ਸ਼ਹਿਰ ਵਿੱਚ ਵਿਕਦੇ ਖਾਣ ਪੀਣ ਦੇ ਖੁੱਲੇ ਸਾਮਾਨ ਦੇ ਮਿਆਰ ਦੀ ਜਾਂਚ ਦਾ ਪ੍ਰਬੰਧ ਕਰੇ  ਪ੍ਰਸ਼ਾਸ਼ਨ

ਸਾਡੀ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਦੇਸ਼ ਭਰ ਵਿੱਚ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਤਹਿਤ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪੰਰਤੂ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਿ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਅਤੇ ਹੋਰਨਾਂ ਥਾਵਾਂ ਤੇ ਵਿਕਣ ਵਾਲਾ ਖਾਣ ਪੀਣ ਦਾ ਖੁੱਲਾ ਸਾਮਾਨ ਵੀ ਪੂਰੀ ਤਰ੍ਹਾਂ ਸਾਫ ਸੁਥਰੇ ਮਾਹੌਲ ਵਿਚ ਤਿਆਰ ਕਰਕੇ ਵੇਚਿਆ ਜਾ ਰਿਹਾ ਹੋਵੇ ਅਤੇ ਉਸਦੀ ਗੁਣਵਤਾ ਦਾ ਪੱਧਰ ਅਜਿਹਾ ਹੋਵੇ ਕਿ ਉਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਕੋਈ ਖਤਰਾ ਨਾ ਹੋਵੇ| ਸਿਹਤ ਵਿਭਾਗ ਵਲੋਂ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਵਿਕਣ ਵਾਲੀ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ ਦੀ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰੰਤੂ ਇਹ ਕਾਰਵਾਈ ਉੱਥੇ ਤਕ ਹੀ ਸੀਮਿਤ ਰਹਿੰਦੀ ਹੈ ਜਦੋਂਕਿ ਸ਼ਹਿਰ ਵਿੱਚ ਵਿਕਣ ਵਾਲੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਕੰਮਲ ਜਾਂਚ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਜਾਂਚ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ|
ਸ਼ਹਿਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਰੇਹੜੀਆਂ ਆਮ ਲੱਗਦੀਆਂ ਹਨ ਜਿਹਨਾਂ ਉੱਪਰ ਖਾਣ ਪੀਣ ਦਾ ਅਜਿਹਾ ਸਾਮਾਨ (ਜਿਹੜਾ ਆਮ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ) ਖੁੱਲੇ ਆਮ ਵੇਚਿਆ ਜਾਂਦਾ ਹੈ| ਇਹਨਾਂ ਰੇਹੜੀਆਂ ਉੱਪਰ ਨਾ ਤਾਂ ਸਾਫ ਸਫਾਈ ਦਾ ਲੋੜੀਂਦਾ ਪ੍ਰਬੰਧ ਹੁੰਦਾ ਹੈ ਅਤੇ ਨਾ ਹੀ ਪ੍ਰਸ਼ਾਸ਼ਨ ਵਲੋਂ ਇਹਨਾਂ ਰੇਹੜੀਆਂ ਵਾਲਿਆਂ ਵਲੋਂ ਵੇਚੇ ਜਾਣ ਵਾਲੇ ਖਾਣ ਪੀਣ ਦੇ ਸਾਮਾਨ ਦੀ ਕੁਆਲਟੀ ਦੀ ਜਾਂਚ ਦਾ ਕੋਈ ਪ੍ਰਬੰਧ ਕੀਤਾ ਜਾਂਦਾ ਹੈ| ਸ਼ਹਿਰ ਵਿੱਚ ਥਾਂ ਥਾਂ ਤੇ ਰੇਹੜੀਆਂ ਲਗਾ ਕੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਇਹਨਾਂ ਲੋਕਾਂ (ਜਿਹਨਾਂ ਵਿੱਚੋਂ ਜਿਆਦਾਤਰ ਪ੍ਰਵਾਸੀ ਹਨ) ਵਿੱਚੋਂ ਜਿਆਦਾਤਰ ਵਲੋਂ ਆਪਣੇ ਘਰਾਂ ਵਿੱਚ ਅਜਿਹਾ ਸਾਮਾਨ ਤਿਆਰ ਕਰਕੇ ਅਤੇ ਬਾਅਦ ਵਿੱਚ ਰੇਹੜੀਆਂ ਤੇ ਲਿਆ ਕੇ ਵੇਚਿਆ ਜਾਂਦਾ ਹੈ| ਇਹ ਸਾਮਾਨ ਕਿਉਂਕਿ ਮਾਰਕੀਟਾਂ ਵਿਚਲੀਆਂ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਹੋਰਨਾਂ ਦੁਕਾਨਾਂ ਦੇ ਮੁਕਾਬਲੇ ਕਾਫੀ ਸਸਤਾ ਹੁੰਦਾ ਹੈ ਇਸ ਕਾਰਨ ਇਹਨਾਂ ਰੇਹੜੀਆਂ ਤੇ ਹਰ ਵੇਲੇ ਖਾਣ ਪੀਣ ਦਾ ਸਾਮਾਨ ਲੈਣ ਵਾਲਿਆਂ ਦੀ ਭੀੜ ਵੀ ਲੱਗੀ ਰਹਿੰਦੀ ਹੈ|
ਪਾਵ-ਭਾਜੀ, ਛੋਲੇ-ਭਟੂਰੇ, ਕੁਲਚੇ-ਛੋਲੇ, ਕੜ੍ਹੀ-ਚਾਵਲ, ਰੋਟੀ-ਸਬਜੀ, ਮੂਮੋ, ਸੂਪ, ਖਰੌੜੇ, ਆਂਡੇ, ਮਛਲੀ, ਐਗ ਰੋਲ ਅਤੇ ਅਜਿਹਾ ਹੋਰ ਪਤਾ ਨਹੀਂ ਕਿੰਨੀ ਤਰ੍ਹਾਂ ਦਾ ਇਹ ਸਾਮਾਨ ਇਸੇ ਤਰ੍ਹਾਂ ਖੁਲ੍ਹੇ ਆਮ ਵੇਚਿਆ ਜਾਂਦਾ ਹੈ| ਇਹਨਾਂ ਰੇਹੜੀਆਂ ਤੋਂ ਸਸਤਾ ਮਾਲ ਲੈ ਕੇ ਖਾਣ ਪੀਣ ਵਾਲਿਆਂ ਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ ਕਿ ਜਿਹੜਾ ਸਾਮਾਨ ਉਹ ਖਰੀਦ ਰਹੇ ਹਨ ਉਸਦੀ ਗੁਣਵਤਾ ਦਾ ਪੱਧਰ ਕੀ ਹੈ ਅਤੇ ਉਸਨੂੰ ਕਿਹੋ ਜਿਹੀ ਥਾਂ ਤੇ ਪਕਾ ਕੇ ਲਿਆਂਦਾ ਗਿਆ ਹੈ| ਬਸ ਸਸਤੇ ਸਾਮਾਨ ਦੀ ਚਾਹਤ ਵਿੱਚ ਉਹ ਖੁਦ ਦੀ ਸਿਹਤ ਨੂੰ ਨੁਕਸਾਨ ਤਕ ਪਹੁੰਚਾਉਣ ਵਾਲਾ ਇਹ ਸਾਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ| ਸਥਾਨਕ ਪ੍ਰਸ਼ਾਸ਼ਨ ਵਲੋਂ ਵੀ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਖੁੱਲੇ ਆਮ ਵਿਕਣ ਵਾਲਾ ਇਹ ਸਾਮਾਨ ਆਮ ਲੋਕਾਂ ਦੀ ਸਿਹਤ ਲਈ ਕਿਸ ਕਦਰ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ|
ਚਾਹੀਦਾ ਤਾਂ ਇਹ ਹੈ ਕਿ ਸ਼ਹਿਰ ਵਿੱਚ ਵੇਚੇ ਜਾਣ ਵਾਲੇ ਅਜਿਹੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਦਾ ਪੂਰਾ ਪ੍ਰਬੰਧ ਹੋਵੇ ਅਤੇ ਇਸਦੇ ਨਾਲ ਨਾਲ  ਇਸ ਗੱਲ ਦੀ ਜਾਂਚ ਦਾ ਵੀ ਮੁਕੰਮਲ ਪ੍ਰਬੰਧ ਹੋਵੇ ਕਿ ਜਿਹਨਾਂ ਥਾਵਾਂ ਤੇ ਇਹ ਸਾਮਾਨ ਤਿਆਰ ਕੀਤਾ ਜਾਂਦਾ ਹੈ ਉਹਨਾਂ ਥਾਵਾਂ ਤੇ ਸਾਫ ਸਫਾਈ ਦੀ ਹਾਲਤ ਸੰਤੋਸ਼ਜਨਕ ਹੋਵੇ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਵੱਧਦੀ ਜਾ ਰਹੀ ਹੈ| ਪ੍ਰਸ਼ਾਸ਼ਨ ਦੀ  ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਤੇ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੇ ਮਿਆਰ ਦੀ ਜਾਂਚ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ|  ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *