  ਸੈਨੇਟਰੀ ਸਟਾਫ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਮੇਅਰ ਨੇ ਨਾ ਸਿਰਫ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਹੋ ਕੇ ਕੰਮ ਕਰਨ ਦੀ ਤਾੜਨਾ ਕੀਤੀ ਬਲਕਿ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਹਿਰ ਵਿੱਚ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਅਤੇ ਡੇਂਗੂ ਦਾ ਇਹ ਕਹਿਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵੱਲੋਂ ਬੁਲਾਈ ਗਈ ਇਸ ਮੀਟਿੰਗ (ਜਿਸ ਵਿੱਚ ਨਿਗਮ ਦੇ ਜਾਇੰਟ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਸਮੇਤ ਨਿਗਮ ਦੇ ਸਿਹਤ ਵਿਭਾਗ ਦਾ ਇੱਕ ਨੁਮਾਇੰਦਾ ਵੀ ਹਾਜਿਰ ਸੀ) ਦੌਰਾਨ ਮੇਅਰ ਨੇ ਸ਼ਹਿਰ ਵਿੱਚ ਕਰਵਾਈ ਜਾ ਰਹੀ ਫੌਗਿੰਗ ਦੀ ਕਾਰਵਾਈ ਦੀ ਵਿਸਤਾਰਤ ਰਿਪੋਰਟ ਲਈ ਅਤੇ ਇਸ ਸੰਬੰਧੀ ਸੈਨੇਟਰੀ ਇੰਸਪੈਕਟਰਾਂ ਨੂੰ ਹਿਦਾਇਤ ਕੀਤੀ ਗਈ ਕਿ ਉਹ ਆਪਣੇ ਸਾਹਮਣੇ ਦਵਾਈ ਦੀ ਪੂਰੀ ਮਾਤਰਾ ਫੌਗਿੰਗ ਮਸ਼ੀਨ ਵਿੱਚ ਪਵਾਉਣਗੇ| ਇਸਦੇ ਨਾਲ ਹੀ ਉਹਨਾਂ ਅਸਿਸਟੈਂਟ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੂੰ ਹਿਦਾਇਤ ਕੀਤੀ ਕਿ ਉਹ ਖੁਦ ਰੋਜਾਨਾ ਫੌਗਿੰਗ ਕਰਨ ਵਾਲੀਆਂ ਗੱਡੀਆਂ ਵਿੱਚ ਡੀਜਲ ਪਵਾਉਣ ਦੀ ਜਿੰਮੇਵਾਰੀ ਲੈਣ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਹਾਲਤ ਵਿੱਚ ਫੌਗਿੰਗ ਵਿੱਚ ਰੁਕਾਵਟ ਨਾ ਆਵੇ|
ਮੀਟਿੰਗ ਦੌਰਾਨ ਮੇਅਰ ਵੱਲੋਂ  ਸੈਨੇਟਰੀ ਸਟਾਫ ਨੂੰ ਇਹ ਵੀ ਹਿਦਾਇਤ ਦਿਤੀ ਗਈ ਕਿ ਉਹ ਸ਼ਹਿਰ ਵਿੱਚ ਜਿਸ ਵੀ ਵਾਰਡ ਵਿੱਚ ਫੌਗਿੰਗ ਲਈ ਜਾਣ, ਉੱਥੋਂ ਦੇ ਕੌਂਸਲਰ ਨੂੰ ਪਹਿਲਾਂ ਸੂਚਿਤ ਕਰਨ ਅਤੇ ਕੌਂਸਲਰ ਵੱਲੋਂ ਦੱਸੇ ਅਨੁਸਾਰ ਫੌਗਿੰਗ ਕਰਵਾਉਣ ਕਿਉਂਕਿ ਕੌਂਸਲਰ ਨੂੰ ਆਪਣੇ ਵਾਰਡ ਦੀ ਮੁਕੰਮਲ ਜਾਣਕਾਰੀ ਹੁੰਦੀ ਹੈ| ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਤੋਂ ਰੋਕਣ ਲਈ ਹਰ ਸੰਭਵ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ|
ਇਸ ਤੋਂ ਪਹਿਲਾਂ ਮੀਟਿੰਗ ਵਿੱਚ ਹਾਜਿਰ ਸਿਹਤ ਵਿਭਾਗ ਦੇ ਨੁਮਾਇੰਦੇ ਨੇ ਮੇਅਰ ਨੂੰ ਦੱਸਿਆ ਕਿ ਡੇਂਗੂ ਮੱਛਰ ਦਾ ਲਾਰਵਾ ਤਾਂ ਖਤਮ ਹੋ ਗਿਆ ਹੈ ਪ੍ਰੰਤੂ ਡੇਂਗੂ ਦੇ ਮੱਛਰ (ਜਿਹੜਾ ਪਹਿਲਾ ਹੀ ਪੈਦਾ ਹੋ ਚੁੱਕਿਆ ਹੈ) ਦਾ ਖਾਤਮਾ ਕਰਨ ਲਈ ਫੌਗਿੰਗ ਕੀਤੇ ਜਾਣ ਦੀ ਲੋੜ ਹੈ ਅਤੇ ਇਸ ਸੰਬੰਧੀ ਕਦਮ ਚੁੱਕੇ ਜਾਣੇ ਚਾਹੀਦੇ ਹਨ|
ਸੰਪਰਕ ਕਰਨ ਤੇ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਡੇਂਗੂ ਦੇ ਵੱਧਦੇ ਮਾਮਲਿਆਂ ਕਾਰਨ ਨਿਗਮ ਦੀ ਕਾਰਗੁਜਾਰੀ ਦੀ ਸਮੀਖਿਆ ਮੀਟਿੰਗ ਸੀ| ਉਹਨਾਂ ਕਿਹਾ ਸ਼ਹਿਰ ਵਿੱਚ ਡੇਂਗੂ ਦੇ ਮੱਛਰਾਂ ਦਾ ਖਾਤਮਾ ਕਰਨ ਦੀ  ਜਿੰਮੇਵਾਰੀ ਨਗਰ ਨਿਗਮ ਦੀ ਹੈ ਅਤੇ ਨਗਰ ਨਿਗਮ ਇਸ ਵਾਸਤੇ  ਜਵਾਬਦੇਹ ਵੀ ਹੈ| ਉਹਨਾਂ ਕਿਹਾ ਕਿ ਮੀਟਿੰਗ ਵਿੱਚ ਸੈਨੇਟਰੀ ਵਿਭਾਗ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਉਸਦੀ ਕਾਰਗੁਜਾਰੀ ਵਿੱਚ ਸੁਧਾਰ ਹੋਵੇ|

Leave a Reply

Your email address will not be published. Required fields are marked *