ਸ਼ਹਿਰ ਵਿੱਚ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੀ ਗੁਣਵਤਾ ਯਕੀਨੀ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਬੀਤੇ ਕੱਲ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਤਰ੍ਹਾਂ ਦੇ ਜਿਆਦਾ ਪਕੇ ਅਤੇ ਕਟੇ ਫਲ ਵੇਚਣ ਤੇ ਪਾਬੰਦੀ ਦੇ ਹੁਕਮ ਲਾਗੁ ਕੀਤੇ ਹਨ ਤਾਂ ਜੋ ਇਹਨਾਂ ਜਿਆਦਾ ਪਕੇ ਅਤੇ ਕਟੇ ਫਲਾਂ ਨੂੰ ਖਾਣ ਕਾਰਨ ਆਮ ਲੋਕਾ ਦੀ ਸਿਹਤ ਲੁੰ ਕੋਈ ਨੁਕਸਾਨ ਲਾ ਹੋਵੇ| ਜਾਹਿਰ ਤੋਰ ਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਸੁਆਗਤ ਯੋਗ ਹੈ ਅਤੇ ਇਸਦੇਨਾਲ ਨਾਲ ਪ੍ਰਸ਼ਾਸ਼ਨ ਵਲੋਂ ਬਾਜਾਰ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਨ ਦੀ ਗੁਣਵਤਾ ਜਾਂਚ ਦੇ ਵੀ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਵਿਕਦੇ ਮਿਲਾਵਟੀ ਅਤੇ  ਨਕਲੀ ਸਾਮਾਨ ਦੀ ਵਿਕਰੀ ਤੇ ਕਾਬੂ ਕੀਤਾ ਜਾ ਸਕੇ ਅਤੇ ਇਸ ਕਾਰਨ ਆਮ ਲੋਕਾਂ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ|
ਅੱਜਕੱਲ ਬਾਜਾਰਾਂ ਵਿੱਚ ਵਿਕਣ ਵਾਲੀ ਲਗਭਗ ਹਰੇਕ ਵਸਤੂ ਵਿੱਚ ਮਿਲਾਵਟ ਦਾ ਬੋਲਬਾਲਾ ਹੈ ਅਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਦੌਰਾਨ ਆਮ ਲੋਕਾਂ ਵਲੋਂ ਨਿੱਤ ਵਰਤੋਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਪੂਰੀ ਤਰ੍ਹਾਂ ਮਿਲਾਵਟ ਦੀ ਮਾਰ ਹੇਠ ਆ ਚੁੱਕੀਆਂ ਹਨ| ਖਾਣ ਪੀਣ ਦਾ ਅਜਿਹਾ ਮਿਲਾਵਟੀ ਜਾਂ ਨਕਲੀ ਸਾਮਾਨ ਆਮ ਲੋਕਾਂ ਦੀ ਸਿਹਤ ਉੱਪਰ ਬਹੁਤ ਮਾਰੂ ਅਸਰ ਪਾਉਂਦਾ ਹੈ| ਬਾਜਾਰ ਵਿੱਚ ਵਿਕਣ ਵਾਲੇ ਨਕਲੀ ਦੁੱਧ (ਸਿੰਥੈਟਿਕ ਦੁੱਧ) ਦੀ ਵਿਕਰੀ ਦੀਆਂ ਖਬਰਾਂ ਅੱਜ ਕੱਲ ਆਮ ਹਨ ਅਤੇ ਸਮੇਂ ਸਮੇਂ ਤੇ ਵੱਖ ਵੱਖ ਟੀ. ਵੀ. ਚੈਨਲਾਂ ਤੇ ਸਿੰਥੈਟਿਕ ਦੁੱਧ ਅਤੇ ਦੁੱਧ ਨਾਲ ਬਣਨ ਵਾਲੇ ਹੋਰ ਉਤਪਾਦਾਂ (ਪਨੀਰ, ਮੱਖਣ, ਖੋਆ, ਕ੍ਰੀਮ, ਦਹੀ, ਲੱਸੀ ਆਦਿ) ਦੇ ਉਤਪਾਦਨ ਅਤੇ ਇਹਨਾਂ ਦੀ ਵਿਕਰੀ ਸੰਬੰਧੀ ਜਿਹੜੀਆਂ ਰਿਪੋਰਟਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਉਹ ਲੂੰ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ| ਇਸਤੋਂ ਇਲਾਵਾ ਪਲਾਸਟਿਕ ਦੇ ਚਾਵਲ, ਕੈਮੀਕਲਾਂ ਨਾਲ ਬਣਇਆ ਗਿਆ ਨਕਲੀ ਮੀਟ ਅਤੇ ਨਕਲੀ ਅੰਡੇ ਵੀ ਬਾਜਾਰ ਵਿੱਚ ਵਿਕਦੇ ਹਨ| ਇੱਥੇ ਹੀ ਬਸ ਨਹੀਂ ਬਲਕਿ ਵੱਖ ਵੱਖ ਕੈਮੀਕਲਾਂ ਦੀ ਮਦਦ ਨਾਲ  ਸਬਜੀਆਂ ਅਤੇ ਫਲ ਫਰੂਟ ਤਿਆਰ ਕਰਨ ਦੀਆਂ ਖਬਰਾਂ ਵੀ ਲਗਾਤਾਰਤਾ ਵਿੱਚ ਨਸ਼ਰ ਹੁੰਦੀਆਂ ਹਨ|
