ਸ਼ਹਿਰ ਵਿੱਚ ਸ਼ਰ੍ਹੇਆਮ ਚਲ ਰਿਹਾ ਹੈ ਜੂਏ ਅਤੇ ਸੱਟੇਬਾਜੀ ਦਾ ਬਾਜਾਰ ਲਾਟਰੀ ਦੀਆਂ ਦੁਕਾਨਾਂ ਤੇ ਪਿਛਲੇ ਪਾਸੇ ਬਾਕਾਇਦਾ ਟੇਬਲ ਲਗਾ ਕੇ ਖਿਡਾਇਆ ਜਾ ਰਿਹਾ ਹੈ ਜੂਆ, ਧੜੱਲੇ ਨਾਲ ਲਿਖੀਆ ਜਾਂਦੀਆਂ ਹਨ ਸੱਟੇ ਦੀਆਂ ਪਰਚੀਆਂ, ਜਿਲ੍ਹਾ ਪੁਲੀਸ ਬੇਖਬਰ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 9 ਫਰਵਰੀ

ਸ਼ਹਿਰ ਵਿਚ ਚਲਦੀਆਂ ਕੰਪਿਊਟਰ ਲਾਟਰੀ ਦੀਆਂ ਦੁਕਾਨਾਂ ਵਿੱਚੋਂ ਜਿਆਦਾਤਰ ਦੁਕਾਨਾਂ ਵਿੱਚ ਇਸ          ਵੇਲੇ ਲਾਟਰੀ ਦੇ ਨਾਲ ਨਾਲ ਜੂਏ ਅਤੇ ਸੱਟੇਬਾਜੀ ਦਾ ਬਾਜਾਰ ਵੀ ਚਲ ਰਿਹਾ ਹੈ ਅਤੇ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਜੂਏ ਅਤੇ ਸ਼ਰ੍ਹੇਆਮ ਚਲਦੀਆਂ ਸੱਟੇਬਾਜੀ ਦੀਆਂ ਇਹ ਦੁਕਾਨਾਂ ਲਗਾਤਾਰ ਵੱਧ ਰਹੀਆਂ ਹਨ| ਸਥਾਨਕ ਫੇਜ਼ 6 ਵਿੱਚ ਘੱਟੋ ਘੱਟ ਦੋ ਸ਼ੋ ਰੂਮਾਂ ਅਤੇ ਇੱਕ ਬੂਥ ਤੋਂ ਇਲਾਵਾ ਫੇਜ਼ 1, ਕਮਲਾ ਮਾਰਕੀਟ, ਬਲੌਂਗੀ ਅਤੇ ਫੇਜ਼ 11 ਵਿੱਚ ਵੀ ਇਹਨਾਂ          ਸੱਟੇਬਾਜਾਂ ਦੇ ਪੱਕੇ ਟਿਕਾਣੇ ਕਾਇਮ ਹੋ ਚੁੱਕੇ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ ਰੱਖਣ ਦਾ ਦਾਅਵਾ ਕਰਨ ਵਾਲੀ ਮੁਹਾਲੀ ਪੁਲੀਸ ਦੇ ਐਸ ਐਸ ਪੀ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਤਕ ਨਹੀਂ ਹੈ ਅਤੇ ਉਹ ਕਹਿੰਦੇ ਹਨ ਕਿ ਇਸ ਸੰਬੰਧੀ ਉਹਨਾਂ ਕੋਲ ਅੱਜ ਤਕ ਇੱਕ ਵੀ ਸ਼ਿਕਾਇਤ ਨਹੀਂ ਆਈ ਹੈ|
ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵਲੋਂ ਪ੍ਰਵਾਨਿਤ ਕੰਪਿਊਟਰ ਲਾਟਰੀ ਦੀਆਂ ਦੁਕਾਨਾਂ ਚਲ ਰਹੀਆਂ ਹਨ ਪਰੰਤੂ ਇਸ ਤਰੀਕੇ ਨਾਲ ਖੁੱਲੇ ਆਮ ਜੂਆ ਖਿਡਾਉਣ ਅਤੇ ਸੱਟਾ ਲਗਾਉਣ ਦੀ ਕਾਰਵਾਈ ਪਹਿਲਾਂ ਕਦੇ ਵੀ ਚਰਚਾ ਵਿੱਚ ਨਹੀਂ ਆਈ| ਸੱਟਾ ਖਿਡਾਉਣ ਵਾਲੀਆਂ ਇਹਨਾਂ ਦੁਕਾਨਾਂ ਵਲੋਂ ਭਾਵੇਂ ਸਾਮ੍ਹਣੇ ਖੁੱਲੇ ਵਿੱਚ ਲਾਟਰੀਆਂ ਵਾਲੇ ਕੰਪਿਊਟਰ ਹੀ ਰਖੇ ਗਏ ਹਨ ਅਤੇ ਉੱਪਰੀ ਨਜਰ ਨਾਲ ਇਹ ਲਾਟਰੀ ਦੀਆਂ ਦੁਕਾਨਾਂ ਹੀ ਲੱਗਦੀਆਂ ਹਨ ਪਰੰਤੂ ਇਸਦੇ ਨਾਲ ਹੀ ਕਾਲੇ ਸ਼ੀਸ਼ੇ ਵਾਲੇ ਦਰਵਾਜੇ ਲਗਾ ਕੇ ਪਿਛਲੇ ਪਾਸੇ ਜੂਏ ਅਤੇ           ਸੱਟੇਬਾਜੀ ਦਾ ਇਹ ਕਾਰੋਬਾਰ ਚਲਾਇਆ ਜਾ ਰਿਹਾ ਹੈ| ਇਹਨਾਂ ਦੁਕਾਨਾਂ ਵਿੱਚ ਦਿੱਲੀ, ਗਾਜੀਆਬਾਦ ਅਤੇ ਮੁੰਬਈ ਵਿੰਚ ਨਿਕਲਣ ਵਾਲੇ ਸੱਟੇ ਦੇ ਡ੍ਰਾਅ ਦੇ ਆਧਾਰ ਤੇ ਸੱਟਾ            ਖੇਡਣ ਦੇ ਚਾਹਵਾਨਾਂ ਤੋਂ ਰਕਮਾਂ ਲੈ ਕੇ ਉਹਨਾਂ ਨੂੰ ਪਰਚੀਆਂ ਕੱਟ ਕੇ ਦੇ ਦਿੱਤੀਆਂ ਜਾਂਦੀਆਂ ਹਨ ਅਤੇ             ਸੱਟੇ ਦੇ ਸਮੇਂ ਸਮੇਂ ਤੇ ਨਿਕਲਣ ਵਾਲੇ ਡ੍ਰਾਅ ਦੇ ਨੰਬਰਾਂ ਦੇ ਚਾਰਟ ਵੀ ਇਹਨਾਂ ਦੁਕਾਨਾਂ ਦੀਆਂ ਦੀਵਾਰਾਂ ਤੇ ਚਿਪਕਾਏ ਹੋਏ ਹਨ| ਜੇਕਰ ਸੱਟਾ ਲਗਾਉਣ ਵਾਲੇ ਵਿਅਕਤੀ ਦਾ ਨੰਬਰ ਡ੍ਰਾਅ ਵਿੱਚ ਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਉਸਦੀ ਰਕਮ ਦਾ 85 ਗੁਨਾ ਤਕ ਅਦਾ ਕੀਤਾ ਜਾਂਦਾ ਹੈ| ਇਸੇ ਤਰ੍ਹਾਂ ਇਹਨਾਂ ਦੁਕਾਨਾਂ ਵਿੱਚ ਇੱਕ ਵੱਡਾ ਟੇਬਲ ਲਗਾ ਕੇ ਅਤੇ ਉਸ ਉੱਪਰ ਵੱਖ ਵੱਖ ਖਾਨੇ (ਕੁਲ 12) ਬਣਾ ਕੇ ਅਤੇ ਇਹਨਾਂ ਖਾਨਿਆਂ ਵਿੱਚ ਵੱਖੋਂ ਵੱਖਰੀਆਂ ਤਸਵੀਰਾਂ ਰੱਖ ਕੇ ਇਹਨਾਂ ਤਸਵੀਰਾਂ ਤੇ ਦਾਅ ਲਵਾਇਆ ਜਾਂਦਾ ਹੈ| ਜੂਆ ਖਿਡਾਉਣ ਵਾਲੇ ਵਿਅਕਤੀ ਵਲੋਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮੌਕੇ ਤੇ ਹੀ ਇੱਕ ਸਕ੍ਰੈਚ ਕਾਰਡ ਨੂੰ ਖੁਰਚ ਕੇ ਡ੍ਰਾਅ ਕੱਢਿਆ ਜਾਂਦਾ ਹੈ| ਇਸ ਸਕ੍ਰੈਚ ਕਾਰਡ ਉੱਪਰ ਇੱਕ ਤਸਵੀਰ ਛਪੀ ਹੁੰਦੀ ਹੈ ਜਿਹੜੀ ਟੇਬਲ ਤੇ ਬਣੇ 12 ਖਾਨਿਆਂ ਵਿੱਚ ਪਈਆਂ ਤਸਵੀਰਾਂ ਵਿੱਚੋਂ ਕਿਸੇ ਨਾ ਕਿਸੇ ਤਸਵੀਰ ਨਾਲ ਮਿਲਦੀ ਹੁੰਦੀ ਹੈ | ਇਸ ਮੌਕੇ ਜਿਹਨਾਂ ਵਿਅਕਤੀਆਂ ਨੇ ਸਕ੍ਰੈਚ ਕਾਰਡ ਵਾਲੀ ਤਸਵੀਰ ਵਾਲੇ ਖਾਨੇ ਤੇ ਦਾਅ ਲਗਾਇਆ ਹੁੰਦਾ ਹੈ ਉਹਨਾਂ ਨੂੰ ਮੌਕੇ ਤੇ ਹੀ ਉਹਨਾਂ ਦੀ ਰਕਮ ਦਾ 10 ਗੁਨਾ ਰਕਮ ਦੇ ਦਿੱਤੀ ਜਾਂਦੀ ਹੈ ਅਤੇ ਬਾਕੀ ਦੇ ਖਾਨਿਆਂ ਵਾਲਿਆਂ ਦੇ ਪੈਸੇ ਜੂਆ ਖਿਡਾਉਣ ਵਾਲਾ ਰੱਖ ਲੈਂਦਾ ਹੈ|
ਇਸ ਪੱਤਰਕਾਰ ਵਲੋਂ ਖੁਦ ਜਾ ਕੇ ਅਜਿਹੀਆਂ ਥਾਵਾਂ ਵੇਖੀਆਂ ਗਈਆਂ ਅਤੇ ਪਾਇਆ ਕਿ ਫੇਜ਼ 6 ਵਿੱਚ ਸਥਿਤ ਸ਼ੋ ਰੂਮ ਨੰਬਰ 12, ਸ਼ੋ ਰੂਮ ਨੰਬਰ 19 ਤੋਂ ਇਲਾਵਾ ਸ਼ਿਵਾਲਿਕ ਸਕੂਲ ਦੇ ਮੋੜ ਨੇੜੇ ਕੋਨ ਵਾਲ ਇੱਕ ਬੂਥ (ਜਿਸਦਾ ਨੰਬਰ ਉੱਪਰ ਲਿਖਿਆ ਨਹੀਂ ਸੀ ਅਤੇ ਉਸਦੇ ਨਾਲ ਵਾਲੀ ਦੁਕਾਨ ਤੇ ਬੂਥ ਨੰਬਰ 74 ਦਾ ਬੋਰਡ ਸੀ) ਤੋਂ ਇਲਾਵਾ ਗਾਇਤਰੀ ਮੰਦਰ ਦੇ ਬਿਲਕੁਲ ਸਾਮ੍ਹਣੇ ਪੈਂਦੇ ਫੇਜ਼ 1 ਦੇ ਬੂਥਾਂ ਵਿੱਚ ਚਲ ਰਹੀਆਂ ਦੋ ਦੁਕਾਨਾਂ ਵਿੱਚ ਸ਼ਰੇਆਮ ਸੱਟੇਬਾਜੀ ਦੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ| ਇਸਤੋਂ ਇਲਾਵਾ                   ਸੱਟੇਬਾਜੀ ਦੇ ਇਸ ਕਾਰੋਬਾਰ ਦੇ ਕਮਲਾ ਮਾਰਕੀਟ ਫੇਜ਼ 1, ਬਲੌਂਗੀ ਅਤੇ ਫੇਜ਼ 11 ਵਿੱਚ ਬਣੀਆਂ ਲਾਟਰੀ ਦੀਆਂ ਦੁਕਾਨਾਂ ਵਿੱਚ ਚਲਾਏ ਜਾਣ ਦੀ ਵੀ ਜਾਣਕਾਰੀ ਹਾਸਿਲ ਹੋਈ ਹੈ|
ਇਸ ਸੰਬੰਧੀ ਫੇਜ਼ 6 ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਗੱਲ ਕਰਨ ਤੇ ਕਿਹਾ ਕਿ ਉਹਨਾਂ ਵਲੋਂ ਫੇਜ਼ 6 ਵਿੱਚ ਸ਼ਰ੍ਹੇਆਮ ਚਲਾਏ ਜਾ ਰਹੇ ਜੂਏ ਅਤੇ ਸੱਟੇਬਾਜੀ ਦੇ ਇਸ ਕਾਰੋਬਾਰ ਬਾਰੇ ਖੁਦ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰੰਤੂ ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਕਿਹਾ ਕਿ ਸੱਟਾ ਲਗਾਉਣ ਵਾਲੇ ਸਾਫ ਕਹਿੰਦੇ ਹਨ ਕਿ ਜਿੱਥੇ ਮਰਜੀ ਸ਼ਿਕਾਇਤ ਕਰ ਲਓ ਉਹਨਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ| ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸੱਟੇਬਾਜਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਇਹ ਜਾਹਿਰ ਹੁੰਦਾ ਹੈ ਕਿ ਇਹ ਸਭ ਕੁੱਝ ਪੁਲੀਸ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਸੱਟੇ ਅਤੇ ਜੂਏ ਦੇ ਇਸ ਕਾਲੇ ਕਾਰੋਬਾਰ ਤੇ ਰੋਕ ਲਗਾਉਣ ਲਈ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ|
ਹੈਰਾਨੀ ਦੀ ਹੀ ਗੱਲ ਹੈ ਕਿ ਸ਼ਹਿਰ ਵਿੱਚ ਸ਼ਰ੍ਹੇਆਮ ਚਲਾਏ ਜਾ ਰਹੇ ਜੂਏ ਅਤੇ ਸੱਟੇ ਦੇ ਇਸ ਕਾਲੇ ਕਾਰੋਬਾਰ (ਜਿਸ ਉੱਪਰ ਰੋਜਾਨਾਂ ਲੱਖਾਂ ਦੇ ਵਾਰੇ ਨਿਆਰੇ ਹੁੰਦੇ ਹਨ) ਬਾਰੇ ਸ਼ਹਿਰ ਦੀ ਪੁਲੀਸ ਫੋਰਸ ਨੂੰ ਕੋਈ ਜਾਣਕਾਰੀ ਨਹੀਂ ਹੈ| ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਹਿਲ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਹੁਣ ਤਕ ਉਹਨਾਂ ਨੂੰ ਕਿਸੇ ਵਲੋਂ ਕੋਈ ਸ਼ਿਕਾਇਤ ਮਿਲੀ ਹੈ| ਹਾਲਾਂਕਿ ਉਹਨਾਂ ਕਿਹਾ ਕਿ ਉਹ ਆਪਣੇ ਪੱਧਰ ਤੇ ਇਸਦੀ ਜਾਂਚ ਕਰਵਾਉਣਗੇ ਅਤੇ ਇਸ ਸੰਬੰਧੀ ਪੁਲੀਸ ਵਲੋਂ ਛਾਪੇਮਾਰੀ ਕਰਕੇ ਇਸ ਕਾਰੋਬਾਰ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇਗਾ ਅਤੇ ਅਜਿਹੀ ਕਿਸੇ ਵੀ ਕਾਰਵਾਈ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *