ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਹੈ ਭਿਖਾਰੀਆਂ ਦੀ ਗਿਣਤੀ, ਪ੍ਰਸ਼ਾਸ਼ਨ ਬੇਖਬਰ

ਐਸ ਏ ਐਸ ਨਗਰ, 18 ਅਗਸਤ (ਸ.ਬ.) ਸ਼ਹਿਰ ਵਿੱਚ ਭਿਖਾਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਹੜੇ ਥਾਂ ਥਾਂ ਤੇ ਲੋਕਾਂ ਨੂੰ ਰੋਕ ਕੇ ਉਹਨਾਂ ਤੋਂ ਭੀਖ ਮੰਗਣ ਲੱਗ ਜਾਂਦੇ ਹਨ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ|
ਇਹਨਾਂ ਭਿਖਾਰੀਆਂ ਦੀ ਸਭ ਤੋਂ ਵੱਧ ਭੀੜ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਤੇ ਹੁੰਦੀ ਹੈ ਜਿੱਥੇ ਇਹ ਭਿਖਾਰੀ ਆਉਣ ਜਾਣ ਵਾਲੇ ਵਾਹਨਾਂ ਦੇ ਸ਼ੀਸ਼ੇ ਖੜਕਾ ਕੇ ਉੁਹਨਾਂ ਤੋਂ ਭੀਖ ਮੰਗਦੇ ਦਿਖਦੇ ਹਨ| ਅਕਸਰ ਕੁੱਝ ਲੋਕ ਇਹਨਾਂ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਾ ਕੁੱਝ ਦੇ ਦਿੰਦੇ ਹਨ ਅਤੇ ਇਸ ਨਾਲ ਇਹਨਾਂ ਭਿਖਾਰੀਆਂ ਦਾ ਹੌਂਸਲਾ ਵੀ ਲਗਾਤਾਰ ਵੱਧਦਾ ਰਹਿੰਦਾ ਹੈ|
ਟ੍ਰੈਫਿਕ ਲਾਈਟਾਂ ਤੇ ਇਹ ਭਿਖਾਰੀ ਅਚਾਨਕ ਛਲਾਂਗ ਲਗਾ ਕੇ ਕਿਸੇ ਵਾਹਨ ਦੇ ਅੱਗੇ ਆ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਅਜਿਹਾ ਕਰਨ ਵੇਲੇ ਕਈ ਵਾਰ ਤਾਂ ਇਹ ਲੋਕਾਂ ਦੇ ਵਾਹਨਾਂ ਵਿੱਚ ਵੀ ਵੱਜਦੇ ਹਨ| ਇਹਨਾਂ ਵਿੱਚੋਂ ਕੁੱਝ ਤਾਂ ਅਜਿਹੇ ਵੀ ਹਨ ਜਿਹੜੇ ਉਹਨਾਂ ਨੂੰ ਕੁੱਝ ਨਾ ਦੇਣ ਤੇ ਵਾਹਨ ਚਾਲਕ ਨੂੰ ਅਪਸ਼ਬਦ ਵੀ ਬੋਲਦੇ ਹਨ| ਹੈਰਾਨੀ ਦੀ ਗੱਲ ਹੈ ਕਿ ਇਹਨਾਂ ਭਿਖਾਰੀਆਂ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਹੋਣ ਦੇ ਬਾਵਜੂਦ ਟ੍ਰੈਫਿਕ ਲਾਈਟਾਂ ਦੇ ਮੌਜੂਦ ਟ੍ਰੈਫਿਕ ਪੁਲੀਸ ਦੇ ਸਿਪਾਹੀ ਇਹਨਾਂ ਭਿਖਾਰੀਆਂ ਨੂੰ ਕੁੱਝ ਵੀ ਨਹੀਂ ਕਹਿੰਦੇ ਅਤੇ ਭਿਖਾਰੀਆਂ ਦੀ ਇਹ ਕਾਰਵਾਈ ਬੇ ਰੋਕ ਟੋਕ ਜਾਰੀ ਰਹਿੰਦੀ ਹੈ|
ਇਸੇ ਤਰ੍ਹਾਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੀ ਇਹਨਾਂ ਭਿਖਾਰੀਆਂ ਦੀ ਭਰਮਾਰ ਹੈ ਜਿਹੜੇ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਤੋਂ ਭੀਖ ਮੰਗਦੇ ਹਨ| ਮਾਰਕੀਟਾਂ ਵਿੱਚ ਘੁੰਮਣ ਵਾਲੇ ਇਹਨਾਂ ਭਿਖਾਰੀਆਂ ਵਿੱਚ ਜਿਆਦਾਤਰ ਗਿਣਤੀ ਔਰਤਾਂ ਅਤੇ ਛੋਟੀ ਉਮਰ ਦੇ ਬੱਚਿਆਂ ਦੀ ਹੁੰਦੀ ਹੈ ਜਿਹੜੇ ਆਮ ਲੋਕਾਂ ਦੇ ਜਿਵੇਂ ਖਹਿੜੇ ਹੀ ਪੈ ਜਾਂਦੇ ਹਨ ਅਤੇ ਉਹਨਾਂ ਨੂੰ ਭੀਖ ਦੇਣ ਲਈ ਮਜਬੂਰ ਕਰਦੇ ਹਨ| ਭੀਖ ਮੰਗਣ ਵਾਲੇ ਅਜਿਹੇ ਕੁੱਝ ਬੱਚਿਆਂ ਉਪਰ ਲੋਕਾਂ ਦੀਆਂ ਗੱਡੀਆਂ ਤੋਂ ਕੀਮਤੀ ਸਾਮਾਨ ਕਂੱਢ ਕੇ ਭੱਜ ਜਾਣ ਦੇ ਵੀ ਇਲਜਾਮ ਲੱਗਦੇ ਹਨ ਅਤੇ ਲੋਕ ਇਹਨਾਂ ਭਿਖਾਰੀਆਂ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਦਿਖਦੇ ਹਨ|
ਇਸ ਸੰਬੰਧੀ ਸਮਾਜਸੇਵੀ ਆਗੂ ਸ੍ਰ. ਪ੍ਰਦੀਪ ਸਿੰਘ ਭਾਰਜ ਕਹਿੰਦੇ ਹਨ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹਨਾਂ ਭਿਖਾਰੀਆਂ ਵੱਲੋਂ ਕਾਨੂੰਨ ਦੀ ਸਿੱਧੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਲੋੜੀਂਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ| ਉਹ ਕਹਿੰਦੇ ਹਨ ਕਿ ਇਹਨਾਂ ਭਿਖਾਰੀਆਂ ਦੇ ਬਾਕਾਇਦਾ ਗੈਂਗ ਬਣੇ ਹੋਏ ਹਨ ਅਤੇ ਝੁੱਗੀ ਕਾਲੋਨੀਆਂ ਵਿੱਚ ਕੁੱਝ ਅਜਿਹੇ ਗਿਰੋਹ ਹਨ ਜਿਹੜੇ ਛੋਟੇ ਬੱਚਿਆਂ ਅਤੇ ਔਰਤਾਂ ਤੋਂ ਜਬਰੀ ਭੀਖ ਮੰਗਵਾਉਂਦੇ ਹਨ| ਇਹਨਾਂ ਵਲੋਂ ਭੀਖ ਮੰਗਣ ਵਾਲੀਆਂ ਥਾਵਾਂ ਵੀ ਵੰਡੀਆਂ ਹੋਈਆਂ ਹਨ ਅਤੇ ਭਿਖਾਰੀਆਂ ਨੂੰ ਮਿਲਣ ਵਾਲੀ ਭੀਖ ਦਾ ਇੱਕ ਵੱਡਾ ਹਿੱਸਾ ਇਹਨਾਂ ਗਿਰੋਹਾਂ ਦੀ ਜੇਬ ਵਿੱਚ ਜਾਂਦਾ ਹੈ| ਉਹਨਾਂ ਮੰਗ ਕੀਤੀ ਕਿ ਪੁਲੀਸ ਵਲੋਂ ਇਹਨਾਂ ਗਿਰੋਹਾਂ ਅਤੇ ਭਿਖਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ|
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਕਹਿੰਦੇ ਹਨ ਕਿ ਮਾਰਕੀਟਾਂ ਵਿੱਚ ਆਮ ਲੋਕਾਂ ਤੋਂ ਭੀਖ ਮੰਗ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਭਿਖਾਰੀਆਂ ਕਾਰਨ ਲੋਕ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਆਉਣ ਤੋਂ ਪਰਹੇਜ ਕਰਦੇ ਹਨ ਜਿਸ ਕਾਰਨ ਵਪਾਰੀ ਵਰਗ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਅਤੇ ਉਹਨਾਂ ਨੂੰ ਨੁਕਸਾਨ ਸਹਿਣਾ ਪੈਂਦਾ ਹੈ| ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਪੁਲੀਸ ਵਲੋਂ ਭੀਖ ਮੰਗਣ ਵਾਲੇ ਅਜਿਹੇਲੋਕਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਲਈ ਚੰਡੀਗੜ੍ਹ ਦੇ ਭਿਖਾਰੀਆਂ ਨੇ ਵੀ ਹੁਣ ਮੁਹਾਲੀ ਵਿੱਚ ਹੀ ਡੇਰੇ ਜਮਾ ਲਏ ਹਨ| ਉਹਨਾਂ ਮੰਗ ਕੀਤੀ ਕਿ ਇਹਨਾਂ ਭਿਖਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *