ਸ਼ਹਿਰ ਵਿੱਚ ਵਿਕਦੇ ਖਾਣ ਪੀਣ ਦੇ ਸਾਮਾਨ ਦੀ ਗੁਣਵਤਾ ਜਾਂਚ ਦੇ ਪ੍ਰਬੰਧ ਕਰੇ ਪ੍ਰਸ਼ਾਸ਼ਨ

ਅੱਜਕੱਲ ਬਰਸਾਤਾਂ ਦਾ ਮੌਸਮ ਚਲ ਰਿਹਾ ਹੈ| ਬਰਸਾਤ ਅਤੇ ਹੁੰਮਸ ਭਰੇ ਇਸ ਮੌਸਮ ਵਿੱਚ ਜਿੱਥੇ ਆਮ ਲੋਕਾਂ ਦੀਆਂ ਬਿਮਾਰੀਆਂ ਨਾਲ ਲੜਣ ਵਾਲੀ ਤਾਕਤ ਘੱਟ ਜਾਂਦੀ ਹੈ ਉੱਥੇ ਖਾਣ ਪੀਣ ਦਾ ਸਾਮਾਨ ਵੀ ਛੇਤੀ ਹੀ ਖਰਾਬ ਹੋ ਜਾਂਦਾ ਹੈ ਅਤੇ ਅਜਿਹਾ ਸਾਮਾਨ ਖਾਣ ਪੀਣ ਨਾਲ ਆਮ ਲੋਕਾਂ ਦੇ ਬਿਮਾਰ ਪੈਣ ਦਾ ਖਤਰਾ ਵੀ ਬਹੁਤ ਵੱਧ ਜਾਂਦਾ ਹੈ| ਹੁਮੰਸ ਦੇ ਇਸ ਮੌਸਮ ਵਿੱਚ ਲੋਕ ਅਕਸਰ ਆਪਣੇ ਪਰਿਵਾਰ ਸਮੇਤ ਬਾਜਾਰ ਵਿੱਚ ਖਰੀਦਦਾਰੀ ਲਈ ਨਿਕਲਦੇ ਹਨ ਅਤੇ ਇਸ ਦੌਰਾਨ ਬਾਜਾਰਾਂ ਵਿੱਚ ਵਿਕਦੇ ਖਾਣ ਪੀਣ ਦੇ ਸਾਮਾਨ ਨੂੰ ਵੇਖ ਕੇ ਉਹਨਾਂ ਦਾ ਦਿਲ ਲਲਚਾਉਂਦਾ ਵੀ ਹੈ ਅਤੇ ਉਹਨਾਂ ਵਿੱਚੋਂ ਜਿਆਦਾਤਰ ਖਾਣ ਪੀਣ ਦਾ ਇਹ ਸਾਮਾਨ ਖਰੀਦ ਕੇ ਖਾਂਦੇ ਵੀ ਹਨ|
ਇਸ ਗੱਲ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਅੱਜਕੱਲ ਬਾਜਾਰ ਵਿੱਚ ਵਿਕਣ ਵਾਲੀ ਲਗਭਗ ਹਰੇਕ ਵਸਤੂ ਵਿੱਚ ਮਿਲਾਵਟ ਦਾ ਬੋਲਬਾਲਾ ਹੈ ਅਤੇ ਬਾਕੀ ਦੀ ਕਸਰ ਹੁੰਮਸ ਅਤੇ ਗਰਮੀ ਕਾਰਨ ਖਰਾਬ ਹੋਏ ਸਾਮਾਨ ਨਾਲ ਪੂਰੀ ਹੋ ਜਾਂਦੀ ਹੈ| ਦੁਕਾਨਦਾਰ ਆਪਣੀ ਕਮਾਈ ਦੇ ਚੱਕਰ ਵਿੱਚ ਖਰਾਬ ਹੋਇਆ ਇਹ ਸਮਾਨ ਵੀ ਲੋਕਾਂ ਨੂੰ ਖਿਲਾਉਂਦੇ ਰਹਿੰਦੇ ਹਨ ਅਤੇ ਇਸ ਦੂਸ਼ਿਤ ਸਾਮਾਨ ਕਾਰਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ| ਇੱਕ ਤਾਂ ਆਮ ਲੋਕਾਂ ਵਲੋਂ ਨਿੱਤ ਵਰਤੋਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਪੂਰੀ ਤਰ੍ਹਾਂ ਮਿਲਾਵਟ ਦੀ ਮਾਰ ਹੇਠ ਆ ਚੁੱਕੀਆਂ ਹਨ ਅਤੇ ਜਿਹੜੇ ਲੋਕ ਥੋੜ੍ਹਾ ਬਹੁਤ ਪਰਹੇਜ ਕਰਦੇ ਹਨ ਉਹਨਾਂ ਨੂੰ ਵੀ ਇਸ ਮਿਲਾਵਟੀ ਅਤੇ ਨਕਲੀ ਸਮਾਨ ਕਾਰਨ ਕਾਫੀ ਨੁਕਸਾਨ ਸਹਿਣਾ ਪੈਂਦਾ ਹੈ|
ਸ਼ਹਿਰ ਦੇ ਬਾਜਾਰਾਂ ਵਿੱਚ ਖੁੱਲੇਆਮ ਵਿਕਦਾ ਖਾਣ ਪੀਣ ਦਾ ਅਜਿਹਾ ਸਾਮਾਨ ਆਮ ਲੋਕਾਂ ਦੀ ਸਿਹਤ ਉੱਪਰ ਬਹੁਤ ਮਾਰੂ ਅਸਰ ਪਾਉਂਦਾ ਹੈ| ਬਾਜਾਰ ਵਿੱਚ ਵਿਕਣ ਵਾਲੇ ਨਕਲੀ ਦੁੱਧ ਦੀ ਵਿਕਰੀ ਦੀਆਂ ਖਬਰਾਂ ਅੱਜ ਕੱਲ ਆਮ ਹਨ ਅਤੇ ਹਰ ਸਾਲ ਵੱਖ ਵੱਖ ਟੀ ਵੀ ਚੈਨਲਾਂ ਤੇ ਸਿੰਥੈਟਿਕ ਦੁੱਧ ਅਤੇ ਦੁੱਧ ਨਾਲ ਬਣਨ ਵਾਲੇ ਹੋਰ ਉਤਪਾਦਾਂ (ਪਨੀਰ, ਮੱਖਣ, ਖੋਆ, ਕ੍ਰੀਮ, ਦਹੀ, ਲੱਸੀ ਆਦਿ) ਦੇ ਉਤਪਾਦਨ ਅਤੇ ਇਹਨਾਂ ਦੀ ਵਿਕਰੀ ਸੰਬੰਧੀ ਰਿਪੋਰਟਾਂ ਨਸ਼ਰ ਕੀਤੀਆਂ ਜਾਂਦੀਆਂ ਹਨ| ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਉਣ ਵਾਲੀਆਂ ਇਹ ਰਿਪੋਰਟਾਂ ਹਰ ਕਿਸੇ ਦੇ ਲੂੰ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਸਾਬਿਤ ਕਰਦੀਆਂ ਹਨ ਕਿ ਦੇਸ਼ ਭਰ ਵਿੱਚ ਨਕਲੀ ਦੁੱਧ ਅਤੇ ਮਿਠਾਈਆਂ ਦੇ ਨਾਲ ਨਾਲ ਦੁੱਧ ਦੇ ਨਕਲੀ ਉਤਪਾਦਾਂ ਦੀ ਵਿਕਰੀ ਜੋਰਾਂ ਸ਼ੋਰਾਂ ਨਾਲ ਕੀਤੀ ਜਾਂਦੀ ਹੈ|
ਸਥਾਨਕ ਸਿਹਤ ਵਿਭਾਗ ਵਲੋਂ ਹਰ ਸਾਲ ਤਿਉਹਾਰਾਂ ਦੇ ਮੌਸਮ ਵਿੱਚ ਅਜਿਹੇ ਸਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਮਿਲਾਵਟੀ ਅਤੇ ਖਰਾਬ ਸਾਮਾਨ ਦੀ ਫੜੋਫੜੀ ਕੀਤੀ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਸਾਮਾਨ ਦੀ ਵਿਕਰੀ ਤੇ ਮੁਕੰਮਲ ਰੋਕ ਨਹੀਂ ਲਗਦੀ ਅਤੇ ਇਹ ਸਾਰਾ ਕੁੱਝ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਜਿਹੜੇ ਆਪਣੇ ਮੁਨਾਫੇ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ| ਸਿਹਤ ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਅਨਸਰਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਏ ਅਤੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਇਸ ਕਾਰਵਾਈ ਨੂੰ ਸਿਰਫ ਮਿਠਾਈਆਂ ਬਣਾਉਣ ਵਾਲਿਆਂ ਅਤੇ ਹਲਵਾਈਆਂ ਤਕ ਹੀ ਸੀਮਿਤ ਨਾ ਰੱਖਿਆ ਜਾਵੇ ਬਲਕਿ ਇਸ ਕਾਰਵਾਈ ਦੇ ਤਹਿਤ ਸ਼ਹਿਰ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਗੁਣਵਤਾ ਦੀ ਜਾਂਚ ਨੂੰ ਯਕੀਨੀ ਬਣਾਇਆ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਿਹਤ ਵਿਭਾਗ ਵਲੋਂ ਅਜਿਹਾ ਸਾਮਾਨ ਵੇਚਣ ਵਾਲਿਆਂ ਦੇ ਵਿਰੁੱਧ ਕੀਤੀ ਜਾਣ ਵਾਲੀ ਇਹ ਕਾਰਵਾਈ ਪ੍ਰਭਾਵੀ ਢੰਗ ਨਾਲ ਅੰਜਾਮ ਦਿੱਤੀ ਜਾਵੇਗੀ| ਇਸ ਵਾਸਤੇ ਸ਼ਹਿਰ ਵਿੱਚ ਵੱਖ ਵੱਖ ਸਰੋਤਾਂ ਤੋਂ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਵਿੱਚ ਵਿਕਣ ਵਾਲਾ ਅਜਿਹਾ ਕੋਈ ਵੀ ਸਾਮਾਨ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਨਾ ਹੋਵੇ| ਇਸ ਸੰਬੰਧੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨੂੰ ਬਿਹਤਰ ਤਰੀਕੇ ਨਾਲ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *