ਸ਼ਹਿਰ ਵਿੱਚ ਵੱਧਦੇ ਨਾਜ਼ਾਇਜ ਕਬਜ਼ਿਆਂ ਨੂੰ  ਰੋਕਣ ਵਿਚ ਨਾਕਾਮ ਕਿਉਂ ਹੈ ਨਗਰ ਨਿਗਮ?

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਤਰਜ ਤੇ ਉਸਾਰੇ ਗਏ ਸਾਡੇ ਸ਼ਹਿਰ ਨੂੰ ਭਾਵੇਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਇੱਕ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਵੀ ਹਾਸਿਲ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਥਾਂ ਥਾਂ ਤੇ ਹੋਏ ਨਾਜਾਇਜ ਕਬਜਿਆਂ ਦੀ ਸਮੱਸਿਆ ਅਜਿਹੀ ਹੈ ਜਿਹੜੀ ਸ਼ਹਿਰ ਦੀ ਦਿੱਖ ਨੂੰ ਤਾਂ ਖਰਾਬ ਕਰਦੀ ਹੀ ਹੈ, ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਵੀ ਬਣਦੀ ਹੈ| ਸ਼ਹਿਰ ਦੀ ਹਾਲਤ ਤਾਂ ਇਹ ਹੈ ਕਿ ਇਸਦੇ ਜਿਸ ਖੇਤਰ ਵੱਲ ਵੀ ਨਿਗਾਹ ਮਾਰੋ ਹਰ ਪਾਸੇ ਹੀ ਇਹਨਾਂ ਨਾਜ਼ਾਇਜ ਕਬਜਿਆਂ ਦੀ ਭਰਮਾਰ ਦਿਸਦੀ ਹੈ|
ਸਰਕਾਰੀ ਜਮੀਨ ਤੇ ਨਾਜ਼ਾਇਜ ਕਬਜ਼ੇ ਜਮਾ ਕੇ ਆਪਣਾ ਕੰਮ ਕਾਜ ਕਰਨ ਵਾਲੇ ਇਹਨਾਂ ਲੋਕਾਂ ਨੇ ਫੁੱਟਪਾਥਾਂ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਦੇ ਨਾਲ ਨਾਲ ਪਾਰਕਾਂ ਅਤੇ ਹੋਰਨਾਂ ਥਾਵਾਂ ਉਪਰ ਨਾਜ਼ਾਇਜ ਕਬਜ਼ੇ ਕਰ ਲਏ ਹਨ ਅਤੇ ਇਨ੍ਹਾਂ ਨਾਜ਼ਾਇਜ ਕਬਜ਼ਿਆਂ ਨੂੰ ਰੋਕਣ ਵਿੱਚ ਨਗਰ ਨਿਗਮ ਮੁਹਾਲੀ ਪੂਰੀ ਤਰਾਂ ਨਾਕਾਮ ਸਾਬਿਤ ਹੋਇਆ ਹੈ| ਨਗਰ ਨਿਗਮ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਨਿਗਮ ਵਲੋਂ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਅਜਿਹੇ ਨਾਜ਼ਾਇਜ ਰੇਹੜੀ ਫੜੀ ਵਾਲਿਆਂ ਨੂੰ ਸਖਤੀ ਨਾਲ ਰੋਕਿਆ ਜਾਂਦਾ ਹੈ ਅਤੇ ਅਜਿਹੇ ਵਿਅਕਤੀਆਂ ਦਾ ਸਾਮਾਨ ਵੀ ਜਬਤ ਕਰ ਲਿਆ ਜਾਂਦਾ ਹੈ ਪਰੰਤੂ ਨਿਗਮ ਦੇ ਇਹ ਦਾਅਵੇ ਪੂਰੀ ਤਰ੍ਹਾਂ ਕਾਗਜੀ ਹੀ ਹਨ ਅਤੇ ਇਹ ਨਾਜਾਇਜ ਕਬਜੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ|
ਸ਼ਹਿਰ ਵਿੱਚ ਥਾਂ ਥਾਂ ਤੇ ਹੋਏ ਨਾਜਾਇਜ ਕਬਜੇ ਤਾਂ ਹਨ ਹੀ, ਹੁਣ ਤਾਂ ਸ਼ਹਿਰ ਦੇ ਜਿਆਦਾਤਰ ਪਾਰਕਾਂ (ਜਿਹਨਾਂ ਵਿੱਚ ਲੋਕ ਤੜਕਸਾਰ ਸੈਰ ਕਰਨ ਲਈ ਪਹੁੰਚਦੇ ਹਨ) ਦੇ ਬਾਹਰਵਾਰ ਵੀ ਅਜਿਹੇ ਕਈ ਕਬਜੇ ਨਜਰ ਆਉਣ ਲੱਗ ਪਏ ਹਨ| ਵੱਖ ਵੱਖ ਕੰਪਨੀਆਂ ਦਾ ਸਾਮਾਨ ਵੇਚਣ ਵਾਲੇ, ਮੋਟਾਪਾ ਘਟਾਉਣ ਦੀ ਇਸ਼ਤਿਹਾਰਬਾਜੀ ਕਰਨ ਵਾਲੇ ਅਤੇ ਜੂਸ ਵੇਚਣ ਵਾਲੇ ਤੜਕਸਾਰ ਹੀ ਇਹਨਾਂ ਪਾਰਕਾਂ ਦੇ ਅੰਦਰ ਅਤੇ ਬਾਹਰ ਆਪਣੇ ਕਬਜੇ ਜਮਾ ਲੈਂਦੇ ਹਨ| ਇਹ ਲੋਕ ਰੋਜਾਨਾ ਸਵੇਰੇ ਇਹਨਾਂ ਪਾਰਕਾਂ ਦੇ ਬਾਹਰਵਾਰ ਆਪਣਾ ਤਾਮਝਾਮ ਲੈ ਕੇ ਪਹੁੰਚ ਜਾਂਦੇ ਹਨ ਅਤੇ ਇਹਨਾਂ ਵਲੋਂ ਪਾਰਕਾਂ ਵਿੱਚ ਦਾਖਲ ਹੋਣ ਵਾਲੇ ਗੇਟ ਦੇ ਨੇੜੇ ਹੀ ਕਿਸੇ ਖਾਲੀ ਥਾਂ ਤੇ ਆਪਣਾ ਤਾਮਝਾਮ ਸਜਾ ਲਿਆ ਜਾਂਦਾ ਹੈ| ਇਹ ਵਿਅਕਤੀ 9 ਵਜੇ ਦੇ ਆਸਪਾਸ ਆਪਣੀ ਇਸ ਰੇਹੜੀਨੁਮਾ ਦੁਕਾਨ ਦਾ ਸਾਰਾ ਤਾਮ-ਝਾਮ ਸਮੇਟ ਕੇ ਗਾਇਬ ਵੀ ਹੋ ਜਾਂਦੇ ਹਨ ਅਤੇ ਨਗਰ ਨਿਗਮ ਨੂੰ ਤਾਂ ਸ਼ਾਇਦ ਇਸਦੀ ਜਾਣਕਾਰੀ ਤਕ ਨਹੀਂ ਹੈ|
ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਅਜਿਹੇ ਅਣਅਧਿਕਾਰਤ ਟੈਕਸੀ ਸਟੈਂਡ ਵੀ ਹੋਂਦ ਵਿੱਚ ਆ ਗਏ ਹਨ ਜਿਹਨਾਂ ਦੀਆਂ ਦਰਜਨਾਂ ਦੇ ਹਿਸਾਬ ਨਾਲ ਖੜ੍ਹਣ ਵਾਲੀਆਂ ਗੱਡੀਆਂ ਦੇ ਖੜ੍ਹਣ ਤੋਂ ਬਾਅਦ ਬਾਜਾਰ ਵਿੱਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਲਈ ਪਾਰਕਿੰਗ ਦੀ ਥਾਂ ਹੀ ਨਹੀਂ ਬਚਦੀ| ਨਗਰ ਨਿਗਮ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਅਮਲੇ ਨੂੰ ਇਹਨਾਂ ਟੈਕਸੀ ਸਟੈਂਡਾਂ ਦੇ ਨਾਜਾਇਜ ਕਬਜੇ ਜਾਂ ਤਾਂ ਨਜਰ ਹੀ ਨਹੀਂ ਆਉਂਦੇ ਜਾਂ ਫਿਰ ਉਸ ਵਲੋਂ ਜਾਣ ਬੁੱਝ ਕੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ|
ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਸੜਕਾਂ ਅਤੇ ਪਾਰਕਾਂ ਦੇ ਕਿਨਾਰੇ ਰੇਹੜੀ ਫੜੀ ਵਾਲਿਆਂ, ਚਾਹ ਵੇਚਣ ਵਾਲਿਆਂ, ਬੀੜੀ ਸਿਗਰਟ ਵੇਚਣ ਵਾਲਿਆਂ ਅਤੇ ਸਾਈਕਲਾਂ-ਸਕੂਟਰਾਂ ਨੂੰ ਪੈਂਚਰ ਆਦਿ ਲਗਾਉਣ ਵਾਲਿਆਂ ਵਲੋਂ ਵੱਡੀ ਗਿਣਤੀ ਨਾਜ਼ਾਇਜ ਕਬਜ਼ੇ ਕੀਤੇ ਹੋਏ ਹਨ ਜਿੱਥੇ ਇਹ ਲੋਕ ਸਾਰਾ ਦਿਨ ਆਪਣਾ ਕੰਮ ਕਾਜ ਕਰਦੇ ਹਨ ਅਤੇ ਮੋਟੀ ਕਮਾਈ ਕਰਦੇ ਹਨ| ਪਰੰਤੂ ਪਤਾ ਨਹੀਂ ਕੀ ਗੱਲ ਹੈ ਕਿ ਨਗਰ ਨਿਗਮ ਦਾ ਇਸ ਪਾਸੇ ਧਿਆਨ ਹੀ ਨਹੀਂ ਜਾਂਦਾ|
ਸਥਾਨਕ ਨਗਰ ਨਿਗਮ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਇਹਨਾਂ ਨਾਜ਼ਾਇਜ ਕਬਜ਼ਿਆਂ ਵਿਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ| ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸ਼ਹਿਰ ਵਿੱਚ ਥਾਂ-ਥਾਂ ਹੋਏ ਨਾਜ਼ਾਇਜ ਕਬਜ਼ੇ ਹਟਾਉਣ ਨਈ ਲਗਾਤਾਰ ਕਾਰਵਾਈ ਕੀਤੀ ਜਾਵੇ| ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਸ਼ਹਿਰ ਵਿੱਚ ਹੋਏ ਨਾਜਾਇਜ ਕਬਜ਼ਿਆਂ ਵਿਰੁੱਧ ਵਿਸ਼ੇਸ਼ ਮੁਹਿਮ ਚਲਾਉਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *