ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ


ਐਸ ਏ ਐਸ ਨਗਰ, 13 ਜਨਵਰੀ ( ਜਸਵਿੰਦਰ ਸਿੰਘ ) ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਹੋਣ ਦੀ ਬਜਾਏ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਮਾਰਕੀਟਾਂ ਵਿੱਚ ਇਹ ਪਸ਼ੂ ਘੁੰਮਦੇ ਆਮ ਦੇਖੇ ਜਾ ਸਕਦੇ ਹਨ।
ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਸ੍ਰ ਜੋਗਿੰਦਰ ਸਿੰਘ ਜੋਗੀ ਕਹਿੰਦੇ ਹਨ ਕਿ ਮੁਹਾਲੀ ਸ਼ਹਿਰ ਪੰਜਾਬ ਦਾ ਸਭ ਤੋਂ ਸੁੰਦਰ ਅਤੇ ਪਲਾਨਿੰਗ ਨਾਲ ਬਣਿਆ ਸ਼ਹਿਰ ਹੈ ਪਰੰਤੂ ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਕਾਰਨ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਆਪਣੀ ਗਾਵਾਂ ਮੱਝਾਂ ਨੂੰ ਚਾਰਾ ਖਾਣ ਲਈ ਮੁਹਾਲੀ ਵੱਲ ਹੱਕ ਦਿੰਦੇ ਹਨ, ਜਿੱਥੇ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਸ਼ਹਿਰ ਵਿਚ ਥਾਂ ਥਾਂ ਗੰਦਗੀ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਪਸ਼ੂ ਫੜਨ ਵਾਲੀ ਟੀਮ ਇਸ ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਹੈ।
ਇਸ ਮੌਕੇ ਨਗਰ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਦੇ ਮੈਂਬਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਪਸ਼ੂ ਫੜਨ ਦੀ ਮੁਹਿੰਮ ਚਲਾਈ ਜਾਂਦੀ ਹੈ ਅਤੇ ਪਿਛਲੇ ਤੇਰਾਂ ਦਿਨਾਂ ਵਿਚ 60 ਤੋਂ ਜ਼ਿਆਦਾ ਪਸ਼ੂ ਫੜੇ ਗਏ ਹਨ। ਉਨ੍ਹਾ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਸ਼ੂ ਫੜਨ ਵੇਲੇ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਉਦੋਂ ਕਰਨਾ ਪੈਂਦਾ ਹੈ ਕਿ ਜਦੋਂ ਪਸ਼ੂ ਫੜਨ ਜਾਂਦੇ ਹਨ ਤੇ ਲੋਕ ਹੱਥੋ ਪਾਈ ਅਤੇ ਮਾਰ ਕੁਟਾਈ ਕਰਕੇ ਆਪਣੇ ਪਸ਼ੂ ਛੁੜਾ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਆਵਾਰਾ ਪਸ਼ੂਆਂ ਨੂੰ ਫੜ ਸਕਣ।

Leave a Reply

Your email address will not be published. Required fields are marked *