ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਵਾਲੀ ਕਾਰਵਾਈ ਤੇਜ ਕਰੇ ਪ੍ਰਸ਼ਾਸ਼ਨ

ਨਗਰ ਨਿਗਮ ਵਲੋਂ ਭਾਵੇਂ ਸ਼ਹਿਰ ਵਿੱਚ ਥਾਂ ਥਾਂ ਤੇ ਹੋਏ ਅਜਿਹੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਜਿਸ ਤਰੀਕੇ ਨਾਲ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਆਮ ਦੁਕਾਨਦਾਰਾਂ ਤੋਂ ਲੈ ਕੇ ਰੇਹੜੀ ਫੜੀ ਵਾਲਿਆਂ ਦੇ ਨਾਜਾਇਜ ਕਬਜਿਆਂ ਵਿੱਚ ਵਾਧਾ ਹੋ ਰਿਹਾ ਹੈ ਉਸ ਨਾਲ ਨਗਰ ਨਿਗਮ ਦੀ ਇਸ ਕਾਰਵਾਈ ਤੇ ਕਈ ਸਵਾਲ ਉਠਦੇ ਹਨ| ਅੱਜਕੱਲ ਸਰਦੀ ਦਾ ਮੌਸਮ ਜੋਰ ਫੜ ਗਿਆਹੈ ਅਤੇ ਦਿਨ ਵੀ ਕਾਫੀ ਛੋਟੇ ਹੋ ਗਏ ਹਨ| ਇਸਦੇ ਨਾਲ ਹੀ ਦਿਨ ਢਲਣ ਸਾਰ ਸੜਕਾਂ ਦੇ ਕਿਨਾਰੇ ਕਿਸੇ ਨਾ ਕਿਸੇ ਮੋੜ ਨੇੜੇ ਜਾਂ ਫਿਰ ਮਾਰਕੀਟਾਂ ਦੀਆਂ ਪਾਰਿਕੰਗਾਂ ਦੇ ਕੋਨਿਆਂ ਵਿੱਚ ਲਗਣ ਵਾਲੀਆਂ ਅਜਿਹੀਆਂ ਰੇਹੜੀਆਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਗਿਆ ਹੈ ਜਿਹਨਾਂ ਵਲੋਂ ਖਰੌੜਿਆਂ ਦਾ ਸੂਪ, ਉਬਲੇ ਅੰਡੇ, ਮੀਟ ਦਾ ਅਚਾਰ, ਮੱਛੀ ਅਤੇ ਚਿਕਨ ਆਦਿ ਦਾ ਤਿਆਰ ਸਾਮਾਨ ਵੇਚਿਆ ਜਾਦਾ ਹੈ| ਇਹਨਾਂ ਰੇਹੜੀਆਂ ਵਾਲਿਆਂ ਵਿੱਚੋਂ ਕੁੱਝ ਤਾਂ ਅਜਿਹੇ ਵੀ ਹਨ ਜਿਹੜੇ ਆਪਣੇ ਗ੍ਰਾਹਕਾਂ ਦੀ ਸੁਵਿਧਾ ਲਈ ਉਹਨਾਂ ਨੂੰ ਗਿਲਾਸ ਅਤੇ ਪਾਣੀ ਵੀ ਮੁਹਈਆ ਕਰਵਾਉਂਦੇ ਹਨ ਤਾਂ ਜੋ ਉਹਨਾਂ ਦੇ ਗ੍ਰਾਹਕ ਸ਼ਰਾਬ ਅਤੇ ਕਬਾਬ ਦੋਵਾਂ ਦਾ ਮਜਾ ਇਕੱਠੇ ਲੈ ਸਕਣ|
ਮਾਰਕੀਟਾਂ ਦੇ ਕੋਨਿਆਂ ਜਾਂ ਸ਼ੋਰੂਮਾਂ ਦੇ ਪਿਛਲੇ ਪਾਸੇ ਪਈ ਸੁਨਸਾਨ ਥਾਂ ਵਿੱਚ ਲੱਗਦੀਆਂ ਇਹਨਾਂ ਰੇਹੜੀਆਂ ਦੇ ਆਸਪਾਸ ਖਾਣ ਪੀਣ ਦੇ ਸ਼ੌਕੀਨ ਮੰਡਲੀਆਂ ਬਣਾ ਕੇ ਇਕੱਠੇ ਹੋ ਜਾਂਦੇ ਹਨ| ਅਜਿਹੇ ਗ੍ਰਾਹਕ (ਜਿਹਨਾਂ ਵਿੱਚ ਵੱਡੀ ਗਿਣਤੀ ਸ਼ਹਿਰ ਵਿੱਚ ਪੇਇੰਗ ਗੈਸਟ ਦੇ ਰੂਪ ਵਿੱਚ ਰਹਿਣ ਵਾਲੇ ਨੌਜਵਾਨਾਂ ਦੀ ਹੁੰਦੀ ਹੈ) ਜਦੋਂ ਸ਼ਰਾਬ ਅਤੇ ਕਬਾਬ ਦਾ ਮਜਾ ਲੈਣ ਤੋਂ ਬਾਅਦ ਲੋਰ ਵਿੱਚ ਆ ਜਾਂਦੇ ਹਨ ਤਾਂ ਕਈ ਵਾਰ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਨਾਲ ਛੇੜਖਾਨੀ ਵੀ ਕਰਦੇ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਤਾਂ ਖਰਾਬ ਹੁੰਦਾ ਹੀ ਹੈ, ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ|
ਨਗਰ ਨਿਗਮ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਉਹਨਾਂ ਵਲੋਂ ਨਾਜਾਇਜ ਕਬਜਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵੱਡੀ ਗਿਣਤੀ ਰੇਹੜੀਆਂ ਵਾਲਿਆਂ ਦਾ ਸਾਮਾਨ ਜਬਤ ਕੀਤਾ ਜਾਂਦਾ ਹੈ ਅਤੇ ਨਿਗਮ ਵਲੋਂ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਕਬਜਾ ਕਰਨ ਵਾਲੇ ਦੁਕਾਨਦਾਰਾਂ ਦੇ ਚਾਲਾਨ ਵੀ ਕੀਤੇ ਜਾਂਦੇ ਹਨ ਪਰੰਤੂਇਸਦੇ ਬਾਵਜੂਦ ਇਹਨਾਂ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਕੋਈ ਕਮੀ ਹੁੰਦੀ ਨਜਰ ਨਹੀਂ ਆ ਰਹੀ ਹੈ| ਜੇਕਰ ਨਗਰ ਨਿਗਮ ਵਲੋਂ ਇਹਨਾਂ ਨਾਜਾਇਜ ਕਬਜਿਆਂ ਦੇ ਖਿਲਾਫ ਕਾਰਵਾਈ (ਜਿਸਦੇ ਤਹਿਤ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਅਣ ਅਧਿਕਾਰਤ ਤੌਰ ਤੇ ਆਪਣੀਆਂ ਰੇਹੜੀਆਂ ਫੜੀਆਂ ਲਗਾਉਣ ਵਾਲਿਆਂ ਅਤੇ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਸਾਮਾਨ ਖਿਲਾਰ ਕੇ ਰੱਖਣ ਵਾਲੇ ਦੁਕਾਨਦਾਰਾਂ ਦਾ ਸਾਮਾਨ ਜਬਤ ਕੀਤਾ ਜਾਂਦਾ ਹੈ) ਕੀਤੀ ਵੀ ਜਾਂਦੀ ਹੈ ਉਹ ਵੀ ਦਿਨ ਵੇਲੇ ਹੋਣ ਵਾਲੇ ਨਾਜਾਇਜ ਕਬਜਿਆਂ ਦੇ ਖਿਲਾਫ ਹੀ ਕੇਂਦਰਿਤ ਹੁੰਦੀ ਹੈ ਅਤੇ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੁੰਦੀ|
ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| ਇਹਨਾਂ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਥਾਂ ਤੇ ਨਾਜਾਇਜ ਕਬਜਾ ਕਰਕੇ ਬੈਠੇ ਇਹਨਾਂ ਲੋਕਾਂ ਦਾ ਸਾਮਾਨ ਜਬਤ ਕੀਤਾ ਜਾਵੇ| ਆਪਣਾ ਸਾਮਾਨ ਜਬਤ ਹੋਣ ਅਤੇ ਜੁਰਮਾਨਾ ਹੋਣ ਦਾ ਡਰ ਹੀ ਇਹਨਾਂ ਨਾਜਾਇਜ ਕਬਜੇ ਕਰਨ ਵਾਲਿਆਂ ਨੂੰ ਰੋਕ ਸਕਦਾ ਹੈ|
ਸ਼ਹਿਰ ਵਾਸੀਆਂ ਨੂੰ ਥਾਂ ਥਾਂ ਤੇ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਕਾਰਣ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਨਾਜਾਇਜ ਕਬਜਿਆਂ ਵਿਰੁੱਧ ਨਵੇਂ ਸਿਰੇ ਤੋਂ ਇੱਕਸਾਰ ਕਾਰਵਾਈ ਆਰੰਭ ਕੀਤੀ ਜਾਵੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *