ਸ਼ਹਿਰ ਵਿੱਚ ਵਿਕਦੇ ਖਾਣ ਪੀਣ ਦੇ ਗੈਰਮਿਆਰੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਸਾਡੇ ਸ਼ਹਿਰ ਦੀ ਲਗਭਗ ਹਰੇਕ ਮਾਰਕੀਟ ਵਿੱਚ ਖਾਣਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਆਮ ਹਨ ਜਿਹਨਾਂ ਉੱਪਰ ਸਾਰਾ ਦਿਨ ਖਾਣ ਪੀਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਿੱਚੋਂ ਜਿਆਦਾਤਰ ਇਹ ਸਾਮਾਨ ਆਪਣੇ ਘਰ ਤੋਂ ਜਾਂ ਕਿਸੇ ਹੋਰ ਥਾਂ ਤੋਂ ਤਿਆਰ ਕਰਕੇ ਲਿਆਉਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਵਲੋਂ ਇਹ ਸਾਮਾਨ ਆਪਣੇ ਠੀਏ ਉੱਪਰ ਲਿਆ ਕੇ ਵੇਚਿਆ ਜਾਂਦਾ ਹੈ| ਇਹਨਾਂ ਰੇਹੜੀਆਂ ਤੇ ਵਿਕਣ ਵਾਲਾ ਇਹ ਸਾਮਾਨ ਸ਼ੋਰੂਮਾਂ ਅਤੇ ਬੂਥਾਂ ਦੇ ਮੁਕਾਬਲੇ ਕਾਫੀ ਸਸਤਾ ਹੁੰਦਾ ਹੈ ਅਤੇ ਅਕਸਰ ਲੋਕ ਸਸਤੇ ਦੇ ਲਾਲਚ ਵਿੱਚ ਇਹ ਸਾਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ|
ਇਹਨਾਂ ਵਿੱਚੋਂ ਕੁੱਝ ਰੇਹੜੀਆ ਫੜੀਆਂ ਵਾਲੇ ਤਾਂ ਅਜਿਹੇ ਵੀ ਹਨ ਜਿਹਨਾਂ ਵਲੋਂ ਵੇਚਿਆ ਜਾਣ ਵਾਲਾ ਇਹ ਖਾਣ ਪੀਣ ਦਾ ਸਾਮਾਨ ਉਹਨਾਂ ਵਲੋਂ ਖੁਦ ਤਿਆਰ ਤਕ ਨਹੀਂ ਕੀਤਾ ਜਾਂਦਾ ਬਲਕਿ ਇਹ ਸਾਮਾਨ ਕਿਸੇ ਹੋਰ ਥਾਂ ਤੋਂ ਤਿਆਰ ਕਰ ਕੇ ਉਹਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ| ਸ਼ਹਿਰ ਵਿੱਚ ਮੋਮੋ ਵੇਚਣ ਵਾਲੇ ਜਿਆਦਾਤਰ ਫੜੀਆਂ ਵਾਲਿਆਂ ਨੂੰ ਇਹ ਮੋਮੇ ਉਹਨਾਂ ਦੇ ਠੀਏ ਤੇ ਹੀ ਸਪਲਾਈ ਕੀਤੇ ਜਾਂਦੇ ਹਨ| ਇਸੇ ਤਰ੍ਹਾਂ ਜਿਹੜੀ ਸੋਇਆ ਚਾਂਪ ਆਮ ਲੋਕ ਬਹੁਤ ਸਵਾਦ ਨਾਲ ਖਾਂਦੇ ਹਨ ਉਹ ਵੀ ਕਿਸੇ ਹੋਰ ਥਾਂ ਤੇ ਤਿਆਰ ਕਰਕੇ ਦੁਕਾਨਦਾਰਾਂ ਨੂੰ ਸਪਲਾਈ ਕੀਤੀ ਜਾਂਦੀ ਹੈ|
ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਆਮ ਵੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਅਜਿਹਾ ਸਾਮਾਨ ਤਿਆਰ ਕਰਨ ਵੇਲੇ ਵਰਤੀ ਜਾਂਦੀ ਲਾਪਰਵਾਹੀ ਅਤੇ ਸਾਫ ਸਫਾਈ ਦੀ ਮਾੜੀ ਹਾਲਤ ਖੁੱਲ ਕੇ ਸਾਮ੍ਹਣੇ ਆਉਂਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ| ਸ਼ਹਿਰ ਦੀਆਂ ਮਾਰਕੀਟਾਂ ਵਿੱਚ ਫੜੀਆਂ ਲਗਾ ਕੇ ਆਪਣਾ ਸਾਮਾਨ ਵੇਚਣ ਵਾਲੇ ਦੁਕਾਨਦਾਰ ਜਿੰਨਾ ਸਾਮਾਨ ਤਿਆਰ ਕਰਕੇ ਲਿਆਉਂਦੇ ਹਨ ਉਸ ਵਿੱਚੋਂ ਬਚ ਗਏ ਸਾਮਾਨ ਨੂੰ ਅਗਲੇ ਦਿਨ ਵੇਚਣ ਵਿੱਚ ਉਹ ਕੋਈ ਸੰਕੋਚ ਨਹੀਂ ਕਰਦੇ ਅਤੇ ਸ਼ਾਮ ਨੂੰ ਬਚਿਆ ਇਹ ਸਮਾਨ ਅਕਸਰ ਅਗਲੇ ਦਿਨ ਵੇਚ ਦਿੱਤਾ ਜਾਂਦਾ ਹੈ|
ਇਹਨਾਂ ਰੇਹੜੀਆਂ ਤੋਂ ਖਾਣ ਪੀਣ ਦਾ ਸਾਮਾਨ ਖਰੀਦ ਕੇ ਖਾਣ ਵਾਲੇ ਲੋਕ ਅਕਸਰ ਇਹ ਸ਼ਿਕਾਇਤ ਵੀ ਕਰਦੇ ਹਨ ਕਿ ਰੇਹੜੀਆਂ ਤੋਂ ਖਰੀਦਿਆਂ ਗਿਆ ਇਹ ਸਾਮਾਨ ਖਾਣ ਕਾਰਨ ਉਹਨਾਂ ਦਾ ਪੇਟ ਖਰਾਬ ਹੋ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਨਾ ਤਾਂ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਇਹਨਾਂ ਰੇਹੜੀਆਂ ਫੜੀਆਂ ਤੇ ਵਿਕਦੇ ਸਾਮਾਨ ਦੀ ਕੁਆਲਟੀ ਦੀ ਕੋਈ ਜਾਂਚ ਕੀਤੀ ਜਾਂਦੀ ਹੈ ਅਤੇ ਨਾ ਹੀ ਉਸ ਵਲੋਂ ਉਹਨਾਂ ਥਾਵਾਂ ਦੀ ਜਾਂਚ ਕੀਤੀ ਜਾਂਦੀ ਹੈ ਜਿੱਥੇ ਇਹ ਸਾਮਾਨ ਤਿਆਰ ਕੀਤਾ ਜਾਂਦਾ ਹੈ ਅਤੇ ਇਹਨਾਂ ਰੇਹੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਖਾਣ ਪੀਣ ਦੇ ਸਾਮਾਨ ਦੀ ਵਿਕਰੀ ਲਗਾਤਾਰ ਜਾਰੀ ਰਹਿੰਦੀ ਹੈ|
ਬਾਜਾਰ ਵਿੱਚ ਵਿਕਣ ਵਾਲਾ ਹਲਕੀ ਕੁਆਲਟੀ ਦਾ ਅਜਿਹਾ ਸਾਮਾਨ ਆਮ ਲੋਕਾਂ ਦੀ ਸਿਹਤ ਲਈ ਭਾਰੀ ਨੁਕਸਾਨ ਦਾ ਕਾਰਨ ਬਣਦਾ ਹੈ ਇਸ ਲਈ ਅਜਿਹੇ ਸਮਾਨ ਦੀ ਵਿਕਰੀ ਤੇ ਮੁਕੰਮਲ ਰੋਕ ਲਗਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਪਰੰਤੂ ਇਸਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਸ਼ਹਿਰ ਵਿੱਚ ਹੁੰਦੀ ਇਸ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਵਿੱਚ ਕਾਬੂ ਕਰਨ ਦਾ ਸਮਰਥ ਨਹੀਂ ਹੈ| ਇਸ ਕਾਰਵਾਈ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਸਰੋਤਾਂ ਤੋਂ ਵਿਕਣ ਵਾਲੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਜਾਂਚ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ ਅਤੇ ਇਸ ਸੰਬੰਧੀ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਉਹਨਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਵਿੱਚ ਵਿਕਣ ਵਾਲੇ ਅਜਿਹੇ ਖਾਣ ਪੀਣ ਦੇ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਜਿਲ੍ਹੇ ਵਿੱਚ ਵਿਕਦੇ ਖਾਣ ਪੀਣ ਦੇ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਿੰਮਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸ਼ਹਿਰ ਦੇ ਸਾਰੇ ਹੋਟਲਾਂ, ਰੈਸਟਾਰੈਂਟਾਂ, ਢਾਬਿਆਂ, ਰੇਹੜੀਆਂ ਫੜੀਆਂ ਅਤੇ ਅਜਿਹੀਆਂ ਹੋਰਨਾਂ ਥਾਵਾਂ ਤੇ ਵਿਕਦੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਕੰਮਲ ਜਾਂਚ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *