ਸ਼ਹਿਰ ਵਿੱਚ ਵਾਪਰਦੇ ਸੜਕ ਹਾਦਸਿਆਂ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਹੋਣ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਇਆ ਹੈ ਪਰੰਤੂ ਇਸਦੇ ਨਾਲ ਨਾਲ ਸ਼ਹਿਰ ਦੀ ਆਬਾਦੀ ਵਿੱਚ ਹੋਏ ਬੇਸ਼ੁਮਾਰ ਵਾਧੇ ਅਤੇ ਲਗਾਤਾਰ ਵੱਧਦੀ ਆਬਾਦੀ ਦੀਆਂ ਆਵਜਾਈ ਲੋੜਾਂ ਨੂੰ ਪੂਰਾ ਕਰਨ ਲਈ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਦਾ ਬੋਝ ਵੀ ਬਹੁਤ ਜਿਆਦਾ ਵੱਧ ਗਿਆ ਹੈ| ਸ਼ਹਿਰ ਦੀਆਂ ਸੜਕਾਂ ਦੀ ਚੌੜਾਈ ਦੇ ਅਨੁਪਾਤ ਵਿੱਚ ਇਹਨਾਂ ਉੱਪਰ ਚਲਣ ਵਾਲੇ ਵਾਹਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਕਾਰਨ ਜਿੱਥੇ ਹਰ ਵੇਲੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬਦਹਾਲ ਰਹਿੰਦੀ ਹੈ ਉੱਥੇ ਸ਼ਹਿਰ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਇੱਕ ਤੋਂ ਬਾਅਦ ਇੱਕ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ|
ਇਸ ਗੱਲ ਤੋਂ ਸਾਰੇ ਹੀ ਜਾਣੂ ਹਨ ਕਿ ਦੁਨੀਆਂ ਭਰ ਵਿੱਚ ਵਾਪਰਨ ਵਾਲੇ ਸੜਕ ਹਾਦਸੇ ਪੂਰੀ ਤਰ੍ਹਾਂ ਮਨੁੱਖੀ ਗਲਤੀਆਂ ਕਾਰਨ ਹੀ ਵਾਪਰਦੇ ਹਨ ਪਰੰਤੂ ਕਈ ਵਾਰ ਹਾਲਾਤ ਵੀ ਅਜਿਹੇ ਹੁੰਦੇ ਹਨ ਕਿ ਗਲਤੀ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ| ਸਾਡੇ ਸ਼ਹਿਰ ਦੀ ਤਾਂ ਟ੍ਰੈਫਿਕ ਵਿਵਸਥਾ ਦੀ ਹਾਲਤ ਹੀ ਅਜਿਹੀ ਹੈ ਕਿ ਇੱਥੇ ਅੱਖ ਦੇ ਫੇਰ ਵਿੱਚ ਹੀ ਹਾਦਸਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ| ਸ਼ਹਿਰ ਦੀਆਂ ਸੜਕਾਂ ਵਿੱਚ ਜਿੰਨੇ ਕੁ ਵਾਹਨਾਂ ਦੀ ਆਵਾਜਾਈ ਨੂੰ ਸਹਾਰਨ ਦੀ ਸਮਰਥਾ ਹੈ ਉਸ ਤੋਂ ਕਈ ਗੁਨਾ ਵੱਧ ਵਾਹਨ ਹਰ ਸਮੇਂ ਇਹਨਾਂ ਸੜਕਾਂ ਤੇ ਹੁੰਦੇ ਹਨ| ਸਵੇਰੇ ਅਤੇ ਸ਼ਾਮ ਵੇਲੇ ਜਦੋਂ ਲੋਕਾਂ ਦੇ ਦਫਤਰ ਆਉਣ ਜਾਣ ਦਾ ਸਮਾਂ ਹੁੰਦਾ ਹੈ ਉਸ ਵੇਲੇ ਤਾਂ ਸੜਕ ਤੇ ਭੀੜ ਹੋਰ ਵੀ ਵੱਧ ਜਾਂਦੀ ਹੈ ਅਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਲੋਕਾਂ ਦੇ ਵਾਹਨ ਆਪਸ ਵਿੱਚ ਹੀ ਖਹਿੰਦੇ ਰਹਿੰਦੇ ਹਨ|
ਸਾਡੇ ਸ਼ਹਿਰ ਦੀ ਸਭ ਤੋਂ ਵੱਧ ਵਿਅਸਤ ਮੰਨੀ ਜਾਂਦੀ ਮੁੱਖ ਸੜਕ (ਜਿਹੜੀ ਸ਼ਹਿਰ ਨੂੰ ਇੱਕ ਸਿਰੇ ਤੋਂ ਦੂਜੇ ਸਿਰ ਤਕ ਜੋੜਦੀ ਹੈ) ਤੇ ਵਾਪਰਦੇ ਹਾਦਸਿਆਂ ਦੀ ਗਿਣਤੀ ਕੁੱਝ ਜਿਆਦਾ ਹੀ ਹੈ| ਹਾਲਾਂਕਿ ਇਸ ਸੜਕ ਤੇ ਚਲਦੇ ਟ੍ਰੈਫਿਕ ਦੇ ਵੱਡੇ ਬੋਝ ਕਾਰਨ ਇਸ ਸੜਕ ਤੇ ਵਾਪਰਨ ਵਾਲੇ ਜਿਆਦਾਤਰ ਹਾਦਸੇ ਬਹੁਤ ਵੱਡੇ ਨਹੀਂ ਹੁੰਦੇ ਅਤੇ ਵੱਡੀ ਗਿਣਤੀ ਵਿੱਚ ਵਾਪਰਨ ਵਾਲੇ ਇਹਨਾਂ ਛੁਟਪੁਟ ਹਾਦਸਿਆਂ ਦੀ ਪੁਲੀਸ ਕੋਲ ਸ਼ਿਕਾਇਤ ਤਕ ਨਹੀਂ ਹੁੰਦੀ, ਪਰੰਤੂ ਕਈ ਵਾਰ ਇਸ ਸੜਕ ਤੇ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ| ਦੂਜੇ ਪਾਸੇ ਸ਼ਹਿਰ ਦੇ ਅੰਬਾਂ ਵਾਲਾ ਚੌਂਕ ਅਤੇ ਕੁੰਭੜਾ ਚੌਂਕ ਦੇ ਨਾਮ ਨਾਲ ਮਸ਼ਹੂਰ ਦੋਵਾਂ ਵੱਡੇ ਚੌਂਕਾਂ ਵਿੱਚ ਅਕਸਰ ਖਤਰਨਾਕ ਹਾਦਸੇ ਵਾਪਰਦੇ ਹਨ| ਸ਼ਹਿਰ ਵਿੱਚ ਹੋਰ ਵੀ ਕਈ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਹਨ ਜਿੱਥੇ ਲਗਾਤਾਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਟ੍ਰੈਫਿਕ ਦੇ ਬੋਝ ਦੇ ਨਾਲ ਨਾਲ ਇਹਨਾਂ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ ਹੈ| ਸ਼ਹਿਰ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਣਅਧਿਕਾਰਤ ਤੌਰ ਤੇ ਚਲਣ ਵਾਲੇ ਥ੍ਰੀ ਵਹੀਲਰ ਵੀ ਲਗਾਤਾਰ ਵਾਪਰਦੇ ਸੜਕ ਹਾਦਸਿਆਂ ਲਈ ਕਾਫੀ ਹੱਦ ਤਕ ਜਿੰਮੇਵਾਰ ਸਮਝੇ ਜਾ ਸਕਦੇ ਹਨ ਜਿਹੜੇ ਸੜਕ ਦੇ ਇੱਕ ਵੱਡੇ ਹਿੱਸੇ ਵਿੱਚ ਕਾਬਜ ਹੋ ਜਾਂਦੇ ਹਨ ਅਤੇ ਇਸ ਕਾਰਣ ਆਮ ਲੋਕਾਂ ਨੂੰ ਬਹੁਤ ਸਾਵਧਾਨੀ ਨਾਲ ਸੜਕ ਤੇ ਚਲਣਾ ਪੈਂਦਾ ਹੈ|
ਸ਼ਹਿਰ ਵਿੱਚ ਸੜਕ ਹਾਦਸਿਆਂ ਦੀ ਵੱਧਦੀ ਗਿਣਤੀ ਉੱਪਰ ਕਾਬੂ ਪਾਉਣ ਲਈ ਇਹ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ| ਇਸ ਵਾਸਤੇ ਜਿੱਥੇ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਥ੍ਰੀ ਵਹੀਲਰਾਂ ਤੇ ਸਖਤੀ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਅਜਿਹੇ ਵਾਹਨ ਚਾਲਕਾਂ ਨੂੰ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੇਆਮ ਉਲੰਘਣਾ ਕਰਦੇ ਹਨ ਅਤੇ ਆਏ ਦਿਨ ਸੜਕ ਹਾਦਸਿਆਂ ਦਾ ਕਾਰਣ ਬਣਦੇ ਹਨ| ਇਸਦੇ ਨਾਲ ਨਾਲ ਸ਼ਹਿਰ ਵਿੱਚ ਚਲਣ ਵਾਲੇ ਵੱਡੇ ਵਾਹਨਾਂ (ਖਾਸ ਕਰ ਬਸਾਂ) ਦੇ ਚਾਲਕਾਂ ਲਈ ਵੀ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਇੱਕ ਮਿੱਥੀ ਹੋਈ ਰਫਤਾਰ ਤੋਂ ਤੇਜ ਬਸਾਂ ਨਾ ਚਲਾਉਣ ਅਤੇ ਪੂਰੀ ਸਾਵਧਾਨੀ ਵਰਤਣ| ਇਸਦੇ ਨਾਲ ਨਾਲ ਅਜਿਹੇ ਵੱਡੇ ਵਾਹਨਾਂ ਨੂੰ ਚਲਾਉਣ ਵਾਲੇ ਵਿਅਕਤੀਆਂ ਦੀ ਨਿਯਮਤ ਜਾਂਚ ਵੀ ਹੋਣੀ ਚਾਹੀਦੀ ਹੈ ਅਤੇ ਇਸ ਜਾਂਚ ਦੇ ਆਧਾਰ ਤੇ ਹੀ ਵਾਹਨ ਚਾਲਕਾਂ ਨੂੰ ਸ਼ਹਿਰ ਵਿੱਚ ਵਾਹਨ ਚਲਾਉਣ ਦੀ ਇਜਾਜਤ ਮਿਲਣੀ ਚਾਹੀਦੀ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਦਿਨੋਂ ਦਿਨ ਵੱਧਦੇ ਸੜਕ ਹਾਦਸਿਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਅੰਜਾਮ ਦੇਵੇ| ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸੁਰਖਿਅਤ ਸਹੂਲੀਅਤ ਮੁਹਈਆ ਕਰਵਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *