ਸ਼ਹਿਰ ਵਿੱਚ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਦਾ ਪ੍ਰਬੰਧ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਸਾਡੇ ਸ਼ਹਿਰ ਵਿੱਚ ਵੀ ਹੋਰਨਾਂ ਸ਼ਹਿਰਾਂ ਅਤੇ ਕਸਬਿਆਂ ਵਾਂਗ ਵੱਖੋ ਵੱਖਰੀਆਂ ਥਾਵਾਂ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਰੇਹੜੀਆਂ ਆਮ ਲੱਗਦੀਆਂ ਹਨ ਜਿਹਨਾਂ ਉੱਪਰ ਖਾਣ ਪੀਣ ਦਾ ਹਰ ਤਰ੍ਹਾਂ ਦਾ ਸਾਮਾਨ ਵੇਚਿਆ ਜਾਂਦਾ ਹੈ| ਸ਼ਹਿਰ ਦੀਆਂ ਸੜਕਾਂ ਕਿਨਾਰੇ, ਮਾਰਕੀਟਾਂ ਦੀਆਂ ਪਾਰਕਿੰਗਾਂ ਦੇ ਕੋਨਿਆਂ ਤੇ ਜਾਂ ਗ੍ਰੀਨ ਬੈਲਟਾਂ ਵਿੱਚ ਅਜਿਹੀਆਂ ਰੇਹੜੀਆਂ ਆਮ ਵਿਖ ਜਾਂਦੀਆਂ ਹਨ| ਇਸਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ ਵਿੱਚ ਵੀ ਅਜਿਹੇ  ਰੇਹੜੀਆਂ ਵਾਲੇ ਆਮ ਨਜਰ ਆ ਜਾਂਦੇ ਹਨ| ਚਾਟ, ਡੋਸਾ,                ਭੇਲਪੁਰੀ, ਗੋਲਗੱਪੇ, ਪਾਵ-ਭਾਜੀ, ਛੋਲੇ-ਭਟੂਰੇ, ਕੁਲਚੇ-ਛੋਲੇ, ਕੜ੍ਹੀ-ਚਾਵਲ, ਰੋਟੀ-ਸਬਜੀ, ਮੂਮੋ, ਸੂਪ, ਖਰੌੜੇ, ਆਂਡੇ, ਮਛਲੀ ਅਤੇ ਅਜਿਹਾ ਹੋਰ ਪਤਾ ਨਹੀਂ ਕਿੰਨੀ ਤਰ੍ਹਾਂ ਦਾ ਅਜਿਹਾ ਸਾਮਾਨ ਇਸੇ ਤਰ੍ਹਾਂ ਖੁਲ੍ਹੇ ਆਮ ਵੇਚਿਆ ਜਾਂਦਾ ਹੈ|
ਇਹਨਾਂ ਰੇਹੜੀਆਂ ਤੇ ਵਿਕਣ ਵਾਲਾ ਖਾਣ ਪੀਣ ਦਾ ਇਹ ਸਾਮਾਨ ਅਕਸਰ ਆਮ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ ਕਿਉਂਕਿ ਇਹਨਾਂ ਰੇਹੜੀਆਂ ਤੇ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਨਹੀਂ ਹੁੰਦੇ| ਕਿਸੇ ਪੱਕੇ ਟਿਕਾਣੇ ਤੇ ਲਗਣ ਵਾਲੀਆਂ ਇਹਨਾਂ ਰੇਹੜੀਆਂ ਦੇ ਆਸ ਪਾਸ ਵੀ ਅਕਸਰ ਗੰਦਗੀ ਖਿੱਲਰੀ ਹੁੰਦੀ ਹੈ ਪਰੰਤੂ ਇਹ ਰੇਹੜੀਆਂ ਵਾਲੇ ਇਸ ਸੰਬੰਧੀ ਪੂਰੀ ਤਰ੍ਹਾਂ ਬੇਪਰਵਾਹ ਦਿਖਦੇ ਹਨ| ਪ੍ਰਸ਼ਾਸ਼ਨ ਵਲੋਂ ਇਹਨਾਂ ਰੇਹੜੀਆਂ ਤੇ ਵੇਚੇ ਜਾਣ ਵਾਲੇ ਖਾਣ ਪੀਣ ਦੇ ਸਾਮਾਨ ਦੀ ਕੁਆਲਟੀ ਦੀ ਜਾਂਚ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ| ਇਹਨਾਂ ਰੇਹੜੀਆਂ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ  ਲੋਕਾਂ (ਜਿਹਨਾਂ ਵਿੱਚੋਂ ਜਿਆਦਾਤਰ ਪ੍ਰਵਾਸੀ ਹਨ) ਵਲੋਂ ਆਮ ਤੌਰ ਤੇ ਆਪਣੇ ਘਰਾਂ ਵਿੱਚ ਹੀ ਅਜਿਹਾ ਸਾਮਾਨ ਤਿਆਰ ਕਰਕੇ ਬਾਅਦ ਵਿੱਚ ਰੇਹੜੀਆਂ ਤੇ ਲਿਆਂਦਾ ਜਾਂਦਾ ਹੈ ਅਤੇ ਪਹਿਲਾਂ ਤੋਂ ਤਿਆਰ ਕੀਤਾ ਗਿਆ ਇਹ ਸਾਮਾਨ ਪੂਰਾ ਦਿਨ ਵਿਕਦਾ ਰਹਿੰਦਾ ਹੈ ਜਿਸਦੇ ਖਰਾਬ ਹੋਣ ਦੀ ਵੀ ਕਾਫੀ ਸੰਭਾਵਨਾ ਹੁੰਦੀ ਹੈ|