ਇਸ ਤਰੀਕੇ ਨਾਲ ਨਕਲੀ ਅਤੇ ਮਿਲਾਵਟੀ ਸਾਮਾਨ ਨੂੰ ਤਿਆਰ ਕਰਨ ਅਤੇ ਉਸਨੂ ਬਾਜਾਰ ਵਿੱਚ ਵੇਚਣ ਦੀ ਕਾਰਵਾਈ ਦੇ ਪਿੱਛੇ ਅਸਲ ਵਿੱਚ ਉਹਨਾਂ ਲੋਕਾਂ ਦੀ ਮੁਨਾਫਾਖੋਰੀ ਦੀ ਹਵਸ ਹੀ ਜਿੰਮੇਵਾਰ ਹੁੰਦੀ ਹੈ ਜਿਹਨਾਂ ਵਲੋਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਆਮ ਲੋਕਾਂ ਨੂੰ ਜਹਿਰ ਤਕ ਦੇਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ| ਇਹ ਲੋਕ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਹਨ| ਜਾਹਿਰ ਤੌਰ ਤੇ ਇਸ ਤਰੀਕੇ ਨਾਲ ਨਕਲੀ ਅਤੇ ਮਲਵਟੀ ਸਮਾਨ ਦੀ ਵਿਕਰੀ ਦੀ ਇਸ ਕਾਰਵਾਈ ਲਈ ਪ੍ਰਸ਼ਸ਼ਨ ਦੀ ਅਣਗਹਿਲੀ ਵੀ ਪੁਰੀ ਤਰ੍ਹਾਂ ਜਿੰਮੇਵਾਰ ਹੁੰਦੀ ਹੈ ਜਿਸ ਵਲੋਂ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਠੀਕ ਤਰੀਕੇ ਨਾਲ ਅੰਜਾਮ ਨਹੀਂ ਦਿੱਤਾ ਜਾਂਦਾ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਜਿਹੜੇ ਆਪਣੇ ਮੁਨਾਫੇ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ| ਸਿਹਤ ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਅਨਸਰਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਏ ਅਤੇ ਇਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਇਸ ਕਾਰਵਾਈ ਦੇ ਤਹਿਤ ਬਾਜਾਰ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਗੁਣਵਤਾ ਦੀ ਜਾਂਚ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ|
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਿਹਤ ਵਿਭਾਗ ਵਲੋਂ ਅਜਿਹਾ ਮਿਲਾਵਟੀ ਸਾਮਾਨ ਵੇਚਣ ਵਾਲਿਆਂ ਦੇ ਵਿਰੁੱਧ ਕੀਤੀ ਜਾਣ ਵਾਲੀ ਇਹ ਕਾਰਵਾਈ ਪ੍ਰਭਾਵੀ ਢੰਗ ਨਾਲ ਅੰਜਾਮ ਦਿੱਤੀ ਜਾਵੇਗੀ| ਇਸ ਵਾਸਤੇ ਸ਼ਹਿਰ ਵਿੱਚ ਵੱਖ ਵੱਖ ਸਰੋਤਾਂ ਤੋਂ ਵਿਕਣ ਵਾਲੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਵਿੱਚ ਵਿਕਣ ਵਾਲਾ ਅਜਿਹਾ ਕੋਈ ਵੀ ਸਾਮਾਨ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਨਾ ਹੋਵੇ| ਮਿਲਾਵਟੀ ਸਾਮਾਨ ਦੀ ਇਸ ਸਮੱਸਿਆ ਦਾ ਮੁਕੰਮਲ ਹਲ ਕਰਨ ਲਈ ਇਸ ਕਾਰਵਾਈ ਨੂੰ ਤਿੱਖਾ ਅਤੇ ਪ੍ਰਭਾਵੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *