ਸ਼ਹਿਰ ਵਿੱਚ ਵੱਧ ਗਈ ਹੈ ਮੰਗਤਿਆਂ ਦੀ ਗਿਣਤੀ, ਹਰ ਚੌਂਕ ਅਤੇ ਮਾਰਕੀਟ ਵਿੱਚ ਸਾਰਾ ਦਿਨ ਭੀਖ ਮੰਗਦੇ ਹਨ ਮੰਗਤੇ

ਸ਼ਹਿਰ ਵਿੱਚ ਵੱਧ ਗਈ ਹੈ ਮੰਗਤਿਆਂ ਦੀ ਗਿਣਤੀ, ਹਰ ਚੌਂਕ ਅਤੇ ਮਾਰਕੀਟ ਵਿੱਚ ਸਾਰਾ ਦਿਨ ਭੀਖ ਮੰਗਦੇ ਹਨ ਮੰਗਤੇ
ਸ਼ਹਿਰ ਵਿੱਚ ਮੰਗਤਿਆਂ ਦਾ ਵਿਚਰ ਰਿਹਾ ਹੈ ਸੰਗਠਿਤ ਗਿਰੋਹ : ਜਥੇ. ਕੁੰਭੜਾ
ਐਸ ਏ ਐਸ ਨਗਰ, 6 ਦਸੰਬਰ (ਸ.ਬ.) ਸ਼ਹਿਰ ਵਿੱਚ ਮੰਗਤਿਆਂ ਦੀ ਗਿਣਤੀ ਵਿੱਚ ਅਚਾਨਕ ਭਾਰੀ ਵਾਧਾ ਹੋ ਗਿਆ ਹੈ ਅਤੇ ਸ਼ਹਿਰ ਦੀ ਹਰ ਮਾਰਕੀਟ, ਹਰ ਚਂੌਕ ਅਤੇ ਹਰ ਲਾਈਟ ਪੁਆਂਇੰਟ ਉਪਰ ਵੱਡੀ ਗਿਣਤੀ ਵਿੱਚ ਭੀਖ ਮੰਗਣ ਵਾਲੇ ਅਜਿਹੇ ਵਿਅਕਤੀ ਦਿਖਾਈ ਦਿੰਦੇ ਹਨ| ਇਹਨਾਂ ਮੰਗਤਿਆਂ ਵਿੱਚ ਜਿੱਥੇ ਛੋਟੇ ਛੋਟੇ ਬੱਚੇ ਵੀ ਹੁੰਦੇ ਹਨ ਉੱਥੇ ਇਹਨਾਂ ਵਿੱਚ ਜਵਾਨ ਔਰਤਾਂ ਵੀ ਹਨ, ਜਿਹਨਾਂ ਨੇ ਗੋਦੀ ਵਿੱਚ ਛੋਟੇ ਜਿਹੇ ਬੱਚੇ ਚੁੱਕੇ ਹੁੰਦੇ ਹਨ|
ਸ਼ਹਿਰ ਦੇ ਕਈ ਚੌਂਕਾਂ ਵਿੱਚ ਤਾਂ ਬੱਚੇ ਗੁਬਾਰੇ ਅਤੇ ਹੋਰ ਸਮਾਨ ਵੇਚਣ ਦੇ ਨਾਮ ਉਪਰ ਵੀ ਭੀਖ ਮੰਗਦੇ ਦਿਖਾਈ ਦਿੰਦੇ ਹਨ| ਜਦੋਂ ਵੀ ਲਾਲ ਬੱਤੀ ਹੋਣ ਕਾਰਨ ਵਾਹਨ ਚੌਂਕ ਵਿੱਚ ਖੜਦੇ ਹਨ ਤਾਂ ਇਕ ਦਮ ਹਰ ਪਾਸਿਓਂ ਮੰਗਤਿਆਂ ਦੀ ਟੋਲੀ ਵਾਹਨਾਂ ਦੇ ਆਲੇ ਦੁਆਲੇ ਇਕੱਠੀ ਜਾਂਦੀ ਹੈ ਅਤੇ ਵਾਹਨ ਚਾਲਕਾਂ ਤੋਂ ਭੀਖ ਮੰਗਣੀ ਸ਼ੁਰੂ ਕਰ ਦਿੰਦੀ ਹੈ| ਅਕਸਰ ਲੋਕ ਇਹਨਾਂ ਮੰਗਤਿਆਂ ਦੀ ਹਾਲਤ ਉਪਰ ਤਰਸ ਖਾ ਕੇ ਇਹਨਾਂ ਨੂੰ ਪੈਸੇ ਦੇ ਦਿੰਦੇ ਹਨ| ਇਸੇ ਤਰ੍ਹਾਂ ਸ਼ਹਿਰ ਦੀ ਹਰ ਮਾਰਕੀਟ ਵਿੱਚ ਇਹਨਾਂ ਮੰਗਤਿਆਂ ਨੇ ਪੱਕੇ ਅੱਡੇ ਬਣਾਏ ਹੋਏ ਹਨ| ਵੱਖ ਵੱਖ ਮਾਰਕੀਟਾਂ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਅਤੇ ਹਲਵਾਈਆਂ ਤੇ ਢਾਬਿਆਂ ਦੇ ਸਾਹਮਣੇ ਤਾਂ ਅਨੇਕਾਂ ਮੰਗਤੇ ਪੱਕੇ ਰੂਪ ਵਿੱਚ ਬੈਠੇ ਰਹਿੰਦੇ ਹਨ ਜੋ ਕਿ ਭੀਖ ਵਿੱਚ ਪੈਸਿਆਂ ਦੇ ਨਾਲ ਨਾਲ ਖਾਣਾ ਅਤੇ ਹੋਰ ਖਾਣ ਪੀਣ ਦੀਆਂ ਚੀਜਾਂ ਵੀ ਮੰਗਦੇ ਰਹਿੰਦੇ ਹਨ|
ਇਹਨਾਂ ਮੰਗਤਿਆਂ ਦੀ ਖਸਤਾਹਾਲ ਹਾਲਤ ਵੇਖ ਕੇ ਅਤੇ ਇਹਨਾਂ ਉੱਪਰ ਤਰਸ ਖਾ ਕੇ ਆਮ ਸ਼ਹਿਰਵਾਸੀ ਖਾਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਇਹਨਾਂ ਨੂੰ ਪੈਸੇ ਵੀ ਦਿੰਦੇ ਹਨ ਅਤੇ ਇਹਨਾਂ ਮੰਗਤਿਆਂ ਨੂੰ ਖਾਣ ਪੀਣ ਦਾ ਸਾਮਾਨ ਵੀ ਦਿਵਾ ਦਿੰਦੇ ਹਨ| ਕਈ ਦਾਨੀ ਸੱਜਣ ਤਾਂ ਇਹਨਾਂ ਮੰਗਤਿਆਂ ਨੂੰ ਸਰਦੀ ਤੋਂ ਬਚਣ ਲਈ ਕੰਬਲ ਅਤੇ ਹੋਰ ਮੋਟੇ ਕਪੜੇ ਵੀ ਦਾਨ ਕਰਦੇ ਹਨ ਪਰ ਕੁਝ ਸਮੇਂ ਬਾਅਦ ਇਹਨਾਂ ਮੰਗਤਿਆਂ ਵਲੋਂ ਇਹ ਸਮਾਨ ਪਤਾ ਨਹੀਂ ਕਿਸ ਥਾਂ ਲੁਕਾ ਦਿੱਤਾ ਜਾਂਦਾ ਹੈ ਅਤੇ ਪਹਿਲਾਂ ਵਾਂਗ ਫਟੇਹਾਲ ਹਾਲਤ ਬਣਾ ਕੇ ਭੀਖ ਮੰਗਦੇ ਰਹਿੰਦੇ ਹਨ| ਇਹਨਾਂ ਵਿੱਚੋਂ ਕੁੱਝ ਮੰਗਤੇ ਤਾਂ ਅਜਿਹੇ ਹਨ ਜਿਹੜੇ ਰਾਤ ਸਮੇਂ ਪਾਰਕਾਂ ਜਾਂ ਹੋਰ ਖਾਲੀ ਥਾਵਾਂ ਉਪਰ ਸ਼ਰਾਬ ਅਤੇ ਹੋਰ ਨਸ਼ੇ ਕਰਦੇ ਹੋਏ ਅਤੇ ਚਿਕਨ ਆਦਿ ਖਾਂਦੇ ਵੇਖੇ ਜਾ ਸਕਦੇ ਹਨ|
ਸ਼ਹਿਰਵਾਸੀ ਤਾਂ ਇਹ ਵੀ ਕਹਿੰਦੇ ਹਨ ਕਿ ਇਹਨਾਂ ਮੰਗਤਿਆਂ ਦਾ ਸੰਗਠਿਤ ਗਿਰੋਹ ਹੈ ਜਿਸ ਵਲੋਂ ਇਹਨਾਂ ਮੰਗਤਿਆਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਭੀਖ ਮੰਗਣ ਲਈ ਭੇਜਿਆ ਜਾਂਦਾ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਉਸ ਥਾਂ ਤੇ ਭੀਖ ਮੰਗਣ ਜਾਵੇ ਤਾਂ ਇਹ ਮੰਗਤੇ ਉਸ ਨੂੰ ਭਜਾ ਦਿੰਦੇ ਹਨ| ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਐਸ ਏ ਐਸ ਨਗਰ (ਸ਼ਹਿਰੀ) ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੱਸਦੇ ਹਨ ਕਿ ਰੋਜਾਨਾ ਸਵੇਰ ਵੇਲੇ ਇਹ ਮੰਗਤੇ ਸੈਕਟਰ 69 ਦੇ ਸਾਹਮਣੇ (ਜਿਥੇ ਟਰੱਕ ਖੜ੍ਹਦੇ ਹਨ) ਇਕੱਠੇ ਹੁੰਦੇ ਹਨ ਅਤੇ ਉਥੇ ਇਹਨਾਂ ਮੰਗਤਿਆਂ ਦੇ ਲੀਡਰਾਂ ਵਲੋਂ ਇਹਨਾਂ ਮੰਗਤਿਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਕਿ ਕਿਸ ਮੰਗਤੇ ਨੇ ਇਸ ਸ਼ਹਿਰ ਦੇ ਕਿਸ ਚੌਂਕ ਵਿੱਚ ਜਾ ਕੇ ਭੀਖ ਮੰਗਣੀ ਹੈ| ਇਸ ਤੋਂ ਇਹ ਸਾਰੇ ਆਪੋ ਆਪਣੀ ਡਿਊਟੀ ਅਨੁਸਾਰ ਨਿਸ਼ਚਿਤ ਕੀਤੀਆਂ ਥਾਂਵਾਂ ਉਪਰ ਪਹੁੰਚ ਜਾਂਦੇ ਹਨ ਅਤੇ ਫਿਰ ਸਾਰਾ ਦਿਨ ਉਸੇ ਥਾਂ ਤੇ ਭੀਖ ਮੰਗਦੇ ਰਹਿੰਦੇ ਹਨ|
ਉਹਨਾਂ ਕਿਹਾ ਕਿ ਸਾਡੇ ਸ਼ਹਿਰ ਵਿੱਚ ਭੀਖ ਮੰਗਣ ਵਾਲੇ ਇਹ ਮੰਗਤੇ ਪੰਜਾਬ ਦੇ ਮੂਲ ਵਸਨੀਕ ਨਹੀਂ ਹਨ ਬਲਕਿ ਇਹ ਸਾਰੇ ਵਿਅਕਤੀ ਹੋਰਨਾਂ ਸੂਬਿਆਂ ਤੋਂ ਆਏ ਹੋਏ ਹਨ ਅਤੇ ਇਹਨਾਂ ਨੂੰ ਉਹਨਾਂ ਦੇ ਮੂਲ ਸੂਬਿਆਂ ਵਿੱਚ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਪੁਲੀਸ ਤੇ ਪ੍ਰਸ਼ਾਸਨ ਨੂੰ ਇਹਨਾਂ ਮੰਗਤਿਆਂ ਨਾਲ ਸਖਤੀ ਨਾਲ ਨਿਪਟਣਾ ਚਾਹੀਦਾ ਹੈ|

Leave a Reply

Your email address will not be published. Required fields are marked *