ਸ਼ਹਿਰ ਵਿੱਚ ਸ਼ਰੇਆਮ ਵਿਕ ਰਹੀਆਂ ਨੇ ਗੈਰਮਿਆਰੀ ਤੇ ਅਣਢਕੀਆਂ ਚੀਜਾਂ

ਸ਼ਹਿਰ ਵਿੱਚ ਸ਼ਰੇਆਮ ਵਿਕ ਰਹੀਆਂ ਨੇ ਗੈਰਮਿਆਰੀ ਤੇ ਅਣਢਕੀਆਂ ਚੀਜਾਂ
ਖੁਲ੍ਹੇਆਮ ਵਿਕਦੇ ਹਨ ਅਧਪਕੇ ਤੇ ਮਸਾਲੇ ਨਾਲ ਪਕਾਏ ਫਲ
ਐਸ ਏ ਐਸ ਨਗਰ, 17 ਮਾਰਚ (ਸ.ਬ.) ਸ਼ਹਿਰ ਵਿਚ ਵੱਖ ਵੱਖ ਥਾਂਵਾਂ ਉਪਰ ਲੱਗੀਆਂ ਰੇਹੜੀਆਂ ਫੜੀਆਂ ਅਤੇ ਅਨੇਕਾਂ ਹੀ ਦੁਕਾਨਾਂ ਉੱਪਰ ਜਿੱਥੇ ਖਾਣ ਪੀਣ ਦਾ ਸਮਾਨ ਅਣਢੱਕਿਆ ਅਤੇ ਗੈਰਮਿਆਰੀ ਵੇਚਿਆ ਜਾ ਰਿਹਾ ਹੈ, ਉੱਥੇ ਹੀ ਵੱਖ ਵੱਖ ਥਾਵਾਂ ਉੱਪਰ ਵੇਚੇ ਜਾ ਰਹੇ ਫਲ ਵੀ ਅਧਪੱਕੇ ਜਾਂ ਮਸਾਲੇ ਨਾਲ ਪਕਾਏ ਹੋਏ ਹੀ ਵੇਚੇ ਜਾ ਰਹੇ ਹਨ| ਇਸ ਤੋਂ ਂਇਲਾਵਾ ਕਈ ਫਲਾਂ ਨੂੰ ਤਾਂ ਸੋਹਣੇ ਬਣਾਉਣ ਲਈ ਉਹਨਾਂ ਨੂੰ ਸ਼ਂੈਪੂ ਵਾਲੇ ਪਾਣੀ ਵਿਚ ਵੀ ਧੋਤਾ ਜਾ ਰਿਹਾ ਹੈ, ਜਿਸ ਕਾਰਨ ਇਹ ਫਲ ਸਿਹਤ ਲਈ ਹਾਨੀਕਾਰਕ ਬਣ ਜਾਂਦੇ ਹਨ| ਇਸ ਤਰ੍ਹਾਂ ਆਮ ਲੋਕਾਂ ਦੀ ਸਿਹਤ ਨਾਲ ਖੁਲ੍ਹਾ ਖਿਲਵਾੜ ਹੋ ਰਿਹਾ ਹੈ ਪਰ ਇਸਦੇ ਬਾਵਜੂਦ ਪ੍ਰਸ਼ਾਸ਼ਨ ਗੂੜੀ ਨੀਂਦ ਸੁੱਤਾ ਪਿਆ ਹੈ|
ਵੇਖਣ ਵਿਚ ਆਇਆ ਹੈ ਕਿ ਸਿਰਫ ਤਿਉਹਾਰਾਂ ਦੇ ਮੌਸਮ ਵਿੱਚ ਹੀ ਪ੍ਰਸ਼ਾਸ਼ਨ ਹਰਕਤ ਵਿੱਚ ਆਉਂਦਾ ਹੈ, ਉਸ ਸਮੇਂ ਜਰੂਰ ਸਿਹਤ ਵਿਭਾਗ ਦੀ ਟੀਮ ਵਲੋਂ ਕੁਝ ਦੁਕਾਨਾਂ ਜਾਂ ਰੇਹੜੀਆਂ ਤੋਂ ਖਾਣ ਪੀਣ ਦੀਆਂ ਚੀਜਾਂ ਦੇ ਸੈਂਪਲ ਭਰੇ ਜਾਂਦੇ ਹਨ, ਪਰ ਇਹਨਾਂ ਸੈਂਪਲਾਂ ਦੀ ਜਦੋਂ ਤਕ ਰਿਪੋਰਟ ਆਉਂਦੀ ਹੈ, ਉਦੋਂ ਤਕ ਤਿਉਹਾਰਾਂ ਦਾ ਸੀਜਨ ਵੀ ਖਤਮ ਹੋ ਜਾਂਦਾ ਹੈ ਅਤੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਵਲੋਂ ਵੇਚੀ ਜਾਂਦੀ ਗੈਰਮਿਆਰੀ ਅਤੇ ਨਕਲੀ ਮਿਠਾਈ ਅਤੇ ਹੋਰ ਸਮਾਨ ਲੋਕਾਂ ਦੇ ਪੇਟ ਅੰਦਰ ਜਾ ਚੁੱਕਿਆ ਹੁੰਦਾ ਹੈ| ਇਸ ਤਰ੍ਹਾਂ ਦਾ ਹਾਲ ਹਰ ਸਾਲ ਹੀ ਹੁੰਦਾ ਹੈ| ਤਿਉਹਾਰਾਂ ਦੇ ਸੀਜਨ ਤੋਂ ਬਿਨਾ ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਾਂ ਅਤੇ ਰੇਹੜੀਆਂ ਤੋਂ ਬਹੁਤ ਘੱਟ ਸੈਂਪਲ ਭਰੇ ਜਾਂਦੇ ਹਨ| ਜਿਸ ਕਾਰਨ ਦੁਕਾਨਦਾਰ ਆਪਣੇ ਵੱਧ ਮੁਨਾਫੇ ਲਈ ਗੈਰਮਿਆਰੀ ਅਤੇ ਨਕਲੀ ਮਿਠਾਈ ਅਤੇ ਹੋਰ ਸਮਾਨ ਤਾਂ ਵੇਚਦੇ ਹੀ ਹਨ ਸਗੋਂ ਇਹਨਾਂ ਚੀਜਾਂ ਨੂੰ ਢੱਕਿਆ ਵੀ ਨਹੀਂ ਜਾਂਦਾ ਜਿਸ ਕਰਕੇ ਇਹਨਾਂ ਚੀਜਾਂ ਉਪਰ ਮੱਖੀਆਂ, ਕੀੜੇ ਅਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਮੰਡਰਾਉਂਦੇ ਰਹਿੰਦੇ ਹਨ ਜਿਸ ਕਾਰਨ ਇਹ ਖਾਣ ਪੀਣ ਵਾਲੀਆਂ ਚੀਜਾਂ ਦੂਸ਼ਿਤ ਹੋ ਜਾਂਦੀਆਂ ਹਨ ਪਰ ਇਸ ਤਰ੍ਹਾਂ ਦੀਆਂ ਚੀਜਾਂ ਵੇਚ ਕੇ ਦੁਕਾਨਦਾਰਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਕੀਤਾ ਜਾਂਦਾ ਹੈ|
ਸ਼ਹਿਰ ਵਿੱਚ ਥਾਂ ਥਾਂ ਕੁਲਚੇ ਛੋਲੇ ਵੇਚਣ ਵਾਲੇ, ਨਿਊਟਰੀ ਚਾਵਲ ਤੇ ਰਾਜਮਾਹ ਵੇਚਣ ਵਾਲੇ ਅਤੇ ਹੋਰ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਆਪਣਾ ਅੱਡਾ ਬਣਾ ਕੇ ਬੈਠੇ ਹਨ, ਜਿਹਨਾਂ ਵਲੋਂ ਸਫਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਪਰ ਲੋਕ ਸਸਤੇ ਦੇ ਲਾਲਚ ਵਿੱਚ ਇਹਨਾਂ ਕੋਲ ਆ ਜਾਂਦੇ ਹਨ| ਇਸ ਤਰ੍ਹਾਂ ਗੈਰਮਿਆਰੀ ਸਮਾਨ ਖਾ ਕੇ ਲੋਕ ਬਿਮਾਰ ਹੋ ਰਹੇ ਹਨ ਪਰ ਇਸ ਤਰ੍ਹਾਂ ਦਾ ਗੈਰਮਿਆਰੀ ਤੇ ਅਣਢਕਿਆ ਸਮਾਨ ਵੇਚਣ ਤੋਂ ਰੋਕਣ ਲਈ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਨਾਂਹ ਦੇ ਬਰਾਬਰ ਹੈ|
ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਥਾਂ ਥਾਂ ਵਿਕ ਰਿਹਾ ਖਾਣ ਪੀਣ ਦਾ ਗੈਰਮਿਆਰੀ, ਅਣਢਕਿਆ ਤੇ ਨਕਲੀ ਸਮਾਨ ਬੰਦ ਕਰਵਾਇਆ ਜਾਵੇ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਫਾਈ ਆਦਿ ਪੂਰੀ ਤਰਾਂ ਰੱਖਣ ਲਈ ਪਾਬੰਦ ਬਣਾਇਆ ਜਾਵੇ|

Leave a Reply

Your email address will not be published. Required fields are marked *