ਸ਼ਹਿਰ ਵਿੱਚ ਵਿਛਿਆ ਹੈ ਅਣਅਧਿਕਾਰਤ ਟ੍ਰੈਵਲ ਏਜੰਟਾਂ ਦਾ ਜਾਲ

ਸ਼ਹਿਰ ਵਿੱਚ ਵਿਛਿਆ ਹੈ ਅਣਅਧਿਕਾਰਤ ਟ੍ਰੈਵਲ ਏਜੰਟਾਂ ਦਾ ਜਾਲ
ਵੱਡੇ ਸ਼ੋਅਰੂਮਾਂ ਤੋਂ ਲੈ ਕੇ ਛੋਟੇ-ਛੋਟੇ ਕੈਬਿਨਾਂ ਵਿੱਚ ਵੀ ਚਲ ਰਹੇ ਹਨ ਟ੍ਰੈਵਲ ਏਜੰਟਾਂ ਦੇ ਦਫਤਰ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 21 ਜੁਲਾਈ

ਪੰਜਾਬ ਦੇ ਵਸਨੀਕਾਂ ਵਿੱਚ  ਵਿਦੇਸ਼ ਜਾ ਕੇ ਵਸਣ ਦਾ ਰੁਝਾਨ ਕੁੱਝ ਜਿਆਦਾ ਹੀ ਹੈ ਅਤੇ ਇਹੀ ਕਾਰਣ ਹੈ ਕਿ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ  ਏਜੰਟਾਂ ਦਾ ਧੰਧਾ ਵੀ ਖੂਬ ਚਲ ਰਿਹਾ ਹੈ| ਇਸ ਸੰਬੰਧੀ ਜਿੱਥੇ ਸਰਕਾਰ ਕੋਲ ਰਜਿਸਟਰਡ ਟ੍ਰੈਵਲ ਏਜੰਟਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਉੱਥੇ ਵੱਡੀ ਗਿਣਤੀ ਵਿੱਚ ਅਜਿਹੇ ਟ੍ਰੈਵਲ ਏਜੰਟ ਵੀ ਮੌਜੂਦ ਹਨ ਜਿਹੜੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਜਾਂ ਸਰਕਾਰੀ ਪ੍ਰਵਾਨਗੀ ਦੇ ਧੜ੍ਹਲੇ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ|
ਖੁਦ ਜਿਲ੍ਹਾ ਪ੍ਰਸ਼ਾਸਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਐਸ ਏ ਐਸ ਨਗਰ ਵਿੱਚ ਅਜਿਹੇ ਵੱਡੀ ਗਿਣਤੀ ਟ੍ਰੈਵਲ ਏਜੰਟ ਹਨ ਜੋ ਅਣਅਧਿਕਾਰਤ ਢੰਗ ਨਾਲ ਆਪਣੇ ਕਾਰੋਬਾਰ ਚਲਾ ਰਹੇ ਹਨ ਅਤੇ ਜਿਹਨਾਂ ਵੱਲੋਂ ਅਕਸਰ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ| ਇਸ ਸਬੰਧੀ ਜਿਹੜਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਸਿਰਫ ਅਧਿਕਾਰਤ ਟ੍ਰੈਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਅਤੇ                ਧੋਖੇਬਾਜੀ ਤੋਂ ਬਚਣ ਲਈ ਟ੍ਰੈਵਲ ਏਜੰਟਾਂ ਦੀ ਰਜਿਸਟਰੇਸ਼ਨ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ ਅਤੇ ਇਸ ਸਬੰਧੀ ਪਿਛਲੇ ਦਿਨੀਂ ਜਿਲੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਜਿਲੇ ਵਿੱਚ ਅਧਿਕਾਰਤ ਤੌਰ ਤੇ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ|
ਪੰ੍ਰਤੂ ਹਾਲਾਤ ਇਹ ਹਨ ਕਿ ਇਸ ਸੂਚੀ ਤੋਂ ਲਗਭਗ 15-20 ਗੁਣਾ ਤੱਕ ਅਜਿਹੇ ਵਿਅਕਤੀ ਟ੍ਰੇਵਲ ਏਜੰਟਾਂ ਦੇ ਕਾਰੋਬਾਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਕੰਮ ਕਰ ਰਹੇ ਹਨ| ਇਹਨਾਂ ਵਿੱਚ ਵੀਜਾ ਸਲਾਹਕਾਰ, ਆਈਲੈਟਸ ਜਾਂ ਹੋਰ ਕੋਰਸ ਕਰਵਾਉਣ ਵਾਲੇ, ਵਿਦੇਸ਼ ਵਿੱਚ ਪੜ੍ਹਾਈ ਲਈ ਸਲਾਹ ਦੇਣ ਵਾਲੇ, ਇਮੀਗ੍ਰੇਸ਼ਨ ਦਿਵਾਉਣ ਵਾਲੇ, ਟਿਕਟਿੰਗ ਦਾ ਕੰਮ ਕਰਨ ਵਾਲੇ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਕੰਮ ਨਾਲ ਜੁੜੇ ਹਰ ਵਿਅਕਤੀ ਸ਼ਾਮਿਲ ਹਨ| ਜਿਹਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਏ ਬਿਨਾ ਬਾਕਾਇਦਾ ਵੱਡੇ ਸਾਈਨ ਬੋਰਡ ਲਗਾ ਕੇ ਅਤੇ ਇਸ਼ਤਿਹਾਰਬਾਜੀ ਕਰਕੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ|
ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 (ਪੰਜਾਬ ਐਕਟ 2 ਆਫ 2013) ਦੀ ਧਾਰਾ 18 ਦੇ ਤਹਿਤ ਇਹ ਜਰੂਰੀ ਹੈ ਕਿ ਅਜਿਹਾ ਕੋਈ ਵੀ ਵਿਅਕਤੀ ਜਿਹੜਾ ਟ੍ਰੈਵਲ ਏਜੰਸੀ, ਸਲਾਹਕਾਰ ਜਾਂ ਟਿਕਟਿੰਗ  ਏਜੰਸੀਆਂ ਲਈ ਇਹ ਜਰੂਰੀ ਹੈ ਕਿ ਉਹ ਇਸ ਸੰਬੰਧੀ ਤੈਅ ਸ਼ਰਤਾਂ ਪੂਰੀਆਂ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ| ਅਜਿਹੇ ਕਿਸੇ ਵਿਅਕਤੀ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਨਾਲ ਕੋਈ ਠੱਗੀ ਜਾਂ ਧੋਖਾਧੜੀ ਨਾ ਕੀਤੀ ਜਾਵੇ| ਇਸ ਵਾਸਤੇ ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਵਿੱਚ ਅਜਿਹੀਆਂ ਕਈ ਗੱਲਾਂ ਸ਼ਾਮਿਲ ਹਨ ਅਤੇ ਉਸਤੋਂ ਬਾਅਦ ਸੰਬੰਧਿਤ ਅਧਿਕਾਰੀ ਵੱਲੋਂ ਰਜਿਸਟ੍ਰੇਸ਼ਨ ਦੀ ਅਮਲ ਮੁਕੰਮਲ ਕਰਕੇ ਉਸਨੂੰ ਅਧਿਕਾਰਤ ਕੀਤਾ ਜਾਂਦਾ ਹੈ| ਇਹਨਾਂ ਵਿਅਕਤੀਆਂ ਦਾ ਸਰਕਾਰ ਕੋਲ ਪੂਰਾ ਰਿਕਾਰਡ ਹੋਣ ਕਾਰਨ ਇਸ ਗੱਲ ਦੀ ਸੰਭਾਵਨਾ ਕਾਫੀ ਘੱਟ ਜਾਂਦੀ ਹੈ ਕਿ ਉਸ ਵਲੋਂ ਆਪਣੇ ਕੋਲ ਆਉਣ ਵਾਲੇ ਗ੍ਰਾਹਕਾਂ ਨਾਲ ਕੋਈ ਠੱਗੀ ਜਾਂ ਧੋਖਾਧੜੀ ਕੀਤੀ ਜਾਵੇਗੀ ਪ੍ਰੰਤੂ ਦੂਜੇ ਪਾਸੇ ਅਜਿਹੇ ਵਿਅਕਤੀਆਂ (ਜਿਹੜੇ ਆਪਣੇ ਪੱਧਰ ਤੇ ਦਫਤਰ ਖੋਲ ਲੈਂਦੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਨਾਲ ਠੱਗੀ ਕਰਦੇ ਹਨ) ਦੇ ਖਿਲਾਫ ਇਸ ਸਬੰਧੀ ਸ਼ਿਕਾਇਤਾਂ ਆਮ ਹਨ| ਇਸ ਸਬੰਧੀ ਗੱਲ ਕਰਨ ਤੇ ਅਧਿਕਾਰਤ ਤੌਰ ਤੇ ਟ੍ਰੈਵਲ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦਸਿਆ ਕਿ ਸਿਰਫ ਮੁਹਾਲੀ ਸ਼ਹਿਰ ਵਿੱਚ ਹੀ ਇਸ ਵੇਲੇ 1200 ਦੇ ਕਰੀਬ ਅਜਿਹੇ ਅਣਅਧਿਕਾਰਤ ਏਜੰਟ ਕੰਮ ਕਰ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹਨਾਂ ਅਣਅਧਿਕਾਰਤ ਏਜੰਟਾਂ ਦਾ ਠੱਗੀ ਦਾ ਕਾਰੋਬਾਰ ਵੱਧ ਫੁੱਲ ਰਿਹਾ ਹੈ| ਉਹ ਕਹਿੰਦੇ ਹਨ ਕਿ ਹੋਰ ਤਾਂ ਹੋਰ ਆਈਲੈਟਸ ਕਰਵਾਉਣ ਦੇ ਨਾਮ ਤੇ ਇੰਸਟੀਚਿਊਟ ਚਲਾਉਣ ਦੀ ਆੜ ਵਿੱਚ ਵੀ ਇਹਨਾਂ ਵਿਅਕਤੀਆਂ ਵੱਲੋਂ ਆਪਣਾ ਕਾਰੋਬਾਰ ਚਲਾਇਆ ਜਾਂਦਾ ਹੈ ਅਤੇ ਪ੍ਰਸ਼ਾਸ਼ਨ ਨੂੰ ਇਹਨਾਂ ਤਮਾਮ ਲੋਕਾਂ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹਦੀ  ਹੈ|

ਪ੍ਰਸ਼ਾਸ਼ਨ ਤਿਆਰ ਕਰ ਰਿਹਾ ਹੈ ਅਣਅਧਿਕਾਰਤ ਏਜੰਟਾਂ ਦਾ ਰਿਕਾਰਡ: ਡੀ ਸੀ

ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਕਹਿੰਦੇ ਹਨ ਕਿ ਪ੍ਰਸ਼ਾਸ਼ਨ ਵੱਲੋਂ ਅਣਅਧਿਕਾਰਤ ਤਰੀਕੇ ਨਾਲ ਟ੍ਰੈਵਲ  ਏਜੰਟ ਦਾ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਜਿਲ੍ਹੇ ਦੇ ਐਸ ਐਸ ਪੀ ਨੂੰ ਬਣਦੀ ਕਾਰਵਾਈ ਕਰਨ ਦੀ ਹਿਦਾਇਤ ਵੀ ਦਿਤੀ ਗਈ ਹੈ ਅਤੇ ਅਣਅਧਿਕਾਰਤ ਤਰੀਕੇ ਨਾਲ ਇਹ ਕੰਮ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ|

ਪੁਲੀਸ ਕਰੇਗੀ ਸਖਤ ਕਾਰਵਾਈ: ਐਸ ਐਸ ਪੀ

ਜਿਲੇ ਦੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਸੰਪਰਕ ਕਰਨ ਤੇ ਕਿਹਾ ਕਿ ਪੁਲੀਸ ਵੱਲੋਂ  ਅਣਅਧਿਕਾਰਤ ਤਰੀਕੇ ਨਾਲ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਦੇ ਖਿਲਾਫ ਸ਼ਿਕੰਜਾ ਕਸਿਆ ਜਾਵੇਗਾ ਅਤੇ ਇਸ ਸੰਬੰਧੀ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕਰਕੇ ਇਹਨਾਂ ਲੋਕਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆਂਦਾ ਜਾਵੇਗਾ|

Leave a Reply

Your email address will not be published. Required fields are marked *