ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਹੈ ਆਵਾਰਾ ਪਸ਼ੂਆਂ, ਖੂੰਖਾਰ ਕੁੱਤਿਆਂ ਅਤੇ ਬਾਂਦਰਾਂ ਦੀ ਗਿਣਤੀ

ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਹੈ ਆਵਾਰਾ ਪਸ਼ੂਆਂ, ਖੂੰਖਾਰ ਕੁੱਤਿਆਂ ਅਤੇ ਬਾਂਦਰਾਂ ਦੀ ਗਿਣਤੀ
ਗਊ ਟੈਕਸਾਂ ਦੇ ਨਾਮ ਤੇ ਇੱਕਠੇ ਕੀਤੇ ਜਾਂਦੇ ਅਰਬਾਂ ਰੁਪਏ ਦਾ ਨਹੀਂ ਮਿਲਦਾ ਕੋਈ ਹਿਸਾਬ
ਐਸ ਏ ਐਸ ਨਗਰ, 5 ਦਸੰਬਰ (ਸ.ਬ.) ਸ਼ਹਿਰ ਵਿੱਚ ਜਿੱਥੇ ਆਵਾਰਾ ਪਸ਼ੂਆਂ, ਖੂੰਖਾਰ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉੱਥੇ ਮੌਸਮ ਬਦਲਣ ਨਾਲ ਹੀ ਹੁਣ ਸ਼ਹਿਰ ਵਿੱਚ ਬਾਂਦਰਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ| ਇਹ ਬਾਂਦਰ ਵੀ ਆਵਾਰਾ ਕੁੱਤਿਆਂ, ਡੰਗਰਾਂ ਵਾਂਗ ਹੀ ਲੋਕਾਂ ਲਈ ਵੱਡੀ ਸਿਰਦਰਦੀ ਬਣ ਰਹੇ ਹਨ| ਮੌਸਮ ਬਦਲਣ ਕਾਰਨ ਉਚੇ ਪਹਾੜਾਂ ਉਪਰ ਬਰਫ ਪੈ ਗਈ ਹੈ ਅਤੇ ਉਥੇ ਠੰਡ ਵੱਧਣ ਕਾਰਨ ਬਾਂਦਰ ਮੈਦਾਨੀ ਇਲਾਕਿਆਂ ਵੱਲ ਆ ਗਏ ਹਨ|
ਸਾਡੇ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਭਾਵੇਂ ਕੁੱਤਿਆਂ ਦੀ ਨਸਬੰਦੀ ਦਾ ਕੰਮ ਕੀਤਾ ਜਾਂਦਾ ਹੈ ਪਰੰਤੂ ਇਸ ਮੁਹਿੰਮ ਦੇ ਵੀ ਅਸਰਦਾਇਕ ਨਤੀਜੇ ਨਹੀਂ ਨਿਕਲੇ| ਨਗਰ ਨਿਗਮ ਵਲੋਂ ਆਵਾਰਾ ਕੁਤਿਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਕਾਰਵਾਈ ਦੇ ਤਸੱਲੀਬਖਸ਼ ਨਾ ਹੋਣ ਕਾਰਨ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਰਹੀ ਹੈ| ਇਸ ਸੰਬੰਧੀ ਇੱਕ ਸਮਾਜਸੇਵੀ ਆਗੂ ਸ੍ਰ. ਕੰਵਲ ਨੈਨ ਸਿੰਘ ਸੋਢੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਕੁੱਤਿਆਂ ਦੀ ਨਸਬੰਦੀ ਸਬੰਧੀ ਮੰਗੇ ਗਏ ਵੇਰਵੇ ਨਾ ਦਿੱਤੇ ਜਾਣ ਕਾਰਨ ਪੰਜਾਬ ਦੇ ਸੂਚਨਾ ਕਮਿਸ਼ਨ ਵਲੋਂ ਨਗਰ ਨਿਗਮ ਮੁਹਾਲੀ ਨੂੰ ਜੁਰਮਾਨਾ ਲਗਾਉਣ ਦੇ ਹੁਕਮ ਵੀ ਹੋ ਚੁੱਕੇ ਹਨ|
ਪੰਜਾਬ ਸਰਕਾਰ ਵਲੋਂ ਜਿੱਥੇ ਮੁਹਾਲੀ ਸਮੇਤ ਪੂਰੇ ਪੰਜਾਬ ਵਿੱਚ ਬਿਜਲੀ ਬਿਲਾਂ ਅਤੇ ਹੋਰ ਚੀਜਾਂ ਉਪਰ ਗਊ ਟੈਕਸ ਲਗਾ ਕੇ ਹਰ ਸਾਲ ਅਰਬਾਂ ਰੁਪਏ ਇੱਕਠੇ ਕੀਤੇ ਜਾ ਰਹੇ ਹਨ ਉਥੇ ਵੱਖ ਵੱਖ ਸ਼ਹਿਰਾਂ ਦੇ ਨਗਰ ਨਿਗਮਾਂ ਅਤੇ ਕੌਂਸਲਾਂ ਵਲੋਂ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਗਊਸ਼ਾਲਾਵਾਂ ਨੂੰ ਹਰ ਮਹੀਨੇ ਲੱਖਾਂ ਰੁਪਏ ਦਿੱਤੇ ਵੀ ਜਾਂਦੇ ਹਨ ਅਤੇ ਇਹਨਾਂ ਗਊਸ਼ਾਲਾਵਾਂ ਨੂੰ ਵੱਖਰੀ ਸਰਕਾਰੀ ਸਹਾਇਤਾ ਵੀ ਮਿਲਦੀ ਹੈ ਪਰ ਫਿਰ ਵੀ ਗਊਸ਼ਾਲਾਵਾਂ ਵਿੱਚ ਮੌਜੂਦ ਜਾਨਵਰਾਂ ਨਾਲੋਂ ਵੱਧ ਜਾਨਵਰ ਸੜਕਾਂ, ਗਲੀਆਂ ਮੁਹੱਲਿਆਂ ਵਿੱਚ ਘੁੰਮਦੇ ਵੇਖੇ ਜਾ ਸਕਦੇ ਹਨ| ਇਸ ਤੋਂ ਇਲਾਵਾ ਮੁਹਾਲੀ ਨੇੜਲੇ ਪਿੰਡਾਂ ਦੇ ਲੋਕ ਆਪਣੇ ਦੁਧਾਰੂ ਪਸ਼ੂਆਂ ਨੂੰ ਮੁਹਾਲੀ ਸ਼ਹਿਰ ਵਿੱਚ ਖੁੱਲਾ ਛੱਡ ਦਿੰਦੇ ਹਨ ਅਤੇ ਇਹ ਪਾਲਤੂ ਪਸ਼ੂ ਵੀ ਆਮ ਲੋਕਾਂ ਦੇ ਨਾਲ ਨਾਲ ਆਵਾਜਾਈ ਅਤੇ ਪ੍ਰਸ਼ਾਸਨ ਲਈ ਇਕ ਸਿਰਦਰਦੀ ਬਣੇ ਹੋਏ ਹਨ|
ਇਹਨਾਂ ਅਵਾਰਾ ਪਸ਼ੂਆਂ, ਕੁੱਤਿਆਂ ਅਤੇ ਬਾਂਦਰਾਂ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਅਤੇ ਇਹਨਾਂ ਕੁੱਤਿਆਂ ਅਤੇ ਬਾਂਦਰਾਂ ਕਾਰਨ ਲੋਕਾਂ ਵਿੱਚ ਹਰ ਸਮੇਂ ਦਹਿਸ਼ਤ ਭਾਰੂ ਰਹਿੰਦੀ ਹੈ| ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੇ ਕਾਰਨ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਹਨਾਂ ਵਿੱਚ ਕੀਮਤੀ ਮਨੁੱਖੀ ਜਾਨਾਂ ਤਕ ਜਾ ਚੁੱਕੀਆਂ ਹਨ| ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਵਲੋਂ ਬੱਚਿਆਂ ਨੂੰ ਅਤੇ ਅਨੇਕਾਂ ਵਿਅਕਤੀਆਂ ਨੂੰ ਕੱਟਣ ਦੀਆਂ ਘਟਨਾਂਵਾਂ ਬਹੁਤ ਵਾਪਰ ਚੁਕੀਆਂ ਹਨ ਪਰ ਇਸ ਸਭ ਦੇ ਬਾਵਜੂਦ ਇਹਨਾਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ|
ਰਹਿੰਦੀ ਕਸਰ ਬਾਂਦਰਾਂ ਨੇ ਪੂਰੀ ਕਰ ਦਿੱਤੀ ਹੈ| ਸ਼ਹਿਰ ਤੋਂ ਹੋਰਨਾਂ ਸ਼ਹਿਰਾਂ ਨੂੰ ਜਾਂਦੇ ਰਸਤਿਆਂ, ਵੱਖ ਵੱਖ ਸੜਕਾਂ ਕਿਨਾਰੇ ਲੱਗੇ ਦਰਖਤਾਂ ਉਪਰ ਇਹਨਾਂ ਬਾਂਦਰਾਂ ਨੇ ਆਪਣੇ ਡੇਰੇ ਲਗਾ ਲਏ ਹਨ| ਇਹ ਬਾਂਦਰ ਮੌਕਾ ਵੇਖਦੇ ਹੀ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਜਾਂਦੇ ਹਨ ਜਿੱਥੇ ਇਹ ਲੋਕਾਂ ਦੇ ਸੁੱਕਣੇ ਪਾਏ ਕਪੜੇ ਪਾੜ ਦਿੰਦੇ ਹਨ ਅਤੇ ਲੋਕਾਂ ਦਾ ਖਾਣ ਪੀਣ ਦਾ ਸਮਾਨ ਚੁੱਕ ਕੇ ਲੈ ਜਾਂਦੇ ਹਨ| ਇਹ ਬਾਂਦਰ ਲੋਕਾਂ ਨੂੰ ਕੱਟਣ ਦਾ ਯਤਨ ਵੀ ਕਰਦੇ ਹਨ|
ਸਮਾਜ ਸੇਵੀ ਆਗੂ ਅਤੇ ਕਾਂਗਰਸ ਦੇ ਜਿਲ੍ਹਾ ਸਕੱਤਰ ਸ੍ਰੀ ਅਤੁਲ ਸ਼ਰਮਾ ਕਹਿੰਦੇ ਹਨ ਕਿ ਉਹਨਾਂ ਨੇ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੂੰ ਪੱਤਰ ਵੀ ਲਿਖਿਆ ਹੈ ਪਰੰਤੂ ਹੁਣ ਤੱਕ ਇਸ ਸੰਬੰਧੀ ਕੋਈ ਪ੍ਰਭਾਵੀ ਕਾਰਵਾਈ ਨਹੀਂ ਹੋਈ| ਉਹਨਾਂ ਕਿਹਾ ਕਿ ਇਕ ਪਾਸੇ ਤਾਂ ਗਊ ਟੈਕਸ ਲਗਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਪਰੰਤੂ ਇਹਨਾਂ ਆਵਾਰਾ ਪਸ਼ੂਆਂ ਦੀ ਰੋਕਥਾਮ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ| ਉਹਨਾਂ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਪ੍ਰਭਾਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ|

Leave a Reply

Your email address will not be published. Required fields are marked *