ਸ਼ਹਿਰ ਵਿੱਚ ਖੁਲ੍ਹੇਆਮ ਵਿਕਣ ਵਾਲਾ ਇਹ ਸਾਮਾਨ ਮਾਰਕੀਟਾਂ ਵਿਚਲੀਆਂ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਹੋਰਨਾਂ ਦੁਕਾਨਾਂ ਦੇ ਮੁਕਾਬਲੇ ਕਾਫੀ ਸਸਤਾ ਹੁੰਦਾ ਹੈ ਅਤੇ ਇਹਨਾਂ ਰੇਹੜੀਆਂ ਤੇ ਖਾਣ ਪੀਣ ਦਾ ਸਾਮਾਨ ਲੈਣ ਵਾਲਿਆਂ ਦੀ ਹਰ ਵੇਲੇ ਭੀੜ ਲੱਗੀ ਰਹਿੰਦੀ ਹੈ| ਇਹਨਾਂ ਰੇਹੜੀਆਂ ਤੋਂ ਸਸਤਾ ਮਾਲ ਲੈ ਕੇ ਖਾਣ ਪੀਣ ਵਾਲਿਆਂ ਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ ਕਿ ਜਿਹੜਾ ਸਾਮਾਨ ਉਹ ਖਾ ਰਹੇ ਹਨ ਉਸਦੀ ਗੁਣਵਤਾ ਦਾ ਪੱਧਰ ਕੀ ਹੈ ਅਤੇ ਉਸਨੂੰ ਕਿਹੋ ਜਿਹੀ ਥਾਂ ਤੇ ਪਕਾ ਕੇ ਲਿਆਂਦਾ ਗਿਆ ਹੈ| ਬਸ ਸਸਤੇ ਸਾਮਾਨ ਦੀ ਚਾਹਤ ਵਿੱਚ ਉਹ ਖੁਦ ਦੀ ਸਿਹਤ ਨੂੰ ਨੁਕਸਾਨ ਤਕ ਪਹੁੰਚਾਉਣ ਵਾਲਾ ਇਹ ਸਾਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ|
ਤ੍ਰਾਸਦੀ ਇਹ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਖੁਲ੍ਹੇਆਮ ਵਿਕਣ ਵਾਲਾ ਇਹ ਸਾਮਾਨ ਆਮ ਲੋਕਾਂ ਦੀ ਸਿਹਤ ਲਈ ਕਿਸ ਕਦਰ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ| ਚਾਹੀਦਾ ਤਾਂ ਇਹ ਹੈ ਕਿ ਸ਼ਹਿਰ ਵਿੱਚ ਵੇਚੇ ਜਾਣ ਵਾਲੇ ਅਜਿਹੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਦਾ ਪੂਰਾ ਪ੍ਰਬੰਧ ਹੋਵੇ ਅਤੇ ਇਸਦੇ ਨਾਲ ਨਾਲ ਇਸ ਗੱਲ ਦੀ ਜਾਂਚ ਦਾ ਵੀ ਮੁਕੰਮਲ ਪ੍ਰਬੰਧ ਹੋਵੇ ਕਿ ਜਿਹਨਾਂ ਥਾਵਾਂ ਤੇ ਇਹ ਸਾਮਾਨ ਤਿਆਰ ਕੀਤਾ ਜਾਂਦਾ ਹੈ ਉਹਨਾਂ ਥਾਵਾਂ ਤੇ ਸਾਫ ਸਫਾਈ ਦੀ ਹਾਲਤ ਕਿਹੋ ਜਿਹੀ ਹੈ, ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਹਨਾਂ ਰੇਹੜੀਆਂ ਤੇ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੇ ਮਿਆਰ ਦੀ ਜਾਂਚ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ| ਅੱਜ ਕੱਲ ਦੇ ਦੌੜਭੱਜ ਵਾਲੇ ਜੀਵਨ ਵਿੱਚ ਜਦੋਂ ਲੋਕਾਂ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਪਹਿਲਾਂ ਹੀ ਕਮਜੋਰ ਹੋ ਚੁੱਕੀ ਹੁੰਦੀ ਹੈ, ਅਜਿਹੀ ਜਾਂਚ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ ਅਤੇ ਸਿਹਤ ਵਿਭਾਗ ਵਲੋਂ ਸ਼ਹਿਰ ਵਿੱਚ ਵਿਕਣ ਵਾਲੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਕੰਮਲ ਜਾਂਚ ਦਾ ਪ੍ਰਬੰਧ ਹੋਣਾ ਚਾਹੀਦਾ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *